Monday, July 8, 2024

ਮਾਮਲਾ ਕਾਲੇ ਕਾਨੂੰਨ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ 250 ਕਿਸਾਨਾਂ, ਮਜਦੂਰਾਂ ਤੇ ਬੀਬੀਆਂ ਨੂੰ ਗ੍ਰਿਫਤਾਰ ਕਰਨ ਦਾ

ਕਿਸਾਨ ਜਥੇਬੰਦੀ ਵੱਲੋ ਬਾਦਲ ਪਿੰਡ ਵਿਚ ਮੋਰਚਾ ਲਾਉਣ ਦਾ ਕੀਤਾ ਐਲਾਨ

ਅੰਮ੍ਰਿਤਸਰ, 10 ਦਸੰਬਰ (ਜਗਦੀਪ ਸਿੰਘ ਸੱਗੂ)- ਜਮਹੂਰੀ ਹੱਕਾਂ ਦਾ ਘਾਣ ਕਰਨ ਵਾਲੀ ਬਾਦਲ ਸਰਕਾਰ ਵੱਲੋ ਘਬਰਾਹਟ ਵਿਚ ਆ ਕੇ ਬਠਿੰਡਾ ਵਿਖੇ 250 ਦੇ ਕਰੀਬ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਤੇ ਬੀਬੀਆਂ ਨੂੰ ਛਾਪੇ ਮਾਰ ਕੇ ਅਤੇ ਧਰਨਾ ਦੇਣ ਵੇਲੇ ਜ਼ਬਰੀ ਗ੍ਰਿਫਤਾਰ ਕਰਨ ਦਾ ਵਿਰੋਧ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਤੇ ਜਨਰਲ ਸਕੱਤਰ ਸਵਿੰਦਰ ਸਿੰਘ ਨੇ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਅੱਜ 49 ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ‘ਤੇੇ ਅਧਾਰਿਤ ਕਾਲਾ ਕਾਨੂੰਨ ਵਿਰੋਧੀ ਤਾਲਮੇਲ ਕਮੇਟੀ ਦੇ ਸੱਦੇ ਉਤੇ ਪੰਜਾਬ ਭਰ ਵਿਚ ਕਾਲੇ ਕਾਨੂੰਨ ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ 2014 ਦੇ ਲਾਗੂ ਕਰਨ ਵਿਰੁੱਧ ਤਹਿਸੀਲ ਕੇਂਦਰਾਂ ਉਤੇ ਧਰਨੇ ਦੇ ਕੇ ਬਾਦਲ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਐਲਾਨ ਕੀਤਾ ਹੋਇਆ ਸੀ, ਜਿੰਨਾਂ ਨੂੰ ਬਿਨਾ ਕਿਸੇ ਉਕਸਾਹਟ ਦੇ ਗ੍ਰਿਫਤਾਰ ਕੀਤਾ ਗਿਆ ਹੈ। ਕਿਸਾਨ ਜਥੇਬੰਦੀ ਵੱਲੋ ਭਰਿਸ਼ਟ ਤੇ ਲੋਕਾਂ ਵਿੱਚ ਆਪਣਾ ਭਰੋਸਾ ਗੂਆ ਚੁੱਕੀ ਬਾਦਲ ਸਰਕਾਰ ਦੇ ਅਣਮਨੁੱਖੀ ਕਾਰੇ ਦੀ ਸਖਤ ਨਖੇਧੀ ਕਰਦਿਆਂ ਐਲਾਨ ਕੀਤਾ ਕਿ ਬਾਦਲ ਸਰਕਾਰ ਦੇ ਜਬਰ ਦਾ ਸਬਰ ਨਾਲ ਸਾਹਮਣਾ ਕੀਤਾ ਜਾਵੇਗਾ ਤੇ 16 ਤੇ 18 ਦਸੰਬਰ ਨੂੰ ਬਰਨਾਲੇ ਤੇ ਅੰਮ੍ਰਿਤਸਰ ਵਿਖੇ ਲਲਕਾਰ ਰੈਲੀਆਂ ਕੀਤੀਆਂ ਜਾਣਗੀਆਂ।ਆਗੂਆਂ ਨੇ ਕਿਹਾ ਕਿ ਜੇਕਰ 17 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ 8 ਕਿਸਾਨ ਤੇ 4 ਮਜਦੂਰ ਜਥੇਬੰਦੀਆਂ ਦੀ ਹੋਣ ਵਾਲੀ ਮੀਟਿੰਗ ਵਿੱਚ ਕਿਸਾਨ ਮਸਲੇ ਹੱਲ ਨਾ ਕੀਤੇ ਤਾਂ ਇਹਨਾਂ ਰੈਲੀਆਂ ਵਿੱਚ ਮੁੱਖ ਮੰਤਰੀ ਦੇ ਪਿੰਡ ਬਾਦਲ ਵਿਖੇ ਤਿੰਨ ਦਿਨ੍ਹਾਂ ਪੱਕਾ ਮੋਰਚਾ ਲਾਉਣ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਕਿਸਾਨਾਂ, ਮਜਦੂਰਾਂ, ਮੁਲਾਜ਼ਮਾਂ ਤੇ ਬੀਬੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਮਨੁੱਖੀ ਤੇ ਸੰਵਿਧਾਨਕ ਹੱਕਾਂ ਦਾ ਘਾਣ ਕਰਨ ਵਾਲਾ ਕਾਲਾ ਕਾਨੂੰਨ ਤੁਰੰਤ ਰੱਦ ਕੀਤਾ ਜਾਵੇ।ਆਬਾਦਕਾਰ ਕਿਸਾਨਾਂ ਦਾ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਕੀਤਾ ਜਾ ਰਿਹਾ ਉਜਾੜਾ ਬੰਦ ਕੀਤਾ ਜਾਵੇ ਤੇ ਆਬਾਦਕਾਰਾਂ ਨੂੰ ਪੱਕੇ ਮਾਲਕੀ ਦੇ ਹੱਕ ਦਿੱਤੇ ਜਾਣ। ਘੱਟ ਰੇਟ ‘ਤੇ ਵਿਕੀ ਬਾਸਮਤੀ 1121/1509 ਦੀ ਹੋਈ ਲੂੱਟ ਦੀ ਭਰਪਾਈ ਬਾਦਲ ਸਰਕਾਰ ਬੋਨਸ ਦੇ ਰੂਪ ਵਿਚ ਕਰੇ, ਨਰਮਾ ਪ੍ਰਭਾਵਿਤ ਕਿਸਾਨਾਂ ਨੂੰ 40 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤੇ ਮੰਨੀਆ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ।ਕਿਸਾਨਾਂ, ਮਜਦੂਰਾਂ ਦੇ ਕਰਜੇ ਖਤਮ ਕੀਤੇ ਜਾਣ, ਡਾਕਟਰ ਸਵਾਮੀ ਨਾਥਨ ਦੀਆਂ ਰਿਪੋਰਟ ਲਾਗੂ ਕੀਤੀ ਜਾਵੇ। ਗੰਨੇ ਦਾ 136 ਕਰੋੜ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply