ਨਵੀਂ ਦਿੱਲੀ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਜੀ ਨੇ ਆਪਣੀ ਸਿੱਕਮ ਯਾਤਰਾ ਦੌਰਾਨ ਕਈ ਕ੍ਰਾਂਤੀਕਾਰੀ ਕਾਰਜ ਕੀਤੇ।ਖਾਸ ਕਰਕੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਅਤੇ ਗੰਦੇ ਪਾਣੀ ਨੂੰ ਸਾਫ਼ ਕਰਦੇ ਹੋਏ ਲੋਕਾਂ ਨੂੰ ਦਾਨਵੀ ਸ਼ਕਤੀਆਂ ਦੇ ਚੁੰਗਲ ਤੋਂ ਆਜ਼ਾਦ ਕਰਾਉਣਾ।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਲੇਖਕ ਅਤੇ ਖੋਜਕਾਰ ਡਾ. ਅਨੁਰਾਗ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵਲੋਂ ਕਰਵਾਏ ਜਾਂਦੇ ਮਹੀਨਾਵਾਰੀ ਸੈਮੀਨਾਰ ਤਹਿਤ ‘ਗੁਰੂ ਨਾਨਕ ਦੇਵ ਜੀ ਦੀ ਸਿੱਕਮ ਯਾਤਰਾ’’ਵਿਸ਼ੇ ’ਤੇ ਬੋਲਦੇ ਹੋਏ ਕੀਤਾ।
ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਸਿੱਕਮ ’ਚ ਨਵੰਬਰ 1516 ਤੋਂ ਜਨਵਰੀ 1517 ਤੱਕ ਰਹੇ।ਗੁਰੂ ਸਾਹਿਬ ਦਾ ਫਲਸਫ਼ਾ ਟਕਰਾਓ ਦਾ ਨਾ ਹੋ ਕੇ ਪਿਆਰ ਅਤੇ ਸੰਵਾਦ ਦਾ ਸੀ।ਉਹ ਕਦੇ ਵੀ ਕਿਸੇ ਨੂੰ ਆਪਣੇ ਵੱਲ ਜਬਰਦਸਤੀ ਖਿੱਚਣ ਲਈ ਰਾਜੀ ਨਹੀਂ ਸਨ। ਸਿੱਕਮ ਸੂਬਾ 1975 ਤੌਂ ਬਾਅਦ ’ਚ ਬਣਿਆ ਹੈ। ਜਦਕਿ ਗੁਰੂ ਸਾਹਿਬ ਇੱਥੇ 16ਵੀਂ ਸ਼ਤਾਬਦੀ ਦੌਰਾਨ 5 ਥਾਵਾਂ ’ਤੇ ਆਏ ਸਨ। 1965 ਤੌਂ ਬਾਅਦ ਸਿੱਖ ਸੰਗਤਾਂ ਨੇ ਇਨ੍ਹਾਂ ਸਥਾਨਾਂ ਦੀ ਖੋਜ ਕੀਤੀ।ਗੁਰੂ ਸਾਹਿਬ ਨੇ ਇਹਨਾਂ ਸਾਰੇ ਸਥਾਨਾਂ ’ਤੇ ਆਪਣੀ ਚਰਣ ਛਾਪ ਛੱਡੀ ਸੀ।ਜਿਸ ਉਪਰੰਤ ਇਹ ਸਾਰੇ ਗੁਰਦੁਆਰੇ ਹੋਂਦ ’ਚ ਆਏ।
ਡਾ. ਅਨੁਰਾਗ ਸਿੰਘ ਨੇ ਬੌਧੀ ਗੁਰੂ ਪਦਮਾਸੰਭਵ ਦਾ ਸਾਰਾ ਇਤਹਾਸ ਸ਼ਿਲਾਲੇਖ ਅਤੇ ਕਿਤਾਬਾਂ ਦੇ ਹਵਾਲੇ ਨਾਲ ਸਾਹਮਣੇ ਰੱਖਦੇ ਹੋਏ ਪਦਮਾਸੰਭਵ ਦੇ ਸਿੱਕਮ ’ਚ ਨਾ ਆਉਣ ਦਾ ਦਾਅਵਾ ਕੀਤਾ।ਉਨ੍ਹਾਂ ਕਿਹਾ ਕਿ ਬੁੱਧ ਧਰਮ ਦੇ ਆਗੂਆਂ ਵੱਲੋਂ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੇ ਗਏ ਕਾਰਜਾਂ ਨੂੰ ਪਦਮਾਸੰਭਵ ਦੇ ਨਾਂ ਕਰਨਾ ਮੰਦਭਾਗਾ ਅਤੇ ਇਤਹਾਸਿਕ ਹਵਾਲਿਆਂ ਨੂੰ ਰੱਦ ਕਰਨ ਦੇ ਬਰਾਬਰ ਹੈ।ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਬੰਧਿਤ ਗੁਰੂਧਾਮਾਂ ਨੂੰ ਸਿੱਖਾਂ ਦੇ ਹਵਾਲੇ ਕਰਨ ਦੀ ਵਕਾਲਤ ਕੀਤੀ।
ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਡਾ. ਅਨੁਰਾਗ ਸਿੰਘ ਵੱਲੋਂ ਤੱਥਾਂ ਦੇ ਨਾਲ ਦਿੱਤੇ ਗਏ ਲੈਕਚਰ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਵਿਵਹਾਰ ਦੀ ਪੁਸ਼ਟੀ ਉਦਾਸੀਆਂ ਦੇ ਮਿਲਦੇ ਇਤਹਾਸ ਤੋਂ ਹੁੰਦੀ ਹੈ।ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ ਇਸ ਮੌਕੇ ਹਾਜ਼ਰੀ ਭਰੀ।
ਅਦਾਰੇ ਦੀ ਡਾਇਰੈਕਟਰ ਡਾ. ਹਰਬੰਸ ਕੌਰ ਸੱਗੂ ਨੇ ਸਟੇਜ਼ ਸਕੱਤਰ ਦੀ ਸੇਵਾ ਨਿਭਾਈ, ਜਦਕਿ ਚੇਅਰਮੈਨ ਤ੍ਰਿਲੋਚਨ ਸਿੰਘ ਨੇ ਵਿਦਵਾਨਾਂ ਦਾ ਧੰਨਵਾਦ ਕੀਤਾ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …