Friday, July 5, 2024

ਹਰਸ਼ਾ ਛੀਨਾ ਸਕੂਲ ਵਿਖੇ ਨਕਲ ਦਾ ਮਾਮਲਾ-ਸੁਪਰਡੈਂਟ ਤੇ ਉਪ ਸੁਪਰਡੈਂਟ ਮੁਅੱਤਲ, ਪੰਜ ਅਧਿਆਪਕ ਚਾਰਜਸ਼ੀਟ

ਚੰਡੀਗੜ੍ਹ, 24 ਫਰਵਰੀ (ਪ.ਪ)- ਅੰਮ੍ਰਿਤਸਰ ਜ਼ਿਲੇ ਦੇ ਸੰਤ ਬਾਬਾ ਜਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਹਰਸ਼ਾ ਛੀਨਾ ਵਿਖੇ ਬਾਰ੍ਹਵੀਂ ਦੀ ਪ੍ਰੀਖਿਆ ਦੌਰਾਨ ਨਕਲ ਦਾ ਮਾਮਲਾ ਸਾਹਮਣੇ ਆਉਣ ‘ਤੇ ਸਿੱਖਿਆ ਵਿਭਾਗ ਨੇ ਸਖਤ ਕਾਰਵਾਈ ਕਰਦਿਆਂ ਕੇਂਦਰ ਵਿੱਚ ਸੁਪਰਡੈਂਟ ਵਜੋਂ ਤਾਇਨਾਤ ਲੈਕਚਰਾਰ ਅਤੇ ਉਪ ਸੁਪਰਡੈਂਟ ਤਾਇਨਾਤ ਅਧਿਆਪਕ ਨੂੰ ਤੁਰੰਤ ਮੁਅੱਤਲ ਕੀਤਾ ਗਿਆ ਹੈ ਜਦੋਂ ਕਿ ਨਿਗਰਾਨ ਅਮਲੇ ਵਿੱਚ ਸ਼ਾਮਲ ਪੰਜ ਅਧਿਆਪਕਾਂ ਨੂੰ ਚਾਰਜਸ਼ੀਟ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਸਬੰਧਤ ਸਕੂਲ ਦੀ ਮਾਨਤਾ ਰੱਦ ਕਰਨ ਅਤੇ ਇਸ ਸਕੂਲ ਦੀ ਪ੍ਰਿੰਸੀਪਲ ਅਤੇ ਸਹਾਇਕ ਸੁੁਪਰਡੈਂਟ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਬੋਰਡ ਵੱਲੋਂ ਇਸ ਪ੍ਰੀਖਿਆ ਨੂੰ ਪਹਿਲਾਂ ਹੀ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸ੍ਰੀ ਢੋਲ ਨੇ ਦੱਸਿਆ ਕਿ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਪ੍ਰੀਖਿਆ ਪ੍ਰਬੰਧਾਂ ਨੂੰ ਪੂਰਨ ਨਕਲ ਮੁਕਤ ਕਰਵਾਉਣ ਦੇ ਦਿੱਤੇ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਖਤੀ ਨਾਲ ਪ੍ਰੀਖਿਆ ਲਈ ਜਾ ਰਹੀ ਹੈ ਅਤੇ ਇਸੇ ਤਹਿਤ 20 ਫਰਵਰੀ ਨੂੰ ਸੰਤ ਬਾਬਾ ਜਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਹਰਸ਼ਾ ਛੀਨਾ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ ਬਾਰ੍ਹਵੀਂ ਦੀ ਅੰਗਰੇਜ਼ੀ ਦੀ ਪ੍ਰੀਖਿਆ ਲਈ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਚੈਕਿੰਗ ਲਈ ਉੱਡਣ ਦਸਤਾ ਟੀਮ ਸ਼ਾਮ ਪੌਣੇ ਚਾਰ ਵਜੇ ਕੇਂਦਰ ਦੀ ਚੈਕਿੰਗ ਲਈ ਪਹੁੰਚੀ ਪਰੰਤੂ ਚੈਕਿੰਗ ਟੀਮ ਵੱਲੋਂ ਸਕੂਲ ਦੇ ਮੇਨ ਗੇਟ ‘ਤੇ ਕਾਰ ਦਾ ਵਾਰ-ਵਾਰ ਹਾਰਨ ਵਜਾਉਣ ਉਪਰੰਤ 10 ਮਿੰਟ ਬਾਅਦ ਸਕੂਲ ਦਾ ਮੇਨ ਗੇਟ ਖੋਲ੍ਹਿਆ ਗਿਆ। ਇਸ ਉਪਰੰਤ ਜਦੋਂ ਉੱਡਣ ਦਸਤਾ ਟੀਮ ਵੱਲੋਂ ਕੇਂਦਰ ਦੀ ਚੈਕਿੰਗ ਕੀਤੀ ਗਈ ਤਾਂ ਕੇਂਦਰ ਵਿੱਚੋਂ ਇਤਰਾਜ਼ਯੋਗ ਸਮੱਗਰੀ ਫੜੀ ਗਈ ਜਿਸ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੇਪਰ ਰੱਦ ਕਰ ਦਿੱਤਾ ਗਿਆ।
ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਪ੍ਰੀਖਿਆਵਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਦੀਆਂ ਹਦਾਇਤਾਂ ਮੁਤਾਬਕ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਡਿਊਟੀ ‘ਤੇ ਤਾਇਨਾਤ ਅਮਲੇ ਵਿੱਚੋਂ ਕੇਂਦਰ ਸੁਪਰਡੰਟ ਸ੍ਰੀ ਬਲਵਾਨ ਸਿੰਘ (ਲੈਕਚਰਾਰ ਸਰੀਰਕ ਸਿੱਖਿਆ, ਸਸਸਸ ੳਠੀਆ, ਅੰਮ੍ਰਿਤਸਰ) ਅਤੇ ਉਪ ਸੁਪਰਡੰਟ ਸ੍ਰੀ ਹਰਜੀਤ ਸਿੰਘ (ਡੀ.ਪੀ.ਈ. ਸਹਸ ਧਾਰੀਵਾਲ, ਅੰਮ੍ਰਿਤਸਰ) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਸਿਵਲ ਸੇਵਾਵਾਂ (ਦੰਡ ਅਤੇ ਅਪੀਲ) ਨਿਯਮਾਂਵਲੀ ਦੀ ਧਾਰਾ 8 ਤਹਿਤ ਦੋਸ਼ ਸੂਚੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਕੇਂਦਰ ਵਿੱਚ ਤਾਇਨਾਤ ਬਾਕੀ ਨਿਗਰਾਨ ਅਮਲੇ ਵਿੱਚ ਸ੍ਰੀਮਤੀ ਕੁਲਵਿੰਦਰ ਕੌਰ (ਡੀ.ਪੀ.ਈ. ਸਹਸ ਅਦਲੀਵਾਲ), ਸ੍ਰੀ ਵਿਕਮਜੀਤ ਸਿੰਘ (ਹਿਸਾਬ ਮਾਸਟਰ, ਸਹਸ ਅਦਲੀਵਾਲ), ਸ੍ਰੀਮਤੀ ਬਲਜਿੰਦਰ ਕੌਰ (ਸਪ੍ਰਸ ਟਪਿਆਲਾ), ਨਿਗਰਾਨ ਸ੍ਰੀਮਤੀ ਰਮਨਜੀਤ ਕੌਰ (ਸਪ੍ਰਸ ਧਰਮਕੋਟ) ਅਤੇ ਸ੍ਰੀਮਤੀ ਕਮਲਜੀਤ ਕੌਰ (ਸਪ੍ਰਸ ਕਿਆਮਪੁਰ) ਨੂੰ ਚਾਰਜਸ਼ੀਟ ਜਾਰੀ ਕਰਦਿਆਂ ਪੰਜਾਬ ਸਿਵਲ ਸੇਵਾਵਾਂ (ਦੰਡ ਅਤੇ ਅਪੀਲ) ਨਿਯਮਾਂਵਲੀ ਦੀ ਧਾਰਾ 8 ਤਹਿਤ ਦੋਸ਼ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੋਰਡ ਦੇ ਸਕੱਤਰ ਨੂੰ ਉਕਤ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮੋਨਿਕਾ ਸ਼ਰਮਾ ਅਤੇ ਸਹਾਇਕ ਸੁਪਰਡੰਟ ਸ੍ਰੀਮਤੀ ਸੁਮਨਪ੍ਰੀਤ ਕੌਰ ਵਿਰੁੱਧ ਨਿਯਮਾਂ ਮੁਤਾਬਕ ਅਨੁਸ਼ਾਸਨੀ ਕਾਰਵਾਈ ਕਰਨ ਲਈ ਲਿਖਦੇ ਹੋਏ ਸਕੂਲ ਦੀ ਮਾਨਤਾ ਰੱਦ ਕਰਨ ਲਈ ਵੀ ਲਿਖ ਦਿੱਤਾ ਗਿਆ ਹੈ।
ਸ੍ਰੀ ਢੋਲ ਨੇ ਦੱਸਿਆ ਕਿ ਪ੍ਰੀਖਿਆਵਾਂ ਦੀ ਡਿਊਟੀ ਵਿੱਚ ਤਾਇਨਾਤ ਰਾਜ ਭਰ ਦੇ ਸਮੂਹ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕਰਦਿਆਂ ਹੋਇਆਂ ਤਾੜਨਾ ਕੀਤੀ ਗਈ ਹੈ ਕਿ ਅਗਲੀਆਂ ਪ੍ਰੀਖਿਆਵਾਂ ਵਿੱਚ ਕਿਸੇ ਵੀ ਅਧਿਕਾਰੀ/ ਕਰਮਚਾਰੀ ਵੱਲੋਂ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਦਾ ਵੀ ਇਸੇ ਤਰ੍ਹਾਂ ਗੰਭੀਰ ਨੋਟਿਸ ਲਿਆ ਜਾਵੇਗਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply