Tuesday, May 14, 2024

3 ਮਹੀਨਿਆਂ ’ਚ ਸੂਬੇ ਦੇ ਹੁਨਰ ਵਿਕਾਸ ਕੇਂਦਰਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ- ਚੰਨੀ

PPN2308201701ਬਠਿੰਡਾ, 23 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਸਰਕਾਰੀ ਅਤੇ ਗੈਰ ਸਰਕਾਰੀ ਤਕਨੀਕੀ ਕਾਲਜਾਂ ’ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਰੈਗੂਲੇਟਰੀ ਬਾਡੀ (ਨਿਯੰਤਰਕ ਸੰਸਥਾ) ਦਾ ਗਠਨ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਉਪ ਕੁਲਪਤੀਆਂ ਦੀ ਵਿਸ਼ੇਸ਼ ਬੈਠਕ 25 ਅਗਸਤ ਨੂੰ ਚੰਡੀਗੜ ਵਿਖੇ ਬੁਲਾਈ ਗਈ ਹੈ।ਚੰਨੀ ਪੰਜਾਬ ਸਰਕਾਰ ਦੁਆਰਾ ਸੂਬੇ ਭਰ ’ਚ ਕਰਵਾਏ ਜਾ ਰਹੇ 11 ਦਿਨੀਂ ਰੁਜ਼ਗਾਰ ਮੇਲੇ ਤਹਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਆਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਇਹ ਰੈਗੂਲੇਟਰੀ ਬਾਡੀ ਨਾ ਸਿਰਫ਼ ਤਕਨੀਕੀ ਕਾਲਜਾਂ ਦੀ ਸਿੱਖਿਆ ਬਲਕਿ ਉਥੇ ਮੌਜੂਦ ਬੁਨਿਆਦੀ ਢਾਂਚੇ, ਅਧਿਆਪਕਾਂ ਦੀ ਯੋਗਤਾ, ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸੇਵਾਵਾਂ ਆਦਿ ਸਬੰਧੀ ਸਰਵੇ ਕਰਨਗੇ। ਰੁਜ਼ਗਾਰ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਨੌਜਵਾਨਾਂ ਵਲੋਂ ਇਨਾਂ ਮੇਲਿਆਂ ਨੂੰ ਵੱਡਾ ਹੁੰਗਾਰਾ ਮਿਲਿਆ ਹੈ।ਇਨਾਂ ਰੁਜ਼ਗਾਰ ਮੇਲਿਆਂ ਲਈ 4 ਲੱਖ ਤੋਂ ਵੱਧ ਨੌਜਵਾਨਾਂ ਨੇ 21 ਕੇਂਦਰਾਂ ਤੋਂ ਵੱਖ-ਵੱਖ ਨੌਕਰੀਆਂ ਲਈ ਫਾਰਮ ਭਰੇ ਹਨ।ਉਨਾਂ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਦਾ ਮੁੱਖ ਉਦੇਸ਼ ਘੱਟੋਂ ਘੱਟ 50000 ਨੌਕਰੀਆਂ ਪ੍ਰਦਾਨ ਕਰਨਾ ਹੈ।ਇਸ ਮੇਲੇ ’ਚ ਦੇਸ਼ ਦੀਆਂ 900 ਕੰਪਨੀਆਂ ਨੂੰ ਪੰਜਾਬ ਬੁਲਾਇਆ ਗਿਆ ਹੈ ਤਾਂ ਜੋ ਸਾਡੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਦੇ ਮੌਕੇ ਮਿਲ ਸਕਣ। ਉਨਾਂ ਦੱਸਿਆ ਕਿ ਵੈਬ ਪੋਰਟਲ ਬਣਾਇਆ ਗਿਆ ਹੈ, ਜਿਥੇ ਵਿਦਿਆਰਥੀ ਘਰ ਬੈਠੇ ਹੀ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਚੰਨੀ ਨੇ ਕਿਹਾ ਕਿ ਇਸ ਤੋਂ ਬਾਅਦ ਸਵੈ-ਰੁਜ਼ਗਾਰ ਸਬੰਧੀ ਮੇਲੇ ਵੀ ਲਗਾਏ ਜਾਣਗੇ ਜਿਸ ’ਚ ਉਹ ਨੌਜਵਾਨ ਭਾਗ ਲੈ ਸਕਦੇ ਹਨ ਜਿਹੜੇ ਕਿ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ।
ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਸੂਬੇ ’ਚ ਹੁਨਰ ਵਿਕਾਸ ਕੇਂਦਰਾਂ ਦੀ ਇਮਾਰਤ ਬਣਾਈ ਗਈ ਸੀ ਪਰੰਤੂ ਕਈ ਥਾਵਾਂ ’ਤੇ ਇਹ ਕੇਂਦਰ ਅਧਿਆਪਕਾਂ, ਬੁਨਿਆਦੀ ਢਾਂਚੇ ਦੀ ਘਾਟ ਕਾਰਨ ਚਲ ਨਹੀਂ ਸਕੇ।ਉਨਾਂ ਕਿਹਾ ਕਿ ਅਗਲੇ 3 ਮਹੀਨਿਆਂ ’ਚ ਇਨਾਂ ਕੇਂਦਰਾਂ ਨੂੰ ਮੁੜ ਸੁਰਜੀਵ ਕੀਤਾ ਜਾਵੇਗਾ।ਚੰਨੀ ਨੇ ਕਿਹਾ ਕਿ ਜਿਥੇ ਅਕਾਲੀ ਦਲ ਸਰਕਾਰ ਨੇ ਸੂਬੇ ’ਚ ਨਸ਼ਿਆਂ ਨੂੰ ਵਧਾਇਆ ਉਥੇ ਹੀ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਦੇ ਰਹੀ ਹੈ।ਪੱਤਰਕਾਰਾਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਪਹਾੜੀ ਰਾਜਾਂ ਨੂੰ ਦਿੱਤੇ ਗਏ ਟੈਕਸ ਛੋਟ ਸਬੰਧੀ ਟਿਪਣੀ ਕਰਦਿਆਂ ਉਨਾਂ ਕਿਹਾ ਕਿ ਜਾਂ ਤਾਂ ਅਕਾਲੀ ਦਲ ਨੂੰ ਕੇਂਦਰ ਦੀ ਵਜ਼ਾਰਤ ਛੱਡ ਦੇਣੀ ਚਾਹੀਦੀ ਹੈ ਜਾਂ ਫਿਰ ਕੇਂਦਰ ਸਰਕਾਰ ਤੋਂ ਪੰਜਾਬ ਲਈ ਵੀ ਟੈਕਸ ਛੋਟ ਦੀ ਪੁਰਜ਼ੋਰ ਮੰਗ ਕਰਨੀ ਚਾਹੀਦੀ ਹੈ।ਪੱਤਰਕਾਰਾਂ ਦੁਆਰਾ ਕਿਸਾਨਾਂ ਦੇ ਕਰਜ਼ੇ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਮੋਡੇ ਨਾਲ ਮੋਡਾ ਜੋੜ ਕੇ ਖੜੀ ਹੈ ਅਤੇ ਕਿਸਾਨਾਂ ਦੇ ਪੂਰੇ ਖੇਤੀ ਕਰਜ਼ੇ ਦੀ ਮਾਫ਼ੀ ਲਈ ਵਚਨਬੱਧ ਹੈ ਜਿਸ ਲਈ ਕੇਂਦਰ ਸਰਕਾਰ ਨਾਲ ਤਾਲਮੇਲ ਜਾਰੀ ਹੈ।25 ਅਗਸਤ ਨੂੰ ਡੇਰਾ ਸੱਚਾ ਸੌਦਾ ਦੇ ਮੁੱਖੀ ਸਬੰਧੀ ਆਉਣ ਵਾਲੇ ਫੈਸਲੇ ਨੂੰ ਲੈ ਕੇ ਪੁੱਛੇ ਗਏ  ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸੂਬੇ ਦੇ ਅਮਨ ਕਾਨੂੰਨ ਨੂੰ ਕਾਇਮ ਰੱਖਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਅਮਨ ਕਾਨੂੰਨ ਨੂੰ ਬਹਾਲ ਰੱਖਣ ਲਈ ਸਰਕਾਰ ਦਾ ਸਾਥ ਦੇਣ ਅਤੇ ਕਿਸੇ ਵੀ ਪ੍ਰਕਾਰ ਦੀ ਅਫ਼ਵਾਹਾਂ ਤੋਂ ਬਚਣ।ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਮੋਹਨਪਾਲ ਸਿੰਘ ਈਸ਼ਰ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply