Monday, July 8, 2024

ਅੰਮ੍ਰਿਤਸਰ ਤੋਂ ਲੰਡਨ ਤੇ ਬਰਮਿੰਘਮ ਲਈ ਸਿੱਧੀਆਂ ਉਡਾਣਾਂ ਮੁੜ ਬਹਾਲ ਕੀਤੀਆਂ ਜਾਣ – ਗੁਮਟਾਲਾ

CS Gumtala

ਅੰਮ੍ਰਿਤਸਰ, 14 ਦਸੰਬਰ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਦਸੰਬਰ ਤੋਂ ਏਅਰ ਇਡੀਆਂ ਦੀ ਅਹਿਮਦਾਬਾਦ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਕਰਨ ਦਾ ਸੁਆਗਤ ਕਰਦੇ ਹੋਏ, ਮੰਗ ਕੀਤੀ ਹੈ ਅੰਮ੍ਰਿਤਸਰ ਤੋਂ ਵੀ ਬਰਮਿੰਘਮ ਤੇ ਲੰਡਨ ਲਈ ਸਿਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼ਹਿਰੀ ਹਵਾਬਾਜੀ ਮੰਤਰੀ ਅਸ਼ੋਕ ਰਾਜਪੱਤੀ ਰਾਜੂ ਤੇ ਖਜਾਨਾ ਮੰਤਰੀ ਅਰੁਣ ਜੇਤਲੀ ਨੂੰ ਭੇਜੀ ਇਕ ਈ-ਮੇਲ ਵਿਚ ਗੁਮਟਾਲਾ ਨੇ ਕਿਹਾ ਕਿ ਇੰਗਲੈਂਡ ਵਿਚ ਗੁਜਰਾਤੀਆਂ ਨਾਲੋਂ ਪੰਜਾਬੀ ਜਿਆਦਾ ਰਹਿੰਦੇ ਹਨ, ਇਸ ਲਈ ਅੰਮ੍ਰਿਤਸਰ ਤੋਂ ਵੀ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ।ਪਹਿਲਾਂ ਅੰਮ੍ਰਿਤਸਰ ਤੋਂ ਬਰਮਿੰਘਮ ਤੇ ਅੰਮ੍ਰਿਤਸਰ -ਲੰਡਨ-ਟੋਰਾਂਟੋ ਸਿੱਧੀਆਂ ਉਡਾਣਾਂ ਬਹੁਤ ਹੀ ਸਫਲਤਾ ਪੂਰਵਕ ਚਲ ਰਹੀਆਂ ਸਨ ਪਰ 2010 ਵਿਚ ਦਿੱਲੀ ਹਵਾਈ ਅੱਡੇ ਦਾ ਨਵਾਂ ਟਰਮੀਨਲ ਚਾਲੂ ਹੋਣ ਤੇ ਦਿੱਲੀ ਹਵਾਈ ਅੱਡੇ ਦੀ ਆਮਦਨ ਵਧਾਉਣ ਲਈ ਇਨ੍ਹਾਂ ਉਡਾਣਾਂ ਨੂੰ ਬਰਾਸਤਾ ਦਿੱਲੀ ਕਰ ਦਿੱਤਾ ਗਿਆ। ਬਾਦ ਵਿਚ 2012 ਵਿਚ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ ਬੰਦ ਕਰ ਦਿੱਤੀ ਗਈ। ਜੈਟ ਏਅਰਵੇਜ਼ ਨੇ ਅੰਮ੍ਰਿਤਸਰ ਤੋਂ ਲੰਡਨ ਲਈ ਸਿਧੀ ਉਡਾਣ ਸ਼ੁਰੂ ਕੀਤੀ ਸੀ ਜੋ ਬਹੁਤ ਹੀ ਸਫ਼ਲਤਾ ਪੂਰਵਕ ਚਲ ਰਹੀ ਸੀ ਪਰ ਏਅਰ ਇਡੀਆਂ ਵਲੋਂ ਅੰਮ੍ਰਿਤਸਰ -ਲੰਡਨ-ਟੋਰਾਂਟੋ ਉਡਾਣ ਸ਼ੁਰੂ ਕਰਨ ਕਰਕੇ ਜੈਟ ਏਅਰਵੇਜ਼ ਨੂੰ ਅੰਮ੍ਰਿਤਸਰ – ਲੰਡਨ ਉਡਾਣ ਬੰਦ ਕਰਨੀ ਪਈ।ਸਿਧੀਆਂ ਉਡਾਣਾਂ ਬੰਦ ਕਰਨ ਨਾਲ ਇੱਥੋਂ ਏਅਰ ਕਾਰਗੋ ਵੀ ਬੰਦ ਹੋ ਗਿਆ,ਜਿਸ ਨਾਲ ਕਿਸਾਨਾਂ ਤੇ ਵਪਾਰੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।ਜੇ ਸਿਧੀਆਂ ਉਡਾਣਾਂ ਮੁੜ ਸ਼ੁਰੂ ਹੋ ਜਾਂਦੀਆਂ ਹਨ ਤਾਂ ਇੱਥੋਂ ਸਬਜੀਆਂ,ਫੁੱਲ ,ਅੰਡੇ ਵਗੈਰਾ ਵਿਦੇਸ਼ਾਂ ਨੂੰ ਜਾ ਸਕਦੇ ਹਨ।
ਇਸ ਸਮੇਂ ਅੰਮ੍ਰਿਤਸਰ ਤੋਂ ਬਰਮਿੰਘਮ ਬਰਾਸਤਾ ਦਿੱਲੀ ਉਡਾਣ ਅਤੇ ਅੰਮ੍ਰਿਤਸਰ -ਦਿੱਲੀ-ਲੰਡਨ ਦੀਆਂ ਦੋਵੇਂ ਉਡਾਣਾਂ ਬਹੁਤ ਹੀ ਘਾਟੇ ਵਿਚ ਜਾ ਰਹੀਆਂ ਹਨ। ਮੰਚ ਵੱਲੋਂ ਇਨ੍ਹਾਂ ਉਡਾਣਾਂ ਨੂੰ ਘਾਟੇ ਵਿਚੋਂ ਕੱਢਣ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ 28 ਮਾਰਚ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼ਹਿਰੀ ਹਵਾਬਾਜੀ ਮੰਤਰੀ ਅਸ਼ੋਕ ਰਾਜਪੱਤੀ ਰਾਜੂ ਤੇ ਖਜਾਨਾ ਮੰਤਰੀ ਅਰੁਣ ਜੇਤਲੀ ਨੂੰ ਈ ਮੇਲ ਭੇਜੀ ਗਈ ਸੀ ਕਿਉਂਕਿ ਇਨ੍ਹਾਂ ਉਡਾਣਾਂ ਵਿਚ ਸਵਾਰੀਆਂ ਪੰਜਾਬ ਦੀਆਂ ਹੁੰਦੀਆਂ ਹਨ।ਇਸ ਦੇ ਜੁਆਬ ਵਿਚ ਭਾਰਤ ਸਰਕਾਰ ਨੇ ਕਿਹਾ ਕਿ ਦਿੱਲੀ ਹਬ ਹੈ, ਇਸ ਲਈ ਇਹ ਉਡਾਣਾਂ ਬਰਾਸਤਾ ਦਿੱਲੀ ਹੀ ਜਾਣਗੀਆਂ।ਹੁਣ ਜਦ ਏਅਰ ਇੰਡੀਆ ਅਹਿਮਦਾਬਾਦ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ ਤਾਂ ਇਸ ਤੋਂ ਸਿੱਧ ਹੋ ਜਾਂਦਾ ਹੈ ਕਿ ਦਿੱਲੀ ਹੱਬ ਵਾਲੀ ਕੋਈ ਗੱਲ ਨਹੀਂ । ਇਸ ਤਰ੍ਹਾਂ ਨਾ ਕੇਵਲ ਅੰਮ੍ਰਿਤਸਰ ਤੋਂ ਬਰਮਿੰਘਮ ਤੇ ਲੰਡਨ ਲਈ ਸਿਧੀਆਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ ਸਗੋਂ ਕੈਨੇਡਾ,ਅਮਰੀਕਾ,ਅਸਟਰੇਲੀਆਂ ਤੇ ਹੋਰਨਾਂ ਮੁਲਕਾਂ ਵੀ ਗੁਰੂ ਕੀ ਨਗਰੀ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਹੋ ਸਕਦੀਆਂ ,ਲੋੜ ਹੈ ਤਾਂ ਕੇਵਲ ਇਛਾ ਸ਼ਕਤੀ,ਇਮਾਨਦਾਰੀ ਤੇ ਗੁਰੂ ਦੀ ਨਗਰੀ ਦਾ ਭਲਾ ਸੋਚਣ ਦੀ।ਇਸ ਸਮੇਂ ਇਨ੍ਹਾਂ ਉਡਾਣਾਂ ਨੂੰ ਦੋ ਦੋ ਜਹਾਜ਼ ਵਰਤਣੇ ਪੈ ਰਹੇ ਹਨ। ਜੇ ਇਹ ਉਡਾਣ ਸਿੱਧੀ ਹੋ ਜਾਂਦੀ ਹੈ ਤਾਂ ਕੇਵਲ ਇਕ ਜਹਾਜ਼ ਚਾਹੀਦਾ ਹੈ, ਜਿਸ ਨਾਲ ਖਰਚਾ ਘੱਟ ਜਾਵੇਗਾ ਤੇ ਇਹ ਘਾਟਾ ਦੂਰ ਹੋ ਜਾਵੇਗਾ।ਅੰਮ੍ਰਿਤਸਰ ਹਵਾਈ ਅੱਡੇ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply