Monday, July 8, 2024

ਨਾਂਦੇੜ ਸਾਹਿਬ ਦੇ ਦਰਸ਼ਨਾਂ ਤੋਂ ਪਰਤੀ ਰੇਲ ਗੱਡੀ – ਸੰਗਤਾਂ ਦਾ ਰੇਲਵੇ ਸਟੇਸ਼ਨ ‘ਤੇ ਸਵਾਗਤ

PPN0601201607ਅੰਮ੍ਰਿਤਸਰ, 6 ਜਨਵਰੀ (ਗੁਰਚਰਨ ਸਿੰਘ)- ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੰਮ੍ਰਿਤਸਰ ਤੋਂ 1 ਜਨਵਰੀ ਨੂੰ ਨਾਂਦੇੜ ਸਾਹਿਬ ਲਈ ਚੱਲੀ ਵਿਸ਼ੇਸ਼ ਰੇਲ ਗੱਡੀ ਸ਼ਰਧਾਲੂਆਂ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਇਸ ਦੇ ਨੇੜੇ ਸਥਿਤ ਹੋਰਨਾਂ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਅੱਜ ਦੇਰ ਸ਼ਾਮ ਅੰਮ੍ਰਿਤਸਰ ਵਾਪਸ ਪਹੁੰਚ ਗਈ। ਅੰਮ੍ਰਿਤਸਰ ਸਟੇਸ਼ਨ ਪਹੁੰਚਣ ‘ਤੇ ਸ਼ਰਧਾਲੂਆਂ ਦਾ ਪੂਰੇ ਜਾਹੋ-ਜਲਾਲ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਦਰਸ਼ਨਾਂ ਤੋਂ ਬਾਅਦ ਇਥੇ ਪਹੁੰਚੀਆਂ ਸੰਗਤਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਅਹਿਮ ਉਪਰਾਲੇ ਸਦਕਾ ਉਨ੍ਹਾਂ ਨੂੰ ਦਸਮ ਪਿਤਾ ਨਾਲ ਸਬੰਧਤ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਇਲਾਵਾ ਉਨ੍ਹਾਂ ਨੇ ਗੁਰਦੁਆਰਾ ਹੀਰਾ ਘਾਟ, ਗੁਰਦੁਆਰਾ ਬੰਦਾ ਘਾਟ, ਗੁਰਦੁਆਰਾ ਮਾਤਾ ਸਾਹਿਬ ਕੌਰ, ਗੁਰਦੁਆਰਾ ਸ਼ਿਕਾਰ ਘਾਟ, ਗੁਰਦੁਆਰਾ ਸੰਗਤ ਸਾਹਿਬ, ਗੁਰਦੁਆਰਾ ਮਾਲਟੇਕੜੀ ਸਾਹਿਬ ਅਤੇ ਗੁਰਦੁਆਰਾ ਨਗੀਨਾ ਘਾਟ ਦੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯਾਤਰਾ ਦੌਰਾਨ ਖਾਣੇ, ਰਹਿਣ-ਸਹਿਣ ਅਤੇ ਹੋਰਨਾਂ ਸਹੂਲਤਾਂ ਦੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਸਨ।  ਇਸ ਮੌਕੇ ਆਪਣੇ ਪਰਿਵਾਰ ਸਮੇਤ ਸ਼ਰਧਾਲੂਆਂ ਵਿਚ ਸ਼ਾਮਿਲ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੌਰਾਨ ਜਥੇਦਾਰ ਕੁਲੰਵਤ ਸਿੰਘ ਅਤੇ ਮੀਤ ਜਥੇਦਾਰ ਵੱਲੋਂ ਸੰਗਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰਨਾਂ ਗੁਰਧਾਮਾਂ ਦੇ ਦਰਸ਼ਨਾਂ ਮੌਕੇ ਉਥੋਂ ਦੀਆਂ ਸੰਗਤਾਂ ਵੀ ਉਨ੍ਹਾਂ ਦੇ ਸਵਾਗਤ ਲਈ ਪੱਬਾਂ ਭਾਰ ਹੋਈਆਂ ਪਈਆਂ ਸਨ। ਉਨ੍ਹਾਂ ਦੱਸਿਆ ਕਿ ਸੰਗਤ ਨੇ ਗੋਬਿੰਦ ਬਾਗ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ‘ਤੇ ਬਣਾਇਆ ਗਿਆ ਲਾਈਟ ਐਂਡ ਸਾਊਂਡ ਸ਼ੋਅ ਵੀ ਵੇਖਿਆ। ਉਨ੍ਹਾਂ ਦੱਸਿਆ ਕਿ ਯਾਤਰਾ ਦੇ ਅਗਾਊਂ ਪ੍ਰਬੰਧ ਕਰਨ ਲਈ ਨਾਂਦੇੜ ਪਹੁੰਚੀ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੀ ਟੀਮ ਨੇ ਸੰਗਤਾਂ ਦੀ ਆਓ-ਭਗਤ, ਰਹਿਣ-ਸਹਿਣ ਅਤੇ ਟ੍ਰਾਂਸਪੋਰਟ ਨਾਲ ਸਬੰਧਤ ਸੁਖਾਲੇ ਅਤੇ ਸੁਚੱਜੇ ਪ੍ਰਬੰਧਾਂ ਨੂੰ ਅਮਲੀ ਰੂਪ ਦਿੱਤਾ। ਸ. ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਸਥਿਤ ਧਾਰਮਿਕ ਅਸਥਾਨਾਂ ਦੇ ਸੁਖਾਲ਼ੇ ਦਰਸ਼ਨਾਂ ਲਈ ਚਲਾਈ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਆਮ ਲੋਕਾਂ ਲਈ ਇਨ੍ਹਾਂ ਤੀਰਥ ਸਥਾਨਾਂ ਦੇ ਦਰਸ਼ਨਾਂ ਦਾ ਵੱਡਾ ਜ਼ਰੀਆ ਬਣ ਚੁੱਕੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply