Monday, July 8, 2024

ਗਿ: ਗੁਰਬਚਨ ਸਿੰਘ ਨੇ ਹੈਦਰਾਬਾਦ ਵਾਪਰੀ ਮੰਦਭਾਗੀ ਘਟਨਾ ‘ਤੇ ਪ੍ਰਗਟਾਇਆ ਗਹਿਰਾ ਦੁੱਖ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੋ ਮੈਂਬਰੀ ਜਾਂਚ ਕਮੇਟੀ ਹੈਦਰਾਬਾਦ ਪੁੱਜੀ

PPN150508

ਅੰਮ੍ਰਿਤਸਰ, 15 ਮਈ (ਪ੍ਰੀਤਮ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਹੈਦਰਾਬਾਦ ਵਿਖੇ ਦੋ ਫਿਰਕਿਆਂ ਵਿਚਕਾਰ ਵਾਪਰੀਆਂ ਮੰਦਭਾਗੀਆਂ ਘਟਨਾਵਾਂ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਸਮੂੰਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੂਰੀ ਤਰ੍ਹਾਂ ਸ਼ਾਂਤੀ ਬਣਾਈ ਰੱਖਣ ਅਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਾਨੂੰਨੀ ਸਜਾ ਦਿਵਾਉਣ ਲਈ ਯਤਨ ਕਰਨ। ਜਾਰੀ ਇੱਕ ਬਿਆਨ ਰਾਹੀਂ ਗਿਆਨੀ ਗੁਰਬਚਨ ਸਿੰਘ ਜੀ ਨੇ ਆਂਧਰਾ ਪ੍ਰਦੇਸ਼ ਦੇ ਸ਼ਹਿਰ ਹੈਦਰਾਬਾਦ ਸਥਿਤ ਇਲਾਕਾ ਕਿਸ਼ਨਬਾਗ ਵਿਚ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਨ ਅਤੇ ਨਿਸ਼ਾਨ ਸਾਹਿਬ ਨੂੰ ਸਾੜਨ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਲੋਕ ਕਿਸੇ ਸਾਜਿਸ਼ ਤਹਿਤ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਸਮਾਜ ਵਿਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ ਕਰਦੇ ਹਨ, ਜਿਨ੍ਹਾਂ ਤੋਂ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੇ ਝੰਡੇ-ਬੁੰਗੇ ਵਜੋਂ ਜਾਣੇ ਜਾਂਦੇ ਪਵਿੱਤਰ ਨਿਸ਼ਾਨ ਸਾਹਿਬ ਸਿੱਖ ਪੰਥ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੁੰਦੇ ਹਨ ਅਤੇ ਇਹਨਾਂ ਦੀ ਬੇਅਦਬੀ ਸਿੱਖ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਭਾਂਵੇ ਇਹ ਮੰਦਭਾਗੀ ਘਟਨਾ ਅਸਹਿ ਹੈ ਪਰ ਗੁਰੂ ਸਾਹਿਬ ਨੇ ਜਿਹੜਾ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ ਉਸਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਸਰਬ-ਸਾਂਝੀ ਵਾਲਤਾ ਦਾ ਪ੍ਰਤੀਕ ਹੈ ਅਤੇ ਕਦੇ ਵੀ ਕਿਸੇ ਨਾਲ ਵੈਰ-ਵਿਰੋਧ, ਦਵੈਧ ਆਦਿ ਨਾਲ ਪੇਸ਼ ਨਹੀਂ ਆਇਆ ਪਰ ਜੁਲਮ ਤੇ ਜਾਲਮ ਨਾਲ ਹਮੇਸ਼ਾ ਹੀ ਟੱਕਰ ਲੈਣਾ ਆਪਣਾ ਫਰਜ਼ ਸਮਝਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਨੇ ਮੁਸਲਿਮ, ਹਿੰਦੂ, ਇਸਾਈ ਜਾਂ ਕਿਸੇ ਹੋਰ ਸੰਪਰਦਾ ਦੇ ਲੋਕਾਂ ਨਾਲ ਕਦੇ ਵੀ ਕਿਸੇ ਕਿਸਮ ਦੀ ਦੁਸ਼ਮਨੀ ਨਹੀਂ ਰੱਖੀ ਪਰ ਆਪਣੇ ਧਾਰਮਿਕ ਅਸਥਾਨਾਂ ਦੀ ਰੱਖਿਆ ਲਈ ਹਰ ਪ੍ਰਕਾਰ ਦੀਆਂ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਹੈਦਰਾਬਾਦ ਵਿਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਵਿਅਕਤੀਆਂ ਦੇ ਪ੍ਰੀਵਾਰਾਂ ਨਾਲ ਉਨ੍ਹਾਂ ਦੀ ਪੂਰੀ ਹਮਦਰਦੀ ਹੈ ਅਤੇ ਫੱਟੜਾਂ ਦੀ ਜਲਦੀ ਸਿਹਤਯਾਬੀ ਦੀ ਉਹ ਕਾਮਨਾ ਕਰਦੇ ਹਨ। ਉਨ੍ਹਾਂ ਹੈਦਰਾਬਾਦ ਦੇ ਸਿੱਖਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਸਿੱਖ ਵੱਧ ਤੋਂ ਵੱਧ ਬੇਨਤੀ ਚੌਪਈ ਸਾਹਿਬ ਦੇ ਪਾਠ ਕਰੇ ਅਤੇ ਪ੍ਰਸ਼ਾਸਨ ਨੂੰ ਅਸਲ ਦੋਸ਼ੀਆਂ ਤੱਕ ਪੁੱਜਣ ਲਈ ਹਰ ਪ੍ਰਕਾਰ ਦਾ ਸਹਿਯੋਗ ਕਰੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਮਰਯਾਦਾ ਤੇ ਪ੍ਰੰਪਰਾਵਾਂ ਨੂੰ ਬਹਾਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਫ਼ਤਰ ਇੰਚਾਰਜ਼ ਸ੍ਰ: ਭੁਪਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਜਾਂਚ ਕਮੇਟੀ ਪੁੱਜ ਚੁੱਕੀ ਹੈ, ਜਿਹੜੀ ਜਲਦੀ ਹੀ ਸਾਰੇ ਹਲਾਤਾਂ ਦਾ ਜਾਇਜਾ ਲੈ ਕੇ ਰਿਪੋਰਟ ਸੋਂਪੇਗੀ ਤਾਂ ਕਿ ਅਗਲੇਰੀ ਕਾਰਵਾਈ ਕੀਤੀ ਜਾ ਸਕੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply