Friday, July 5, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਸੀ’ ਜ਼ੋਨ ਜ਼ੋਨਲ ਯੁਵਕ ਮੇਲਾ ਸ਼ੁਰੂ

PPN2610201512

ਅਮ੍ਰਿਤਸਰ, 26 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਸੀ’ ਜ਼ੋਨ ਜ਼ੋਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਭੰਗੜੇ ਦੀ ਧਮਾਲ ਨਾਲ ਸ਼ੁਰੂ ਹੋਇਆ। ਇਸ ਮੇਲੇ ਵਿਚ ਜਲੰਧਰ ਜਿਲ੍ਹੇ ਦੇ ‘ਸੀ’ ਜ਼ੋਨ ਦੇ 20 ਕਾਲਜਾਂ ਦੇ ਵਿਦਿਆਰਥੀ-ਕਲਾਕਾਰ ਵੱਖ-ਵੱਖ 34 ਸਭਿਆਚਾਰਕ ਆਈਟਮਾਂ ਵਿਚ ਭਾਗ ਲੈਣਗੇ। ਇਹ ਮੇਲਾ 29 ਅਕਤੂਬਰ ਤਕ ਚੱਲੇਗਾ।ਇਸ ਯੁਵਕ ਮੇਲੇ ਦੌਰਾਨ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ-ਕਲਾਕਾਰਾਂ ਨੂੰ ਸੰਗੀਤ, ਡਾਂਸ, ਲਿਟਰੇਰੀ, ਥੀਏਟਰ ਅਤੇ ਫਾਈਨ-ਆਰਟਸ ਨਾਲ ਸਬੰਧਤ ਆਈਟਮਾਂ ਵਿਚ ਆਪਣੀ ਕਲਾ ਨੂੰ ਜ਼ਾਹਰ ਕਰਨ ਦਾ ਮੌਕਾ ਮਿਲੇਗਾ।
ਮੇਲੇ ਦਾ ਰਸਮੀ ਉਦਘਾਟਨ ਪੰਜਾਬ ਨਾਟ ਸ਼ਾਲਾ, ਅੰਮ੍ਰਿਤਸਰ ਦੇ ਮੋਢੀ, ਸ੍ਰ.. ਜਤਿੰਦਰ ਸਿੰਘ ਬਰਾੜ ਨੇ ਸਮ੍ਹਾਂ ਰੌਸ਼ਨ ਕਰਕੇ ਕੀਤਾ। ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਮੁੱਖ ਮਹਿਮਾਨ ਅਤੇ ਹੋਰਨ੍ਹਾਂ ਨੂੰ ਜੀ-ਆਇਆਂ ਆਖਿਆ ਅਤੇ ਵੱਖ-ਵੱਖ ਆਈਟਮਾਂ ਦੀ ਪੇਸ਼ਕਾਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਯੂਨੀਵਰਸਿਟੀ ਵੱਲੋਂ ਸਭਿਆਚਾਰਕ ਖੇਤਰਾਂ ਵਿਚ ਕੀਤੀਆਂ ਪ੍ਰਾਪਤ ਕੀਤੀਆਂ ਬਾਰੇ ਵੀ ਜਾਣਕਾਰੀ ਦਿੱਤੀ।
ਸ੍ਰ. ਜਤਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਲਾ ਦਾ ਸਾਡੇ ਜੀਵਨ ਦਾ ਅਹਿਮ ਹਿੱਸਾ ਹੈ ਅਤੇ ਇਹ ਸਾਡੇ ਜੀਵਨ ਦੇ ਲਗਭਗ ਹਰ ਹਿੱਸੇ ਨਾਲ ਜੁੜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨਸਾਨ ਵਿਚ ਕਲਾ ਦਾ ਹੋਣਾ ਉਸ ਦੇ ਇਨਸਾਨੀ ਗੁਣਾ ਨੂੰ ਦਰਸਾਉਂਦਾ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਕਲਾਤਮਕ ਗੁਣਾ ਦਾ ਵਾਧਾ ਕਰਨ ਲਈ ਕਲਾ ਨਾਲ ਲਗਾਤਾਰ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਪੱਧਰ ‘ਤੇ ਉਹ ਭੰਗੜੇ ਦੀ ਟੀਮ ਵਿਚ ਹੁੰਦੇ ਸਨ ਅਤੇ ਉਸ ਤੋਂ ਬਾਅਦ ਕਲਾ ਦੇ ਖੇਤਰ ਵਿਚ ਅੱਗੇ-ਅੱਗੇ ਤੁਰਦੇ ਗਏ। ਉਨ੍ਹਾਂ ਕਿਹਾ ਕਿ ਕਲਾਕਾਰ ਦਾ ਪੱੱਧਰ ਹੁਣ ਉੱਚਾ ਹੋ ਚੁੱਕਾ ਹੈ ਇਸ ਲਈ ਇਹ ਉਸ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਸਮਾਜਿਕ ਬੁਰਾਈਆਂ ਅਤੇ ਜ਼ੁਲਮ ਦੇ ਖਿਲਾਫ ਖੜ੍ਹਾ ਹੋਵੇ ਤਾਂ ਜੋ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਇਸ ਮੌਕੇ ਵਿਭਾਗ ਅਤੇ ਉਸ ਦੀਆਂ ਉਪਲਬਧੀਆਂ ਨੂੰ ਵੀ ਸਲਾਹਿਆ।
ਡਾ. ਜਗਜੀਤ ਕੌਰ ਨੇ ਮੁੱਖ ਮਹਿਮਾਨ ਨੂੰ ਯੂਨੀਵਰਸਿਟੀ ਵੱਲੋ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕੀਤਾ। ਮੇਲੇ ਦੀ ਸ਼ੁਰੂਆਤ ਭੰਗੜੇ ਨਾਲ ਹੋਈ। ਉਸ ਤੋਂ ਬਾਅਦ ਸਮੂਹ ਗਾਇਨ (ਭਾਰਤੀ), ਇਕਾਂਗੀ, ਸਮੂਹ ਸ਼ਬਦਫ਼ਭਜਨ, ਵਾਰ, ਕਵੀਸ਼ਰੀ ਅਤੇ ਫਾਈਨ ਆਰਟਸ ਦੇ ਮੁਕਾਬਲੇ ਹੋਏ।
ਉਨ੍ਹਾਂ ਦੱਸਿਆ ਕਿ 27 ਅਕਤੂਬਰ ਨੂੰ ਇਕਾਂਗੀ (ਬਾਕੀ), ਪਹਿਰਾਵਾ ਪ੍ਰਦਰਸ਼ਨੀ, ਮਮਿੱਕਰੀ, ਮਾਈਮ, ਗੀਤਫ਼ਗਜ਼ਲ, ਲੋਕ ਗੀਤ, ਐਲੋਕਿਊਸ਼ਨ ਅਤੇ ਪੋਇਟੀਕਲ ਸਿੰਪੋਜ਼ੀਅਮ ਦੇ ਮੁਕਾਬਲੇ ਹੋਣਗੇ। ਸਕਿੱਟ, ਗਰੁੱਪ ਡਾਂਸ, ਕਲਾਸੀਕਲ ਡਾਂਸ, ਕਲਾਸੀਕਲ ਇੰਸਟਰੂਮੈਂਟਲ (ਪਰਕਸ਼ਨ), ਕਲਾਸੀਕਲ ਇੰਸਟਰੂਮੈਂਟਲ (ਨਾਨ-ਪਰਕਸ਼ਨ), ਕਲਾਸੀਕਲ ਵੋਕਲ ਅਤੇ ਡੀਬੇਟ ਦੇ ਮੁਕਾਬਲੇ 28 ਅਕਤੂਬਰ ਨੂੰ ਹੋਣਗੇ।
ਉਨ੍ਹਾਂ ਕਿਹਾ ਕਿ ਮੇਲੇ ਦੇ ਅਤਿਮ ਦਿਨ 29 ਅਕਤੂਬਰ ਨੂੰ ਲੋਕ ਸਾਜ਼, ਗਿੱਧਾ, ਵੈਸਟਰਨ ਵੋਕਲ ਸੋਲੋ, ਵੈਸਟਰਨ ਗਰੁੱਪ ਸੌਂਗ, ਰੰਗੋਲੀ ਅਤੇ ਫੁਲਕਾਰੀ ਦੇ ਮੁਕਾਬਲਿਆਂ ਤੋਂ ਉਪਰੰਤ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply