Monday, July 8, 2024

ਵਿਰਾਸਤੀ ਘਰ ਦਾ ਮੂਵਿੰਗ ਮਾਡਲ ਗੁ: ਬੰਗਲਾ ਸਾਹਿਬ ਵਿਖੇ 12 ਦਸੰਬਰ ਨੂੰ ਕੀਤਾ ਜਾਵੇਗਾ ਸਥਾਪਿਤ

PPN1012201507ਨਵੀਂ ਦਿੱਲੀ, 10 ਦਸੰਬਰ (ਅੰਮ੍ਰਿਤ ਲਾਲ ਮੰਨਣ)- ਭਾਰਤ ਦੀ ਸੰਸਦ ਦੇ ਸਾਹਮਣੇ ਸਿੱਖ ਇਤਿਹਾਸ, ਸਿੱਖ ਸਿਧਾਂਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਫ਼ਰ ਦੀ ਝਾਂਕੀ ਨੂੰ ਨਿਵੇਕਲੇ ਅਤੇ ਮਾੱਡਰਨ ਤਕਨੀਕ ਨਾਲ ਪੇਸ਼ ਕਰਨ ਲਈ ਬਣਾਏ ਜਾ ਰਹੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਨਾਂ ਦੇ ਵਿਰਾਸਤੀ ਘਰ ਦਾ ਮੂਵਿੰਗ ਮਾਡਲ 12 ਦਸੰਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਸਥਾਪਿਤ ਕੀਤਾ ਜਾਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਅਮਰੀਕਾ ਦੇ ਉਘੇ ਹੋਟਲ ਕਾਰੋਬਾਰੀ ਸੰਤ ਸਿੰਘ ਛਤਵਾਲ ਅਤੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਐਲਾਨ ਕੀਤਾ।  ਜੀ.ਕੇ. ਨੇ ਕਿਹਾ ਕਿ ਵਿਰਾਸਤੀ ਘਰ ਜਿੱਥੇ ਸੰਗਤਾਂ ਤਕ ਸਿੱਖ ਇਤਿਹਾਸ ਦੀਆਂ ਬਰੀਕਿਆਂ ਨੂੰ ਸੰਸਾਰ ਦੀਆਂ ਲਗਭਗ 9 ਭਾਸ਼ਾਵਾਂ ਵਿਚ ਆਉਣ ਵਾਲੇ ਲੋਕਾਂ ਤਕ ਪਹੁੰਚਾਏਗਾ ਉਥੇ ਨਾਲ ਹੀ ਮੌਜ਼ੂਦ ਇਤਿਹਾਸਿਕ ਤੱਥ ਪ੍ਰਮਾਣਿਕ ਹੋਣਗੇ। ਛਤਵਾਲ ਵੱਲੋਂ ਇਸ ਪ੍ਰੋਜੈਕਟ ਲਈ 6.5 ਕਰੋੜ ਰੁਪਏ ਦੇਣ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ ਨੇ ਛਤਵਾਲ ਨੂੰ ਇਸ ਪ੍ਰੋਜੈਕਟ ਦੀ ਮਾਲੀ ਕਮੇਟੀ ਦਾ ਚੇਅਰਮੈਨ ਥਾਪਣ ਦਾ ਵੀ ਐਲਾਨ ਕੀਤਾ। ਪ੍ਰੋਜੈਕਟ ਦੀ ਤਜ਼ਵੀਜ ਲਾਗਤ 15 ਕਰੋੜ ਦੇ ਲਗਭਗ ਰਹਿਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਛਤਵਾਲ ਦੀ ਅਗੁਵਾਈ ਵਾਲੀ ਮਾਲੀ ਕਮੇਟੀ ਵੱਲੋਂ ਨਵੇਂ ਬੈਂਕ ਖਾਤੇ ਤੋਂ ਕੀਤੇ ਜਾਉਣ ਵਾਲੇ ਖਰਚਿਆਂ ਦਾ ਆਡਿਟ ਪੂਰੀ ਪਾਰਦਰਸ਼ਿਤਾ ਨਾਲ ਨਾਮੀ ਓਡੀਟਰ ਵੱਲੋਂ ਕਰਵਾਉਂਣ ਦੀ ਵੀ ਗੱਲ ਕਹੀ। ਜੀ.ਕੇ ਨੇ ਪ੍ਰੋਜੈਕਟ ਦਾ ਮੂਵਿੰਗ ਮਾੱਡਲ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਨਿਸ਼ਾਨ ਸਾਹਿਬ ਦੇ ਨੇੜੇ ਸੰਗਤਾਂ ਦੀ ਜਾਣਕਾਰੀ ਲਈ ਛਤਵਾਲ ਵੱਲੋਂ ਉਦਘਾਟਨ ਕਰਵਾਉਣ ਉਪਰੰਤ ਸਥਾਪਿਤ ਕਰਨ ਦਾ ਵੀ ਦਾਅਵਾ ਕੀਤਾ। ਜੀ.ਕੇ. ਨੇ ਸਵਾ ਸਾਲ ਅੰਦਰ ਇਸ ਪ੍ਰੋਜੈਕਟ ਦੇ ਪੂਰਾ ਹੋਣ ਉਪਰੰਤ ਵਿਸ਼ਵ ਧਰੋਹਰ ਵਿੱਚ ਵਿਰਾਸਤੀ ਘਰ ਦੀ ਗਿਣਤੀ ਹੋਣ ਦਾ ਵੀ ਦਾਅਵਾ ਕੀਤਾ।  ਛਤਵਾਲ ਨੇ ਦਿੱਲੀ ਕਮੇਟੀ ਵੱਲੋਂ ਇਸ ਪ੍ਰੋਜੈਕਟ ਦੀ ਮਾਲੀ ਕਮੇਟੀ ਦਾ ਚੇਅਰਮੈਨ ਥਾਪਣ ਤੇ ਧੰਨਵਾਦ ਜਤਾਉਂਦੇ ਹੋਏ ਪੂਰੇ ਖਰਚਿਆਂ ਦਾ ਵੇਰਵਾ ਸੰਗਤਾਂ ਤਕ ਆਨਲਾਈਨ ਉਪਲਬੱਧ ਕਰਾਉਣ ਦੀ ਵੀ ਜਾਣਕਾਰੀ ਦਿੱਤੀ। ਛਤਵਾਲ ਨੇ ਆਪਣੇ ਗੈਰ ਸਿੱਖ ਮਿੱਤਰਾਂ ਨੂੰ ਵੀ ਇਸ ਪ੍ਰੋਜੈਕਟ ਨਾਲ ਜੋੜਨ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਦੇ ਸਮੂਹ ਲੋਕਾਂ ਦੇ ਰਹਿਬਰ ਹਨ। ਇਸ ਵਿਰਾਸਤੀ ਘਰ ਦਾ ਲਾਭ ਸਭ ਤੋਂ ਜਿਆਦਾ ਵਿਦੇਸ਼ੀ ਸੈਲਾਨਿਆਂ ਨੂੰ ਮਿਲਣ ਦੀ ਵੀ ਛਤਵਾਲ ਨੇ ਗੱਲ ਕਹੀ।  ਸਿਰਸਾ ਨੇ ਛਤਵਾਲ ਦੇ ਮਾਲੀ ਕਮੇਟੀ ਦਾ ਚੇਅਰਮੈਨ ਬਣਨ ਕਰਕੇ ਪ੍ਰੋਜੈਕਟ ਲਈ ਦਿੱਲੀ ਕਮੇਟੀ ਦੀ ਪੈਸੇ ਦੀ ਇੰਤਜਾਮ ਕਰਨ ਦੀ ਜਿੰਮੇਵਾਰੀ ਖਤਮ ਹੋਣ ਦਾ ਵੀ ਹੱਸਦੇ ਹੋਏ ਇਸ਼ਾਰਾ ਕੀਤਾ। ਸਿਰਸਾ ਨੇ ਸੰਸਾਰ ਭਰ ਦੇ ਸਮੂਹ ਧਰਮਾਂ ਦੇ ਲੋਕਾਂ ਨੂੰ ਇਸ ਕਾਰਜ ਵਿਚ ਹਿੱਸਾ ਪਾਉਣ ਦਾ ਵੀ ਸੱਦਾ ਦਿੱਤਾ। ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਵਿਰਾਸਤੀ ਘਰ ਵਿੱਚ ਮੌਜ਼ੂਦ ਹੱਥਲਿਖਤ ਸਰੂਪ ਅਤੇ ਹੋਰ ਇਤਿਹਾਸਕ ਤੱਥ ਪ੍ਰਮਾਣਿਕ ਹੋਣ ਦੇ ਨਾਲ ਹੀ ਪੰਥਕ ਰਵਾਇਤਾ ਦੀ ਪਹਿਰੇਦਾਰੀ ਕਰਦੇ ਹੋਣ।
ਸਾਬਕਾ ਰਾਜਸਭਾ ਮੈਂਬਰ ਅਤੇ ਵਿਰਾਸਤੀ ਘਰ ਦੇ ਕਨਵੀਨਰ ਤ੍ਰਿਲੋਚਨ ਸਿੰਘ ਨੇ ਕਿਹਾ ਕਿ ਵਿਰਾਸਤੀ ਘਰ ਵਿੱਚ ਅੱਧੇ ਘੰਟੇ ਵਿੱਚ ਹੀ ਸੰਗਤ ਨੂੰ ਸਿੱਖ ਇਤਿਹਾਸ ਦੀ ਵੱਡਮੁਲੀ ਜਾਣਕਾਰੀ ਦਿੱਤੀ ਜਾਵੇਗੀ।ਤ੍ਰਿਲੋਚਨ ਸਿੰਘ ਨੇ ਦਿੱਲੀ ਤੋਂ ਬਾਅਦ ਇਹ ਨਿਵੇਕਲਾ ਵਿਰਾਸਤੀ ਘਰ ਲੰਦਨ ਅਤੇ ਅਮਰੀਕਾ ਵਿੱਚ ਖੁਲਣ ਦੀ ਵੀ ਆਸ ਜਤਾਈ। ਸੰਸਦ ਭਵਨ ਦੇ ਸਾਹਮਣੇ ਬਣਨ ਕਰਕੇ ਇਸ ਵਿਰਾਸਤੀ ਘਰ ਦੀ ਕੀਮਤ ਅਨਮੋਲ ਦੱਸਦੇ ਹੋਏ ਤ੍ਰਿਲੋਚਨ ਸਿੰਘ ਨੇ ਬਾਬੀ ਬੇਦੀ ਵੱਲੋਂ ਡਿਜਾਇਨ ਕੀਤੇ ਗਏ ਵਿਰਾਸਤੀ ਘਰ ਵਿੱਚ ਸੰਗਤਾਂ ਨੂੰ ਜਾਣਕਾਰੀ ਦੇਣ ਵਾਲੀ ਮਲਟੀਮੀਡੀਆ ਤਕਨੀਕ ਲਈ ਸਕ੍ਰਿਪਟ ਲਿਖਣ ਦੀ ਜਿੰਮੇਵਾਰੀ ਕੇਂਦਰੀ ਵਿਦੇਸ਼ ਮੰਤਰਾਲੇ ਦੇ ਸਾਬਕਾ ਬੁਲਾਰੇ ਨਵਤੇਜ ਸਿੰਘ ਸਰਨਾ ਵੱਲੋਂ ਨਿਭਾਉਣ ਦੀ ਵੀ ਜਾਣਕਾਰੀ ਦਿੱਤੀ।
ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁੱਖੀ ਜਸਵਿੰਦਰ ਸਿੰਘ ਜੌਲੀ ਵੱਲੋਂ ਇਸ ਮੌਕੇ 51 ਹਜਾਰ ਰੁਪਏ ਦੀ ਰਾਸ਼ੀ ਨਿਜ਼ੀ ਤੌਰ ਤੇ ਪ੍ਰੋਜੈਕਟ ਲਈ ਦਿੱਲੀ ਦੀ ਸੰਗਤ ਦੀ ਪਹਿਲੀ ਹਾਜ਼ਰੀ ਦੇ ਤੌਰ ਤੇ ਦੇਣ ਦਾ ਵੀ ਐਲਾਨ ਕੀਤਾ ਗਿਆ। ਬਾੱਬੀ ਬੇਦੀ ਨੇ ਪ੍ਰੋਜੈਕਟਰ ਰਾਹੀਂ ਤਜਵੀਜ਼ ਮਾੱਡਲ ਦੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਰਵਿੰਦਰ ਸਿੰਘ ਖੁਰਾਣਾ, ਤਨਵੰਤ ਸਿੰਘ, ਗੁਰਬਚਨ ਸਿੰਘ ਚੀਮਾ, ਹਰਦੇਵ ਸਿੰਘ ਧਨੌਵਾ, ਕੈਪਟਲ ਇੰਦਰਪ੍ਰੀਤ ਸਿੰਘ, ਗੁਰਮੀਤ ਸਿੰਘ ਮੀਤਾ, ਪਰਮਜੀਤ ਸਿੰਘ ਚੰਢੋਕ, ਗੁਰਮੀਤ ਸਿੰਘ ਲੁਬਾਣਾ ਅਤੇ ਅਕਾਲੀ ਆਗੂ ਜਸਵੰਤ ਸਿੰਘ ਬਿੱਟੂ ਵੱਲੋਂ ਛਤਵਾਲ ਨੂੰ ਫੁੱਲਾਂ ਦੀ ਗੁਲਦੱਸਤਾ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply