Monday, July 8, 2024

ਦਿੱਲੀ ਕਮੇਟੀ ਦੇ ਸਾਬਕਾ ਪ੍ਰਬੰਧਕਾਂ ਖਿਲਾਫ਼ ਝੂਠੀ ਐਨ.ਓ.ਸੀ ਦੇਣ ਦਾ ਦਰਜ ਹੋਇਆ ਮੁਕੱਦਮਾ

ਨਵੀਂ ਦਿੱਲੀ, 20 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ਦੌਰਾਨ ਹੋਏ ਗੈਰ ਕਾਨੂੰਨੀ ਕਾਰਜਾਂ ਦੇ ਖਿਲਾਫ਼ ਅਦਾਲਤਾਂ ਵੱਲੋਂ ਸਾਬਕਾ ਮੈਂਬਰਾਂ ਤੇ ਮੁਕਦਮੇ ਦਰਜ ਕਰਨ ਦੇ ਆਦੇਸ਼ ਦੇਣ ਦਾ ਸਿਲਸਿਲਾ ਬੰਦ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਤਾਜਾ ਮਾਮਲਾ ਕਮੇਟੀ ਦੇ ਤਕਨੀਕੀ ਅਦਾਰੇ ਗੁਰੂ ਤੇਗ ਬਹਾਦਰ ਪੌਲੀਟੈਕਨਿਕ, ਵਸੰਤ ਵਿਹਾਰ ਦੀ ਮਾਨਤਾ ਨੂੰ ਬਚਾਉਣ ਵਾਸਤੇ ਡੀ.ਡੀ.ਏ. ਦੀ ਝੂਠੀ ਐਨ.ਓ.ਸੀ. ਸਾਬਕਾ ਕਮੇਟੀ ਮੈਂਬਰ ਕਵਲਜੀਤ ਸਿੰਘ ਸੋਢੀ, ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ, ਸਾਬਕਾ ਡਾਇਰੈਕਟਰ ਏ.ਐਸ ਜੌਲੀ ਅਤੇ ਬ੍ਰਿਗੇਡੀਅਰ ਗੁਰਮੀਤ ਸਿੰਘ ਵੱਲੋਂ ਆੱਲ ਇੰਡੀਆ ਕਾਉਂਸਿਲ ਫਾੱਰ ਟੈਕਨੀਕਲ ਐਜੂਕੇਸ਼ਨ ਅਤੇ ਡਾਇਰੈਕਟਰ ਆੱਫ਼ ਟ੍ਰੇਨਿੰਗ ਐਂਡ ਟੈਕਨੀਕਲ ਐਜੂਕੇਸ਼ਨ ਕੋਲ ਜਮਾ ਕਰਾਉਣ ਦੇ ਖਿਲਾਫ਼ ਮੁਕੱਦਮਾ ਦਰਜ ਹੋਇਆ ਹੈ।
ਦਰਅਸਲ ਕਮੇਟੀ ਦੇ ਮੁਲਾਜ਼ਿਮ ਅਤੇ ਸ਼੍ਰੋਮਣੀ ਫਤਹਿ ਦਲ ਖਾਲਸਾ ਦੇ ਪ੍ਰਧਾਨ ਟੀ.ਪੀ. ਸਿੰਘ ਵੱਲੋਂ ਲਗਾਈ ਗਈ ਇੱਕ ਆਰ.ਟੀ.ਆਈ. ਦੇ ਜਵਾਬ ਵਿੱਚ 21 ਜੁਲਾਈ 2010 ਨੂੰ ਅਦਾਰੇ ਵੱਲੋਂ ਡੀ.ਡੀ.ਏ. ਦੀ ਡਿਪਟੀ ਡਾਇਰੈਕਟਰ ਉਸ਼ਾ ਰਵੀਚੰਦਰਨ ਵੱਲੋਂ ਜਾਰੀ ਕੀਤੀ ਗਈ ਐਨ.ਓ.ਸੀ. ਜਮਾ ਕਰਾਉਣ ਦਾ ਖੁਲਾਸਾ ਸਾਹਮਣੇ ਆਇਆ ਸੀ। ਉਕਤ ਐਨ.ਓ.ਸੀ. ਦੀ ਪੜਤਾਲ ਦੌਰਾਨ ਡੀ.ਡੀ.ਏ. ਵੱਲੋਂ ਇਸਨੂੰ ਜਾਲੀ ਕਰਾਰ ਦਿੱਤਾ ਗਿਆ ਸੀ।ਪਰ ਏ.ਆਈ.ਸੀ.ਟੀ.ਈ. ਕੋਲ ਉਕਤ ਐਨ.ਓ.ਸੀ. ਨੂੰ ਵਿਦਿਅਕ ਵੱਰ੍ਹੇ 2010-11, 2011-12, ਅਤੇ 2012-13 ਵਿੱਖੇ ਅਦਾਰਾ ਪ੍ਰਬੰਧਕਾਂ ਵੱਲੋਂ ਜਮਾ ਕਰਵਾਇਆ ਗਿਆ ਸੀ।
ਜਿਸ ‘ਤੇ ਇਤਰਾਜ਼ ਉਠਾਉਂਦੇ ਹੋਏ ਟੀ.ਪੀ.ਸਿੰਘ ਵੱਲੋਂ ਪ੍ਰਬੰਧਕਾਂ ਦੀ ਇਸ ਕਾਰਵਾਹੀ ਨੂੰ ਅਦਾਰੇ ਦੇ ਵਿਦਿਆਰਥੀਆਂ ਅਤੇ ਸਟਾਫ਼ ਨਾਲ ਧੋਖਾ ਕਰਾਰ ਦਿੰਦੇ ਹੋਏ ਮੁਕਦਮਾ ਦਰਜ ਕਰਨ ਦੀ ਅਪੀਲ ਅਦਾਲਤ ਵਿੱਚ ਕੀਤੀ ਗਈ ਸੀ। ਲੰਬੀ ਚਲੀ ਕਾਨੂੰਨੀ ਲੜਾਈ ਵਿੱਚ ਪਟਿਆਲਾ ਹਾਊਸ ਕੋਰਟ ਦੇ ਮਾਨਯੋਗ ਜੱਜ਼ ਆਕਾਸ਼ ਜੈਨ ਵੱਲੋਂ ਉਕਤ ਪ੍ਰਬੰਧਕਾਂ ਦੇ ਖਿਲਾਫ਼ ਥਾਣਾ ਬਸੰਤ ਵਿਹਾਰ ਐਸ.ਐਚ.ਓ.ਨੂੰ 20 ਜੁਲਾਈ 2015 ਨੂੰ ਮੁਕਦਮਾ ਦਰਜ਼ ਕਰਨ ਦੇ ਆਦੇਸ਼ ਦਿੱਤੇ ਗਏ ਸੀ, ਜਿਸ ਤੇ ਕਾਰਵਾਹੀ ਕਰਦੇ ਹੋਏ ਬਸੰਤ ਵਿਹਾਰ ਥਾਣੇ ਵੱਲੋਂ ਐਫ਼.ਆਈ.ਆਰ. ਨੰਬਰ 1226 ਮਿਤੀ 16 ਅਗਸਤ 2015 ਨੂੰ ਧਾਰਾ 420/467/468/471 ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ।
ਇਸ ਘਟਨਾਕ੍ਰਮ ਤੇ ਪ੍ਰਤੀਕ੍ਰਮ ਦਿੰਦੇ ਹੋਏ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਲਗਾਤਾਰ ਸਾਬਕਾ ਕਮੇਟੀ ਮੈਂਬਰਾਂ ਦੇ ਖਿਲਾਫ਼ ਮੁਕੱਦਮੇਂ ਦਰਜ ਹੋਣ ਦਾ ਰੁਝਾਨ ਕੌਮ ਵਾਸਤੇ ਨਮੌਸ਼ੀ ਦਾ ਕਾਰਨ ਬਣ ਰਿਹਾ ਹੈ। ਕਿਉਂਕਿ ਆਪਣੇ ਨਿਜ਼ੀ ਮੁਫਾਦਾ ਲਈ ਪ੍ਰਬੰਧਕੀ ਢਾਂਚੇ ਨੂੰ ਢਾਹ ਲਾਉਣ ਵਿੱਚ ਇਨ੍ਹਾਂ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਸੀ। ਇਸ ਸੰਬੰਧ ਵਿੱਚ ਉਨ੍ਹਾਂ ਨੇ ਫਰਜੀਵਾੜੇ ਅਤੇ ਧੋਖੇਬਾਜੀ ਦੀ ਧਾਰਾਵਾਂ ਤਹਿਤ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾਂ ਦੇ ਖਿਲਾਫ਼ ਥਾਣਾ ਸਨਲਾਈਟ ਕਾੱਲੋਨੀ, ਸਾਬਕਾ ਕਮੇਟੀ ਮੈਂਬਰ ਪ੍ਰੋ. ਹਰਮਿੰਦਰ ਸਿੰਘ ਦੇ ਖਿਲਾਫ ਥਾਣਾਂ ਰਾਜੌਰੀ ਗਾਰਡਨ, ਸਾਬਕਾ ਕਮੇਟੀ ਮੈਂਬਰ ਗਿਆਨ ਸਿੰਘ ਦੇ ਖਿਲਾਫ ਥਾਣਾਂ ਸੰਸਦ ਮਾਰਗ ਸਣੇ ਮੌਜ਼ੂਦਾ ਮਸਲੇ ਦਾ ਵੀ ਹਵਾਲਾ ਦਿੱਤਾ।  ਸਾਬਕਾ ਪ੍ਰਬੰਧਕਾਂ ਵੱਲੋਂ ਵਿਛਾਏ ਗਏ ਕੰਡਿਆਂ ਨੂੰ ਸਾਫ਼ ਕਰਨ ਵਾਸਤੇ ਕਮੇਟੀ ਦੀ ਲੀਗਲ ਸੇਲ ਵੱਲੋਂ ਵੱਡੇ ਪੱਧਰ ਤੇ ਕੀਤੀ ਜਾ ਰਹੀ ਜਦੋਜਹਿਦ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਦਾਅਵਾ ਕੀਤਾ ਕਿ ਜਿਥੇ ਅਸੀਂ ਕੌਮ ਦੇ ਅਦਾਰਿਆਂ ਅਤੇ ਵਿਦਿਆਰਥੀਆਂ ਦੇ ਹਿਤਾਂ ਲਈ ਲਗਾਤਾਰ ਉਸਾਰੂ ਕੰਮ ਕਰ ਰਹੇ ਹਾਂ ਉਥੇ ਹੀ ਸਾਬਕਾ ਪ੍ਰਬੰਧਕਾਂ ਦੀਆਂ ਨਾ ਪੱਖੀ ਨੀਤੀਆਂ ਨੂੰ ਸੁਧਾਰਣ ਵਾਸਤੇ ਸਖਤ ਮਿਹਨਤ ਵੀ ਕਰਨੀ ਪੈ ਰਹੀ ਹੈ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply