Friday, April 26, 2024

ਖੰਨਾ ਦੀ ਅਗਵਾਈ `ਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਣਦੀਪ ਦਿਓਲ ਦੀ ਹੋਈ ਤਾਜ਼ਪੋਸ਼ੀ

ਅਸ਼ਵਨੀ ਸ਼ਰਮਾ, ਢਿਲੋਂ, ਬੀਬੀ ਨੌਲੱਖਾ, ਚੀਮਾ ਸਮੇਤ ਕਈ ਵੱਡੇ ਆਗੂ ਪੁੱਜੇ

ਸੰਗਰੂਰ, 9 ਜਨਵਰੀ (ਜਗਸੀਰ ਲੌਂਗੋਵਾਲ) – ਅੱਜ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਸੰਗਰੂਰ ਦੇ ਨਵ ਨਿਯੁੱਕਤ ਪ੍ਰਧਾਨ ਰਣਦੀਪ ਸਿੰਘ ਦਿਓਲ ਦਾ ਤਾਜ਼ਪੋਸ਼ੀ ਸਮਾਗਮ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਅਗਵਾਈ ਹੇਠ ਸਥਾਨਕ ਰਿਜ਼ੋਰਟ ਵਿਖੇ ਹੋਇਆ।ਇਸ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ।ਤਾਜ਼ਪੋਸ਼ੀ ਸਮਾਗਮ ਵਿੱੱਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਕੇਵਲ ਸਿੰਘ ਢਿੱਲੋਂ, ਬੀਬੀ ਸੁਖਵਿੰਦਰ ਕੌਰ ਨੌਲੱਖਾ, ਬਿਕਰਮਜੀਤ ਸਿੰਘ ਚੀਮਾ ਅਤੇ ਦਰਸ਼ਨ ਸਿੰਘ ਨੈਣੇਵਾਲੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਤਾਜਪੋਸ਼ੀ ਸਮਾਗਮ ਨਹੀਂ ਅਹੁੱਦਾ ਸੰਭਾਲ ਸਮਾਰੋਹ ਹੈ, ਜਿਸ ਵਿੱਚ ਬਹੁਤ ਵੱਡੀ ਗਿਣਤੀ ‘ਚ ਲੋਕ ਸ਼ਾਮਲ ਹੋਏ ਹਨ।ਉਨ੍ਹਾਂ ਕਿਹਾ ਕਿ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ, ਜੋ ਅੱਜ ਪੰਜਾਬ ਵਿੱਚ ਫੈਲ ਰਹੀ ਹੈ ਤੇ ਪਿੰਡਾਂ ਵੱਲ ਨੂੰ ਵਧ ਰਹੀ ਹੈ।ਉਨ੍ਹਾਂ ਕਿਹਾ ਕਿ ਦਿਓਲ ਜਿਲ੍ਹਾ ਸੰਗਰੂਰ ਦੇ ਸਮੁੱਚੇ ਆਗੂਆਂ ਨੂੰ ਨਾਲ ਲੈ ਕੇ ਚੱਲਣਗੇ।ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀਆਂ 23 ਸ਼ਹਿਰੀ ਸੀਟਾਂ ‘ਤੇ ਚੋਣਾਂ ਲੜਦੇ ਸੀ, ਉਹ ਵੀ ਸੀਟਾਂ ਸੀ।ਸਰਕਾਰ ਬਣਨ ਤੋਂ ਬਾਅਦ ਵੀ ਭਾਜਪਾ ਨੂੰ ਕੋਈ ਅਹੁੱਦਾ ਨਹੀਂ ਦਿੱਤਾ ਜਾਂਦਾ ਸੀ।ਉਦੋਂ ਸਮੇਂ ਦੀ ਲੋੜ ਸੀ ਕਿਉਂਕਿ ਹਿੰਦੂ ਸਿੱਖ ਏਕਤਾ ਸਮੇਂ ਦੀ ਲੋੜ ਹੁੰਦੀ ਸੀ।ਅਕਾਲੀ ਭਾਜਪਾ ਗਠਜੋੜ ਨੂੰ ਪਹਿਲਾਂ ਨਹੁੰ ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ, ਪਰ ਜਦੋਂ ਭਾਜਪਾ ਨੂੰ ਲੋੜ ਪਈ ਸੀ ਤਾਂ ਉਸ ਸਮੇਂ ਰਿਸ਼ਤਾ ਟੁੱਟ ਗਿਆ, ਪਰ ਸਾਡੇ ਲਈ ਬਹੁਤ ਵਧੀਆ ਹੋਇਆ।ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਮੇਸ਼ਾਂ ਹੀ ਪੰਜਾਬੀਆਂ ਦੇ ਹਿੱਤਾਂ ਦੀ ਗੱਲ ਕੀਤੀ ਹੈ, ਚਾਹੇ ਉਹ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਗੱਲ ਹੋਵੇ ਜਾਂ ਕਾਨੂੰਨਾਂ ਦੀ ਵਾਪਸੀ ਹੋਵੇ ਜਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੌਮੀ ਪੱਧਰ ਤੇ ਯਾਦ ਕਰਨਾ।
ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਪੰਜਾਬ ਸਰਕਾਰ ‘ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਗਰੰਟੀਆਂ ਦੇ ਰੂਪ ਵਿੱਚ ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚੋਂ ਅੱਜ ਤੱਕ ਇੱਕ ਵਾਅਦਾ ਵੀ ਪੂਰਾ ਨਹੀਂ ਕੀਤਾ, ਨਾ ਤਾਂ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ ਹਜ਼ਾਰ ਰੁਪਏ ਪ੍ਰਤੀ ਮਹੀਨਾ ਆਉਣ ਲੱਗਾ ਹੈ, ਨਾ ਹੀ ਕਿਸੇ ਬੇਰੁਜ਼ਗਾਰ ਨੂੰ ਨੌਕਰੀ ਦਿੱਤੀ ਗਈ ਹੈ। ਉਲਟਾ ਸਰਕਾਰ ਨੇ ਬਗੈਰ ਕੰਮ ਤੋਂ ਆਪਣੀ ਫੋਕੀ ਵਾਹੀ ਵਾਹੀ ਖੱਟਣ ਲਈ ਕਰੋੜਾਂ ਇਸ਼ਤਿਹਾਰਾਂ ‘ਤੇ ਲਾਏ ਹਨ।ਪੰਜਾਬ ਪ੍ਰਦਰਸ਼ਨਾਂ ਦਾ ਗੜ੍ਹ ਬਣ ਚੁੱਕਿਆ ਹੈ, ਹਰ ਪਾਸੇ ਲੋਕਾਂ ਦੀ ਹਾਹਾਕਾਰ ਹੈ।ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦਾ ਵੱਡਾ ਖ਼ਤਰਾ ਲੱਗਣ ਲੱਗਿਆ ਹੈ, ਹਰ ਪਾਸੇ ਕਤਲੋ ਗਾਰਤ ਦਾ ਮਾਹੌਲ ਹੈ।ਜਿਲ੍ਹਾ ਪ੍ਰਧਾਨ ਰਣਦੀਪ ਦਿਓਲ ਨੇ ਅਰਵਿੰਦ ਖੰਨਾ ਤੇ ਸਮੂਹ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਕਪਿਲਦੇਵ ਗਰਗ, ਗੁਰਮੀਤ ਸਿੰਘ ਕਾਕਾ ਪ੍ਰਧਾਨ ਟੱਰਕ ਯੂਨੀਅਨ ਸੰਗਰੂਰ, ਵਿਪਨ ਸ਼ਰਮਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ, ਰਾਏ ਸਿੰਘ ਬਖਤੜੀ, ਅਮਰਜੀਤ ਸਿੰਘ ਚੰਨੋਂ ਸਾਬਕਾ ਸਰਪੰਚ, ਬਾਬਾ ਸੂਬਾ ਘਰਾਚੋਂ, ਪਰਮਿੰਦਰ ਸਿੰਘ ਘਰਾਚੋਂ, ਅਮਨ ਝਨੇੜੀ, ਅਮਰਜੀਤ ਸਿੰਘ ਘਾਬਦਾਂ ਬਲਾਕ ਸਮਿਤੀ ਮੈਂਬਰ, ਸਤਵੰਤ ਸਿੰਘ ਪੂਨੀਆ, ਅਮਨਦੀਪ ਸਿੰਘ ਪੂਨੀਆ, ਯਾਦਵਿੰਦਰ ਸ਼ੰਟੀ ਸਾਬਕਾ ਪ੍ਰਧਾਨ ਭਾਜਪਾ ਬਰਨਾਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੂਦਮਨ ਢਿੱਲੋਂ, ਸੰਦੀਪ ਦਾਨੀਆ, ਮਿੰਟੂ ਤੂਰ ਤੇ ਚੰਦਰ ਪ੍ਰਕਾਸ਼ ਆਦਿ ਹਾਜ਼ਰ ਸਨ।

Check Also

ਪੀ.ਏ.ਯੂ- ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਰਾਲ ਆਰਟ ਤਕਨੀਕ ਬਾਰੇ ਪੇਂਡੂ ਸੁਆਣੀਆਂ ਲਈ ਸਿਖਲਾਈ ਕੋਰਸ

ਸੰਗਰੂਰ, 26 ਅਪ੍ਰੈਲ (ਜਗਸੀਰ ਲੋਂਗੋਵਾਲ) – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ-ਅਟਾਰੀ ਜ਼ੋਨ 1 ਲੁਧਿਆਣਾ ਦੀ …