Monday, July 8, 2024

ਪੁਲਿਸ ਫੋਰਸ ਦੀ ਪਗੜੀ ਤੋਂ ਹਟੀ ਲਾਲ-ਨੀਲੀ ਝਾਲਰ-ਨਵਾਂ ਵਰ੍ਹਾ ਬਣਿਆ ‘ਆਜ਼ਾਦੀ ਦਿਹਾੜਾ’

Police

ਅੰਮ੍ਰਿਤਸਰ, 1 ਜਨਵਰੀ (ਪ.ਪ)- ਅੰਗਰੇਜ਼ ਸਰਕਾਰ ਦੀ ਗੁਲਾਮੀ ਦੀ ਪ੍ਰਤੀਕ ਲਾਲ-ਨੀਲੀ ਝਾਲਰ ਵਾਲੀ ‘ਪੁਲਸੀਆ ਪੱਗ’ ਪੰਜਾਬ ਪੁਲਿਸ ਫੋਰਸ ਦੇ ਸਿਪਾਹੀ ਅਤੇ ਮੁੱਖ-ਸਿਪਾਹੀ ਹੁਣ ਸਿਰਫ਼ ਸੈਰਾਮੋਨੀਅਲ ਓਕੇਜ਼ਨ ਭਾਵ ਸਲਾਮੀ ਦੇਣ ਵਾਲੇ ਸਮਾਗਮਾਂ ‘ਤੇ ਹੀ ਪਹਿਨਣਗੇ।ਸ਼ੁੱਕਰਵਾਰ ਦੁਪਹਿਰ ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਫੋਰਸ ਦੇ ਕਰਮਚਾਰੀਆਂ ਨੂੰ ਉਪਰੋਕਤ ਪਗੜੀ ਤੋਂ ਨਿਜਾਤ ਦਵਾ ਕੇ ਡਾਇਰੈਕਟਰ ਜਨਰਲ ਪੁਲਿਸ ਸ਼੍ਰੀ ਸੁਰੇਸ਼ ਅਰੋੜਾ ਨੇ ਉਹਨਾਂ ਨੂੰ ਨਵੇਂ ਵਰ੍ਹੇ ਦਾ ਸਭ ਤੋਂ ਅਮੁੱਲ ਤੋਹਫ਼ਾ ਦਿੱਤਾ ਹੈ।ਸ਼੍ਰੀ ਕੋਛੜ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਪਾਸੋਂ ਪੁਲਿਸ ਫੋਰਸ ਨੂੰ ਲਾਲ-ਨੀਲੀ ਝਾਲਰ ਵਾਲੀ ‘ਪੁਲਸੀਆ ਪੱਗ’ ਤੋਂ ਨਿਜਾਤ ਦਿਵਾਉਣ ਦੀ ਮੰਗ ਕਰਦੇ ਆ ਰਹੇ ਹਨ।ਉਹਨਾਂ ਕਿਹਾ ਕਿ ਲਾਲ-ਨੀਲੀ ਝਾਲਰ ਵਾਲੀ ‘ਪੁਲਸੀਆ ਪੱਗ’ ਦੀ ਮਜ਼ਬੂਤੀ ਬਣਾਈ ਰੱਖਣ ਲਈ ਪੁਲਿਸ ਕਰਮਚਾਰੀ ਇਸ ਦੇ ਪਹਿਲੇ ਪੇਚ ਅਤੇ ਆਖਰੀ ਪੇਚ ਵਿਚ ਅਖ਼ਬਾਰੀ ਕਾਗ਼ਜ਼, ਗੱਤਾ ਜਾਂ ਐਕਸ-ਰੇ ਫਿਲਮ ਦੀ ਕਟਿੰਗ ਫਿਟ ਕਰਦੇ ਹਨ ਤਾਂ ਕਿ ਪੱਗ ਛੇਤੀ ਨਾ ਢਹੇ।ਉਹਨਾਂ ਕਿਹਾ ਕਿ ਉਪਰੋਕਤ ਪੱਗ ਨੂੰ ਬੰਨ੍ਹਣਾ ਔਖਾ ਹੋਣ ਕਰਕੇ ਸਿਪਾਹੀ ਇਸ ਨੂੰ ਕਈ-ਕਈ ਹਫ਼ਤਿਆਂ ਤੇ ਮਹੀਨਿਆਂ ਤੱਕ ਜਿਉਂ ਦੇ ਤਿਉਂ ਬਿਨ੍ਹਾਂ ਧੋਤੇ ਸਿਰਾਂ ‘ਤੇੇ ਰੱਖਦੇ ਹਨ।
ਸ਼੍ਰੀ ਕੋਛੜ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਉਹਨਾਂ ਵਲੋਂ ਭੇਜੇ ਰਜਿਸਟਰਡ ਪੱਤਰ ਦੇ ਆਧਾਰ ‘ਤੇ ਵਧੀਕ ਸਕੱਤਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਨੇ ਇਸ ਸੰਬੰਧੀ ਡੀ.ਜੀ.ਪੀ. ਦਫ਼ਤਰ ਪਾਸੋਂ ਮੰਗੇ ਜਵਾਬ ਦੇ ਬਾਅਦ ਪੁਲਿਸ ਫੋਰਸ ਦੇ ਕਰਮਚਾਰੀਆਂ ਦੀ ਉਪਰੋਕਤ ਸਮੱਸਿਆ ਤੋਂ ਪੱਲਾ ਝਾੜਦਿਆਂ ਕਿਹਾ ਸੀ ਕਿ ਪੰਜਾਬ ਪੁਲਿਸ ਫੋਰਸ ਦੇ ਕਰਮਚਾਰੀਆਂ ਦੀ ਮੌਜੂਦਾ ਪਗੜੀ ਹਰ ਪੱਖੋਂ ਮੁਕੰਮਲ ਅਤੇ ਠੀਕ ਹੈ।ਇਸ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ।ਇਸ ‘ਤੇ ਉਹਨਾਂ ਇਕ ਵਾਰ ਫਿਰ ਪੰਜਾਬ ਸਰਕਾਰ ਨੂੰ ਉਹਨਾਂ ਦੇ ਚੋਣ ਮੈਨੀਫੈਸਟੋ ਵਿਚ ਲਾਲ-ਨੀਲੀ ਝਾਲਰ ਵਾਲੀ ‘ਪੁਲਸੀਆ ਪੱਗ’ ਨੂੰ ਬਦਲਣ ਦਾ ਵਾਅਦਾ ਯਾਦ ਕਰਵਾਉਂਦਿਆਂ ਕਿਹਾ ਕਿ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਫੋਰਸ ਦੀ ਲਾਲ ਨੀਲੀ ਝਾਲਰ ਵਾਲੀ ਪੱਗ ਸਾਡੀ ਕੌਮੀ ਵਿਰਾਸਤ ਨਹੀਂ ਸਗੋਂ ਬ੍ਰਿਟਿਸ਼ ਵਲੋਂ ਥੋਪੀ ਗਈ ਗ਼ੁਲਾਮੀ ਦੀ ਨਿਸ਼ਾਨੀ ਹੈ, ਜਿਸ ਨੂੰ ਬਦਲਣ ਨਾਲ ਸਰਕਾਰ ਜਾਂ ਆਮ ਜਨਤਾ ‘ਤੇ ਕੋਈ ਵਾਧੂ ਆਰਥਿਕ ਭਾਰ ਨਹੀਂ ਪੈਣ ਵਾਲਾ, ਪਰ ਸਿਪੰਲ ਸਟਾਈਲ ਪੱਗ ਬੰਨ੍ਹਣ ਨਾਲ ਪੰਜਾਬ ਪੁਲਿਸ ਫੋਰਸ ਦੇ ਕਰੀਬ 50 ਹਜ਼ਾਰ ਸਿਪਾਹੀਆਂ ਅਤੇ ਮੁੱਖ ਸਿਪਾਹੀਆਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ।ਜਿਸ ਦੇ ਬਾਅਦ ਹੁਣ ਸੂਬੇ ਦੇ ਡਾਇਰੈਕਟਰ ਜਨਰਲ ਪੁਲਿਸ ਸ਼੍ਰੀ ਸੁਰੇਸ਼ ਅਰੋੜਾ ਨੇ ਲਾਲ-ਨੀਲੀ ਝਾਲਰ ਵਾਲੀ ‘ਪੁਲਸੀਆ ਪੱਗ’ ਦੀ ਜਗਾ ਵਰਦੀ ਵਾਲੀ ਸਾਧਾਰਣ ਪੱਗ ਪਹਿਨਣ ਦੇ ਆਦੇਸ਼ ਜਾਰੀ ਕਰਨ ਦਾ ਅਹਿਮ ਫੈਸਲਾ ਕਰਕੇ ਇਸ ਦੀ ਜਾਣਕਾਰੀ ਸੂਬੇ ਦੇ ਸਾਰੇ ਆਈ.ਜੀ. ਜੋਨ ਰੇਂਜ, ਕਮਿਸ਼ਨਰੇਟ ਅਤੇ ਜ਼ਿਲ੍ਹਾ ਪੁਲਿਸ ਨੂੰ ਭਿਜਵਾ ਦਿੱਤੀ ਹੈ।

ਪੁਲਿਸ ਕਰਮਚਾਰੀ ਹੁਣ ਬਿਹਤਰ ਢੰਗ ਨਾਲ ਕਰ ਸਕਣਗੇ ਆਪਣੀ ਡਿਉਟੀ
ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ ਨੇ ਕਿਹਾ ਕਿ ਡੀ.ਜੀ.ਪੀ. ਸ਼੍ਰੀ ਸੁਰੇਸ਼ ਅਰੋੜਾ ਦੁਆਰਾ ਲਏ ਗਏ ਉਪਰੋਕਤ ਅਹਿਮ ਫੈਸਲੇ ਦੇ ਚਲਦਿਆਂ ਇਹ ਨਵਾਂ ਵਰ੍ਹਾ ਪੁਲਿਸ ਫੋਰਸ ਲਈ ‘ਆਜ਼ਾਦੀ ਦਿਹਾੜੇ’ ਦੇ ਸਮਾਨ ਸਾਬਤ ਹੋਇਆ ਹੈ।ਉਹਨਾਂ ਕਿਹਾ ਕਿ ਪੁਲਿਸ ਫੋਰਸ ਦੀ ਵਾਧੂ ਬੋਝ ਵਾਲੀ ਲਾਲ-ਨੀਲੀ ਝਾਲਰ ਵਾਲੀ ਪੁਲਸੀਆ ਪੱਗ ਨੂੰ ਬਦਲਣ ‘ਤੇ ਸਿਪਾਹੀਆਂ ਨੂੰ ਆਪਣੀ ਡਿਉਟੀ ਨਿਭਾਉਣ ਵਿਚ ਵੱਡੀ ਰਾਹਤ ਮਿਲੇਗੀ ਅਤੇ ਉਹ ਬਿਹਤਰ ਢੰਗ ਨਾਲ ਕੰਮ ਕਰ ਸਕਣਗੇ।
ਫੋਟੋ : ਜਾਣਕਾਰੀ ਦਿੰਦੇ ਹੋਏ ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply