Monday, July 8, 2024

ਰਾਮ ਤੀਰਥ ਵਿਖੇ ਸਾਲਾਨਾ ਮੇਲਾ ਅੱਜ ਤੋਂ – ਵਧੀਕ ਡਿਪਟੀ ਕਮਿਸ਼ਨਰ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ

PPN1911201513

ਅੰਮ੍ਰਿਤਸਰ, 19 ਨਵੰਬਰ (ਜਗਦੀਪ ਸਿੰਘ ਸੱਗੂ)- ਰਾਮ ਤੀਰਥ ਵਿਖੇ 20 ਤੋਂ 29 ਨਵੰਬਰ ਤੱਕ ਮਨਾਏ ਜਾ ਰਹੇ ਸਾਲਾਨਾ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਰਾਮ ਤੀਰਥ ਵਿਖੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਮੇਲੇ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।
ਇਸ ਮੌਕੇ ਉਨ੍ਹਾਂ ਸਫਾਈ, ਸੁਰੱਖਿਆ, ਧਾਰਮਿਕ ਦੀਵਾਨਾਂ, ਮੇਲੇ ਦੌਰਾਨ ਨਿਰੰਤਰ ਬਿਜਲੀ ਸਪਲਾਈ, ਪੀਣ ਵਾਲੇ ਪਾਣੀ, ਲਾਈਟਾਂ, ਸ਼ਰਧਾਲੂਆਂ ਲਈ ਵਿਸ਼ੇਸ਼ ਬੱਸਾਂ, ਆਰਜ਼ੀ ਪਖਾਨੇ ਅਤੇ ਲੈਟਰੀਨਜ਼, ਮੈਡੀਕਲ ਸਹੂਲਤਾਂ, ਪੁਲਿਸ ਕੰਟਰੋਲ ਰੂਮ, ਪੈਟਰੋਲਿੰਗ ਪਾਰਟੀਆਂ, ਬੈਰੀਕੇਟਿੰਗ, ਸੜਕਾਂ ਦੀ ਮੁਰੰਮਤ, ਫਾਇਰ ਟੈਂਡਰ ਅਤੇ ਪਾਣੀ ਦਾ ਛਿੜਕਾਅ, ਕਿਸ਼ਤੀਆਂ ਅਤੇ ਤੈਰਾਕਾਂ/ਗੋਤਾਖੋਰਾਂ, ਰਿਕਵਰੀ ਵੈਨ ਆਦਿ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸ੍ਰੀ ਧਾਲੀਵਾਲ ਨੇ ਕਿਹਾ ਕਿ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਰੋਡਵੇਜ਼ ਵੱਲੋਂ ਵਿਸ਼ੇਸ਼ ਬੱਸਾਂ ਲੋਹਗੜ੍ਹ ਗੇਟ, ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਚਾਟੀਵਿੰਡ ਗੇਟ ਤੋਂ ਚਲਾਈਆਂ ਜਾਣਗੀਆਂ।
ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਇਸ ਮੌਕੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੌਂਪੀਆਂ ਗਈਆਂ ਡਿਊਟੀਆਂ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ ਤਾਂ ਜੋ ਮੇਲੇ ਵਿਚ ਲੱਖਾਂ ਦੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਐਸ. ਡੀ. ਐਮ ਅਜਨਾਲਾ ਅਤੇ ਮੇਲਾ ਅਫ਼ਸਰ ਸ੍ਰੀ ਬੀ. ਐਸ ਧਾਲੀਵਾਲ, ਤਹਿਸੀਲਦਾਰ ਸ੍ਰੀ ਅਰਵਿੰਦ ਪ੍ਰਕਾਸ਼, ਕੌਂਸਲਰ ਓਮ ਪ੍ਰਕਾਸ਼ ਗੱਬਰ, ਮਹੰਤ ਰਾਮ ਦਾਸ ਲੁਭਾਇਆ, ਮਹੰਤ ਮਨਜੀਤ ਗਿਰ, ਮਹੰਤ ਜਗਤਾਰ ਦਾਸ ਅਤੇ ਹੋਰ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply