Saturday, May 18, 2024

ਕਾਹਦੀ ਇਹ ਅਜ਼ਾਦੀ

ਦਮ ਘੁੱਟਦਾ ਜਾਂਦਾ ਹੈ, ਦੋਸਤੋ ਕਾਹਦੀ ਇਹ ਅਜ਼ਾਦੀ!
ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!!

ਸ਼ਹੀਦਾਂ ਦੇ ਸੁਪਨਿਆਂ ਨੂੰ, ਅਸੀਂ ਕਰ ਨਾ ਸਕੇ ਪੂਰੇ!
ਕਰੀ ਮਿਹਨਤ ਪੂਰੀ ਐ, ਫਿਰ ਵੀ ਰਹਿਗੇ ਚਾਅ ਅਧੂਰੇ!!
ਕੀਤੀ ਕਿਰਤ ਜੋ ਹੱਕ ਦੀ ਸੀ, ਓਹੋ ਸਾਰੀ ਵਿਹਲੜਾਂ ਖਾਧੀ,
ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!!

ਨਿਤ ਵਧਦੇ ਰੇਟਾਂ ਨੇ, ਲੋਕਾਂ ਦੇ ਨੱਕ `ਚ ਦਮ ਹੈ ਕੀਤਾ!
ਪਰ ਵਿਹਲੜ ਲੋਕਾਂ ਨੇ, ਰਲ ਮਿਲ ਖੂਨ ਕਾਮੇ ਦਾ ਪੀਤਾ!!
ਰਹਿ ਦਿਲ ਦੀਆਂ ਦਿਲ ਗਈਆਂ, ਕਿਉਂਕਿ ਸੁਣਦਾ ਨਹੀ ਕੋਈ ਸਾਡੀ,
ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!!

ਵਾਗਡੋਰ ਦੇਸ਼ ਦੀ ਨੂੰ, ਸਾਂਭੀ ਬੈਠੇ ਅਮੀਰ ਘਰਾਣੇ!
ਹੱਕ ਮੰਗਣ ਵਾਲਿਆਂ ਨੂੰ, ਅਜਕਲ੍ਹ ਡੱਕ ਦਿੰਦੇ ਨੇ ਥਾਣੇ!!
ਪਾ ਝੂਠੇ ਕੇਸਾਂ ਨੂੰ, ਸਾਬਤ ਕਰ ਦੇਵਣ ਅਪਰਾਧੀ,
ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!!

ਕਾਰਪੋਰੇਟ ਘਰਾਣਿਆਂ ਕੋਲ, ਆਪਣਾ ਦੇਸ਼ ਪਿਆ ਹੈ ਗਹਿਣੇ!
ਹੰਭਲਾ ਮਾਰੋਂ ਰਲ ਮਿਲ ਜੇ, ਸਾਥੀਓ ਇਹ ਦਿਨ ਨਹੀ ਰਹਿਣੇ!!
ਧੁੱਖ ਝੱਲਣ ਲਈ ਉਮਰਾਂ ਦੇ, ਕਿਧਰੇ ਹੋ ਨਾ ਜਾਇਓ ਆਦੀ,
ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!!

ਹੱਥ ਉਤੇ ਹੱਥ ਰੱਖ ਕੇ, ਕਦੇ ਵੀ ਹੱਕ ਨਹੀ ਲਏ ਜਾਣੇਂ!
ਇਹ ਗੱਲਾਂ ਖਰੀਆਂ ਨੇ, ਸੱਚੀਆਂ ਕਹਿਗੇ ਲੋਕ ਸਿਆਣੇ!!
ਸਾਥ ਦਿਓ ਸਚਾਈ ਦਾ, ਲਾ ਕੇ ਬੈਠੇ ਕਿਉਂ ਸਮਾਧੀ,
ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!!

ਜੋ ਹੱਕ ਲਈ ਲੜਦਾ ਨਾ, ਓਹ ਕਾਹਦਾ ਜੱਗ `ਤੇ ਆਇਆ?
ਇਕਮੁੱਠ ਹੋ ਉਠਣਾ ਪਊ, ਤੁਹਾਨੂੰ ਬਹੁਤ ਵਾਰ ਸਮਝਾਇਆ!!
ਉਠੋ ਰਲੋ ਕਾਫਲੇ ਨਾਲ, ਨਹੀਂ ਤਾਂ ਰਹਿ ਜਾਵੋਂਗੇ ਫਾਡੀ,
ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!!

ਗੱਲਾਂ ਦੱਦਾਹੂਰੀਏ ਨੇ ਲਿਖੀਆਂ, ਮੰਨੋ ਨਾ ਮੰਨੋ ਤੁਹਾਡੀ ਮਰਜ਼ੀ!
ਕਹੀਆਂ ਸਾਰੀਆਂ ਮਨ ਵਿਚੋਂ,ਲਿਖੀ ਇਕ ਵੀ ਨਹੀ ਐਂ ਫਰਜ਼ੀ!!
ਬੱਚਾ ਦੁੱਧ ਨਹੀ ਲੈ ਸਕਦਾ, ਮਾਂ ਤੋਂ, ਬਣੇ ਬਿਨਾਂ ਫਰਿਆਦੀ,
ਹੋਗੇ ਕਹੱਤਰ ਸਾਲ ਪੂਰੇ, ਸਾਡੇ ਪੱਲੇ ਪਈ ਬਰਬਾਦੀ!!

Jasveer Shrma Dadahoor 94176-22046

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ -94176-22046

Check Also

ਜਿਲ੍ਹਾ ਚੋਣ ਅਧਿਕਾਰੀ ਨੇ ਲੋਕ ਸਭਾ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡੇ – 30 ਉਮੀਦਵਾਰ ਚੋਣ ਮੈਦਾਨ ‘ਚ

ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ 02 ਹਲਕੇ ਲਈ ਚੋਣ ਲੜ ਰਹੇ ਉਮੀਦਵਾਰਾਂ ਨੂੰ …

Leave a Reply