Friday, July 5, 2024

ਦਿੱਲੀ ਦੀ ਬਦਹਾਲੀ ਲਈ ‘ਆਪ’ ਲੋਕਾਂ ਨੂੰ ਜਵਾਬਦੇਹ ਕਾਂਗਰਸ ਖਾਤਮ ਹੋਣ ਕੰਢੇ – ਸੁਖਬੀਰ ਬਾਦਲ

PPN1301201618ਬਠਿੰਡਾ, 12 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ‘ਆਮ ਆਦਮੀ’ ਪਾਰਟੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸਤ੍ਹਾ ਵਿੱਚ ਆਈ ਆਮ ਆਦਮੀ ਪਾਰਟੀ ਹਰੇਕ ਖੇਤਰ ਵਿੱਚ ਨਾਕਾਮ ਰਹਿਣ ਕਾਰਨ ਆਪਣਾ ਨੈਤਿਕਤਾ ਤੌਰ ‘ਤੇ ਆਪਣੀ ਹੋਂਦ ਗਵਾ ਚੁੱਕੀ ਹੈ। ਅੱਜ ਇਥੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਇੱਕੋ ਇੱਕ ਪਾਰਟੀ ਹੈ ਜੋ ਹਮੇਸ਼ਾਂ ਲੋਕਾਂ ਦੇ ਵਿਸ਼ਵਾਸ ‘ਤੇ ਖਰਾ ਉੱਤਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਹ ਵਿਸ਼ਵਾਸ ਸੂਬੇ ਵਿੱਚ ਵਿਕਾਸ ਦਾ ਨਵਾਂ ਦੌਰ ਸ਼ੁਰੂ ਕਰਦਿਆਂ ਪੰਜਾਬ ਨੂੰ ਵਾਧੂ ਬਿਜਲੀ ਉਤਪਾਦਨ, ਸੜਕਾਂ ਨੂੰ ਚੌੜਾ ਤੇ ਮਜ਼ਬੂਤ ਕਰਨ, ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਜਲ ਸਪਲਾਈ ਤੇ ਸੀਵਰੇਜ ਦੀ ਸਹੂਲਤ ਦੇਣ, ਸਿਹਤ ਅਤੇ ਦੁਰਘਟਨਾ ਬੀਮਾਂ ਯੋਜਨਾਵਾਂ ਸ਼ੁਰੂ ਕਰਨ, ਮੁੱਖ ਮੰਤਰੀ ਤੀਰਥ ਯਾਤਰਾ, ਆਟਾ-ਦਾਲ ਅਤੇ ਹੋਰ ਲੋਕ ਹਿਤੂ ਯੋਜਨਾਵਾਂ ਸ਼ੁਰੂ ਕਰਨ ਸਦਕਾ ਹੀ ਹਾਸਿਲ ਕੀਤਾ ਹੈ। ਦਿੱਲੀ ਦੀ ਆਪ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ, ਸ. ਬਾਦਲ ਨੇ ਕਿਹਾ ਕਿ ਦਿੱਲੀ ਵਾਸੀਆਂ ਨਾਲ ਕੀਤੇ ਆਪਣੇ ਸਾਰੇ ਚੋਣ ਵਾਅਦਿਆਂ ਵਿੱਚ ਨਾਕਾਮ ਰਹਿਣ ਸਦਕਾ ‘ਆਪ’ ਪਾਰਟੀ ਦੀ ਸਰਕਾਰ ਲੋਕਾਂ ਨੂੰ ਜਵਾਬਦੇਹ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਦਿੱਲੀ ਦੀ ਬਦਹਾਲੀ ਲਈ ਜਿੰਮੇਵਾਰ ਹੈ ਕਿਉਂਕਿ ਪਾਰਟੀ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਦੇਣ ਲਈ ਕੋਸ਼ਿਸ਼ ਹੀ ਨਹੀਂ ਕਰ ਰਹੀ। ਕਾਂਗਰਸ ਨੂੰ ਸਮਾਪਤ ਹੋ ਰਹੀ ਪਾਰਟੀ ਐਲਾਣਦਿਆਂ, ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਪਾਰਟੀਆਂ ਇੱਕ ਦੂਸਰੇ ਤੋਂ ਬੁਰਕੀ ਖੋਣ ਦੀ ਲੜਾਈ ਵਿੱਚ ਰੁੱਝੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਲੋਕ ਹਿਤੂ ਨੀਤੀਆਂ ਕਾਰਨ ਹਮੇਸ਼ਾਂ ਲੋਕਾਂ ਦੀ ਪਹਿਲੀ ਪਸੰਦ ਰਹਿਣਗੇ  ‘ਆਪ’ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਪਿੱਛੇ ਰਹਿ ਕੇ ਆਪਸ ਵਿੱਚ ਹੀ ਉਲਝਦੀਆਂ ਰਹਿਣਗੀਆਂ। ਸ. ਬਾਦਲ ਨੇ ਲੋਕਾਂ ਨੂੰ ਆਪਣਿਆਂ ਅਤੇ ਫਸਲੀ ਬਟੇਰਿਆਂ ਦਰਮਿਆਨ ਪਛਾਣ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਦਾ ਵਿਕਾਸ ਉਦੋਂ ਉਦੋਂ ਹੀ ਹੋਇਆ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸੂਬੇ ਵਿੱਚ ਸਰਕਾਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ ਅਤੇ ਇਸ ਲਈ ਹਮੇਸ਼ਾਂ ਲੋਕ ਹਿਤਾਂ ‘ਤੇ ਪਹਿਰਾ ਦਿੰਦੀ ਰਹੀ ਹੈ। ਉਪ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਪਿੰਡ ਕੈਲੇ ਬੰਡਾਰ, ਨਾਂਗਲਾ ਅਤੇ ਬਹਿਮਨ ਜੱਸਾ ਵਿਖੇ ਜਮੀਨਦੋਜ਼ ਸੰਚਾਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਕਿਹਾ ਕਿ ਇਹ ਪਿੰਡ ਲੰਬੇ ਸਮੇਂ ਤੋਂ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ ਜੋ ਮੁਸ਼ਕਲ ਇੰਨ੍ਹਾਂ ਜ਼ਮੀਨਦੋਜ਼ ਸੰਚਾਈ ਪ੍ਰੋਜੈਕਟਾਂ ਨਾਲ ਹੱਲ ਹੋ ਜਾਵੇਗੀ। ਨਾਂਗਲ ਪਿੰਡ ਵਿਖੇ ਸ਼ੁਰੂ ਕਰਵਾਏ ਗਏ ਪ੍ਰੋਜੈਕਟ ‘ਤੇ 7 ਲੱਖ ਰੁਪਏ ਦੀ ਲਾਗਤ ਆਵੇਗੀ ਜਦੋਂਕਿ ਬਹਿਮਣ ਜੱਸਾ ਵਿਖੇ ਪ੍ਰੋਜੈਕਟ ‘ਤੇ 4 ਲੱਖ ਰੁਪਏ ਖਰਚ ਆਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇੰਨ੍ਹਾਂ ਪ੍ਰੋਜੈਕਟਾਂ ਸਦਕਾ ਉਨ੍ਹਾਂ ਕਿਸਾਨਾਂ ਦੀ ਖੇਤੀਬਾੜੀ  ਲਾਗਤ ਵਿੱਚ ਵੱਡੀ ਕਮੀ ਆਵੇਗੀ ਜਿੰਨ੍ਹਾਂ ਨੂੰ ਪਹਿਲਾਂ ਆਪਣੇ ਖੇਤਾਂ ਦੀ ਸੰਚਾਈ ਲਈ ਵੱਖ-ਵੱਖ ਸਰੋਤਾਂ ‘ਤੇ ਨਿਰਭਰ ਹੋਣਾ ਪੈਂਦਾ ਸੀ। ਇਸੇ ਦੌਰਾਨ ਉਪ ਮੁੱਖ ਮੰਤਰੀ ਨੇ ਅੱਜ ਰਾਮਾਂ ਪਿੰਡ ਵਿਖੇ 4 ਏਕੜ ਜਮੀਨ ਵਿੱਚ 3 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਤੋਂ ਇਲਾਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ 3.5 ਏਕੜ ਵਿੱਚ 1 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ।  ਇਸ ਉਪਰੰਤ ਸ. ਬਾਦਲ ਨੇ ਤਲਵੰਡੀ ਸਾਬੋ ਤੋਂ ਰੋੜੀ ਨੂੰ ਜਾਣ ਵਾਲੀ 10 ਫੁੱਟੀ ਸੜਕ ਨੂੰ 18 ਫੁੱਟੀ ਕਰਨ ਦੇ ਪ੍ਰੋਜੈਕਟ ਦਾ ਵੀ ਨੀਂਹ ਪੱਥਰ ਰੱਖਿਆ। ਉਨ੍ਹਾਂ ਪੱਕਾ ਕਲਾਂ ਪਿੰਡ ਨੂੰ 2 ਕਰੋੜ ਰੁਪਏ ਦੀ ਵਿਕਾਸ ਗ੍ਰਾਂਟ ਵੀ ਦਿੱਤੀ। ਇਸ ਮੌਕੇ ਤਲਵੰਡੀ ਸਾਬੋ ਤੋਂ ਵਿਧਾਇਕ ਜੀਤ ਮੋਹਿੰਦਰ ਸਿੰਘ ਸਿੱਧੂ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਬਸੰਤ ਗਰਗ, ਤਲਵੰਡੀ ਸਾਬੋ ਤੋਂ ਐਸ.ਜੀ.ਪੀ.ਸੀ ਮੈਂਬਰ ਮੋਹਨ ਸਿੰਘ ਬਾਂਗੀ ਅਤੇ ਸੀਨੀਅਰ ਅਕਾਲੀ ਆਗੂ ਜਗਸੀਰ ਸਿੰਘ ਬਿੱਲੂ ਵੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply