Sunday, July 7, 2024

ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸੱਤ-ਰੋਜ਼ਾ ਐਨ.ਐਸ.ਐਸ ਕੈਂਪ ਸਪੰਨ

PPN0101201603ਬਠਿੰਡਾ, 1 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਯੁਵਕ-ਸੇਵਾਵਾਂ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਆਰ.ਬੀ.ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਦੇ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਸੱਤ-ਰੋਜ਼ਾ ਐਨ.ਐੱਸ.ਐੱਸ. ਕੈਂਪ ਪਿੰਡ ਮਛਾਣਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਲਾਇਆ ਗਿਆ। ਇਸ ਦੀ ਅਗਵਾਈ ਪ੍ਰੋਗ੍ਰਾਮ ਅਫ਼ਸਰ ਨਵਪ੍ਰੀਤ ਸਿੰਘ ਅਤੇ ਮੈਡਮ ਕਿਰਨਦੀਪ ਕੌਰ ਗਿੱਲ ਨੇ ਕੀਤੀ। ਇਸ ਦਿਨ-ਰਾਤ ਦੇ ਕੈਂਪ ਵਿੱਚ 50 ਵਲੰਟੀਅਰਾਂ ਨੇ ਭਾਗ ਲਿਆ। ਇਹ ਕੈਂਪ ਸੱਤ ਦਿਨ ਤੱਕ ਲਾਇਆ ਗਿਆ ਜਿਸ ਵਿੱਚ ਵਲੰਟੀਅਰਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਆਪਣਾ ਬੇਸ ਕੈਂਪ ਬਣਾਇਆ ਅਤੇ ਸਕੂਲ ਦੀ ਸਫ਼ਾਈ ਤੇ ਰੰਗ-ਰੋਗਨ ਕੀਤਾ। ਇਸ ਦੇ ਨਾਲ ਨਾਲ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਸਫ਼ਾਈ ਦਾ ਕੰਮ ਵੀ ਨੇਪਰੇ ਚਾੜ੍ਹਿਆ। ਵਲੰਟੀਅਰਾਂ ਨੇ ਪਿੰਡ ਵਿੱਚ ਪੌਦੇ ਲਾਏ, ਸਮਾਜਿਕ ਕੁਰੀਤੀਆਂ ਵਿਰੁੱਧ ਰੈਲੀ ਕੱਢੀ ਅਤੇ ਇਹਨਾਂ ਸਬੰਧੀ ਕੰਧਾਂ ਉੱਤੇ ਨਾਅਰੇ ਵੀ ਲਿਖੇ। ਇਸ ਕੈਂਪ ਦਾ ਉਦਘਾਟਨ ਪਿੰਡ ਦੇ ਸਰਪੰਚ ਜੱਗਾ ਰਾਮ ਅਤੇ ਪੰਚਾਂ ਨੇ ਕੀਤਾ। ਬੱਚਿਆਂ ਦੇ ਸਰਵ-ਪੱਖੀ ਵਿਕਾਸ ਲਈ, ਕੈਂਪ ਦੌਰਾਨ ਵੱਖ ਵੱਖ ਵਿਸ਼ਿਆਂ ਦੇ ਮਾਹਿਰ ਬੁਲਾਰੇ ਬੁਲਾਏ ਗਏ, ਜਿਹਨਾਂ ਵਿੱਚ ਡਾ. ਮੋਹਨ ਲਾਲ ਨੇ ਛੂਤ-ਛਾਤ ਦੀਆਂ ਬਿਮਾਰੀਆਂ ਬਾਬਤ, ਨਰੇਸ਼ ਪਠਾਣੀ ਨੇ ਮੁੱਢਲੀ ਸਹਾਇਤਾ ਅਤੇ ਖੂਨਦਾਨ ਬਾਰੇ, ਮਨਪ੍ਰੀਤ ਟਿਵਾਣਾ ਨੇ ਸਭਿਆਚਾਰ ਅਤੇ ਸਮਾਜ ਵਿੱਚ ਆ ਰਹੇ ਬਦਲਾਅ ਬਾਬਤ, ਡਾ. ਸ਼੍ਰੀਮਤੀ ਵਿਨੋਦ ਦੇਵਗਨ ਨੇ ਯੁਵਕਾਂ ਤੇ ਪੈ ਰਹੇ ਟੈਕਨੌਲਜੀ ਦੇ ਪ੍ਰਭਾਵਾਂ ਬਾਰੇੇ, ਡਾ. ਐਸ.ਐਮ. ਦੇਵਗਨ ਨੇ ਵਿਗਿਆਨ ਅਤੇ ਸਮਾਜ ਦੇ ਸੰਬੰਧ ਬਾਰੇ ਅਤੇ ਸੁਖਰਾਜ ਸਿੰਘ ਜੀ ਨੇ ਟਰੈਫਿਕ ਨਿਯਮਾਂ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ। ਅੰਤਿਮ ਦਿਨ ਵਿਦਾਇਗੀ ਪ੍ਰੋਗ੍ਰਾਮ ਤੇ ਰਘਬੀਰ ਸਿੰਘ ਮਾਨ, ਅਸਿਸਟੈਂਟ ਡਾਇਰੈਕਟਰ ਯੂਥ ਸਰਵਿਸਜ ਵਿਭਾਗ ਬਠਿੰਡਾ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਇਸ ਦੇ ਨਾਲ ਡੀ.ਏ.ਵੀ. ਸਕੂਲ ਬਠਿੰਡਾ ਦੇ ਪ੍ਰਿੰਸੀਪਲ ਡਾ. ਸਤਵੰਤ ਕੋਰ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇੇ। ਇਸ ਮੌਕੇ ਬੋਲਦਿਆਂ ਰਘਬੀਰ ਸਿੰਘ ਮਾਨ ਜੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਹੋਰ ਵੀ ਲੱਗਣੇ ਚਾਹੀਦੇ ਨੇ ਤਾਂ ਕਿ ਬੱਚਿਆਂ ਨੂੰ ਸਮਾਜ ਨਾਲ ਜੋੜਿਆ ਜਾ ਸਕੇ ਅਤੇ ਉਨ੍ਹਾਂ ਵਿੱਚ ਬਰਾਬਰਤਾ ਦੀ ਭਾਵਨਾ ਪੈਦਾ ਹੋਵੇ। ਇਸ ਦੇ ਨਾਲ ਹੀ ਉਹਨਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਡੀ.ਏ.ਵੀ. ਸਕੂਲ ਬਠਿੰਡਾ ਦੇ ਇਸ ਉੱਦਮ ਨੂੰ ਸਲਾਹਿਆ ਅਤੇ ਵਲੰਟੀਅਰਾਂ ਨੂੰ ਸ਼ਾਬਾਸ਼ ਦਿੱਤੀ। ਵਿਸ਼ੇਸ਼ ਮਹਿਮਾਨ ਡਾ. ਸਤਵੰਤ ਕੌਰ ਭੁੱਲਰ ਨੇ ਬੱਚਿਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਰਾਹੀਂ ਹੀ ਬੱਚਿਆਂ ਵਿੱਚ ਹੱਥੀਂ ਕਿਰਤ ਕਰਨ ਦੀ ਭਾਵਨਾ ਉਜਾਗਰ ਹੁੰਦੀ ਹੈ ਅਤੇ ਬੱਚਿਆਂ ਦੇ ਸਰਵ-ਪੱਖ ਵਿਕਾਸ ਲਈ ਇਹ ਕੈਂਪ ਬਹੁਤ ਮਹੱਤਵ-ਪੂਰਨ ਹਨ। ਉਨ੍ਹਾਂ ਨੇ ਆਪਣੇ ਸ਼ਬਦਾਂ ਵਿੱਚ ਪ੍ਰੋਗ੍ਰਾਮ ਅਫ਼ਸਰਾਂ ਅਤੇ ਵਲੰਟੀਅਰਾਂ ਨੂੰ ਇਸ ਲੀਹ ਤੇ ਅੱਗੇ ਵਧਣ ਦੀ ਹੱਲਾਸ਼ੇਰੀ ਦਿੱਤੀ। ਉਪਦੇਸ਼ ਸਿੰਘ ਨੂੰ ਮੁੰਡਿਆਂ ਵਿੱਚੋਂ ਅਤੇ ਮੁਸਕਾਨ ਨੂੰ ਕੁੜੀਆਂ ਵਿੱਚੋਂ ‘ਬੈਸਟ ਵਲੰਟੀਅਰ’ ਚੁਣਿਆ ਗਿਆ। ਇਸ ਮੌਕੇ ਵਲੰਟੀਅਰਾਂ ਨੇ ਸਭਿਆਚਾਰਕ ਪ੍ਰੋਗ੍ਰਾਮ ਵੀ ਪੇਸ਼ ਕੀਤਾ। ਅੰਤ ਵਿੱਚ ਪ੍ਰੋਗ੍ਰਾਮ ਅਫ਼ਸਰ ਨਵਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ, ਪਿੰਡ ਦੀ ਪੰਚਾਇਤ ਦਾ, ਬਾਬਾ ਰਤਨ ਸਪੋਰਟਸ ਕਲੱਬ ਦਾ, ਪਿੰਡ ਨਿਵਾਸੀਆਂ ਦਾ ਅਤੇ ਖਾਸ ਤੌਰ ਤੇ ਵਿਸ਼ਵਦੀਪ ਸਿੰਘ ਸਰਾ ਦੇ ਪਰਿਵਾਰ ਦਾ ਹਰ ਮੋੜ ਤੇ ਸਾਥ ਦੇਣ ਲਈ ਧੰਨਵਾਦ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply