Wednesday, July 3, 2024

ਪੰਜਾਬ ਵਿੱਚ ਮੈਰੀਟੋਰੀਅਸ ਸਕੂਲਾਂ ਦੀ ਸਥਾਪਨਾ ਗਰੀਬ ਬੱਚਿਆਂ ਲਈ ਵਰਦਾਨ

PPN2602201614

ਬਠਿੰਡਾ, 26 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਬਠਿੰਡਾ ਵਿਖੇ ਸੂਬੇ ਦਾ ਪਹਿਲਾ ਮੈਰੀਟੋਰੀਅਸ ਸਕੂਲ ਗਰੀਬ ਬੱਚਿਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਗਰੀਬ ਅਤੇ ਹੋਣਹਾਰ ਬੱਚਿਆਂ ਦੇ ਭਵਿੱਖ ਨੂੰ ਸੰਵਾਰਦਾ ਇਹ ਸਕੂਲ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਤੋਂ ਉਨ੍ਹਾਂ ਦੇ 7 ਸਤੰਬਰ 2015 ਦੇ ਇਸ ਸਕੂਲ ਵਿਖੇ ਕੀਤੇ ਦੌਰੇ ਦੌਰਾਨ ਵੀ ਭਰਵੀਂ ਸ਼ਲਾਘਾ ਪ੍ਰਾਪਤ ਕਰ ਚੁੱਕਿਆ ਹੈ।10 ਏਕੜ ‘ਚ ਫੈਲਿਆ ਇਹ ਸਕੂਲ ਬਾਦਲ ਰੋਡ ਵਿਖੇ 868 ਗਰੀਬ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਜੀਵਣ ਵਿੱਚ ਇੱਕ ਵੱਡਾ ਬਦਲਾਅ ਕਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫ਼ਿਰੋਜਪੁਰ, ਅਬੋਹਰ ਅਤੇ ਫਾਜ਼ਿਲਕਾ ਦੇ ਵਿਦਿਆਰਥੀਆਂ ਨੂੰ ਇਸ ਸਕੂਲ ਵਿੱਚ ਗਿਆਰਵੀਂ ਅਤੇ ਬਾਰਵੀਂ ਜਮਾਤ ਦੀ ਮੁਫ਼ਤ ਸਿੱਖਿਆ ਦੇ ਨਾਲ-ਨਾਲ ਚੰਗੀ ਖ਼ੁਰਾਕ ਅਤੇ ਰਹਿਣ ਦਾ ਪ੍ਰਬੰਧ ਵੀ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਲੜਕੀਆਂ ਦੀ ਸਿੱਖਿਆ ਨੂੰ ਤਰਜ਼ੀਹ ਦਿੰਦੇ ਹੋਏ ਇਸ ਸਕੂਲ ਵਿੱਚ 60:40 ਦੇ ਅਨੁਪਾਤ ਵਿੱਚ ਕੁੜੀਆਂ ਅਤੇ ਮੁੰਡਿਆਂ ਦੇ ਦਾਖ਼ਲੇ ਕੀਤੇ ਜਾਂਦੇ ਹਨ। ਇਸ ਸਮੇਂ ਗਿਆਰਵੀਂ ਜਮਾਤ ਵਿੱਚ 478 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਵਿੱਚ 296 ਲੜਕੀਆਂ ਅਤੇ 182 ਲੜ੍ਹਕੇ ਸ਼ਾਮਿਲ ਹਨ। ਇਸੇ ਤਰ੍ਹਾਂ ਬਾਰਵੀਂ ਜਮਾਤ ਵਿੱਚ ਕੁੱਲ 390 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਵਿੱਚ 266 ਲੜਕੀਆਂ ਅਤੇ 124 ਲੜਕੇ ਹਨ। ”ਮੁੱਖ ਮੰਤਰੀ ਪੰਜਾਬ, ਸ. ਪ੍ਰਕਾਸ਼ ਸਿੰਘ ਬਾਦਲ ਚਾਹੁੰਦੇ ਨੇ ਕਿ ਕੋਈ ਵੀ ਲਾਇਕ ਬੱਚਾ ਪੈਸਿਆਂ ਦੀ ਘਾਟ ਕਾਰਨ ਵਿੱਦਿਆ ਤੋ ਵਾਂਝਾ ਨਾ ਰਹਿ ਜਾਵੇ। ਇਸ ਸਕੂਲ ਵਿਚ ਦਾਖ਼ਲਾ ਲੈਣ ਉਪਰੰਤ ਬੱਚਿਆਂ ਦੀਆਂ ਸਖ਼ਸੀਅਤਾਂ ਵਿਚ ਨਿਖ਼ਾਰ ਆਇਆ ਹੈ। ਇਹ ਵਿਦਿਆਰਥੀ ਪਹਿਲਾਂ ਨਾਲੋਂ ਜ਼ਿਆਦਾ ਅਨੂਸ਼ਾਸਤ ਅਤੇ ਜ਼ਿਆਦਾ ਆਤਮ ਵਿਸ਼ਵਾਸੀ ਹੋ ਗਏ ਹਨ ਅਤੇ ਇਨ੍ਹਾਂ ਦੀ ਦੁਨੀਆਂ ਬਾਰੇ ਸਮਝ ਪਹਿਲਾਂ ਨਾਲੋ ਜ਼ਿਆਦਾ ਹੋ ਗਈ ਹੈ”, ਡਾ. ਗਰਗ ਨੇ ਕਿਹਾ । ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਵਿਦਿਆਰਥੀ ਜਿਹੜੇ ਕਿ ਦਸਵੀਂ ਜਮਾਤ ਵਿੱਚ 80ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਦੇ ਹਨ, ਉਨ੍ਹਾਂ ਵਿਦਿਆਰਥੀਆਂ ਨੂੰ ਇਸ ਸਕੂਲ ਵਿਚ ਗਿਆਰਵੀਂ ਜਮਾਤ ਵਿਚ ਦਾਖ਼ਲਾ ਪ੍ਰਾਪਤ ਹੁੰਦਾ ਹੈ। ਇਨ੍ਹਾਂ ਬੱਚਿਆਂ ਨੂੰ ਮੈਡੀਕਲ, ਨਾਨ ਮੈਡੀਕਲ ਅਤੇ ਕਮਰਸ ਦੀ ਸਿੱਖਿਆ ਮੁਫ਼ਤ ਦਿੱਤੀ ਜਾਂਦੀ ਹੈ। ਡਾ. ਗਰਗ ਨੇ ਦੱਸਿਆ ਕਿ ਇਹ ਸਕੂਲ 2923.41 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਜਿਸ ਦੀ ਦੋ ਮੰਜਲਾਂ ਬਿਲਡਿੰਗ ਵਿਚ 20 ਕਲਾਸ ਰੂਮ, ਇਕ ਲਾਇਬ੍ਰੇਰੀ, 7 ਲੈਬੋਰਟਰੀਜ਼, 3 ਆਫ਼ਿਸ ਰੂਮ ਅਤੇ ਇਕ ਪ੍ਰਿੰਸੀਪਲ ਰੂਮ ਹੈ। ਇਸ ਬਿਲਡਿੰਗ ਦੇ ਹੋਸਟਲ ਦੀ ਸੁਵਿਧਾ ਦੇ ਨਾਲ ਨਾਲ ਡਾਇਨਿੰਗ ਹਾਲ, ਕਾਮਨ ਰੂਮ ਅਤੇ ਰੀਡਿੰਗ ਰੂਮ ਦੀ ਵੀ ਸੁਵਿਧਾ ਹੈ। ਇਸ ਸਕੂਲ ਵਿਚ ਵਿਦਿਆਰਥੀਆਂ ਨੂੰ ਮੁਫ਼ਤ ਵਿਦਿਆ, ਰਿਹਾਇਸ਼ੀ ਸੁਵਿੱਧਾ, ਖਾਣਾ, ਕਿਤਾਬਾਂ ਅਤੇ ਵਰਦੀਆਂ ਦਿੱਤੀਆਂ ਜਾਂਦੀਆ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਆਪਣੇ ਦੌਰੇ ਦੌਰਾਨ ਸੂਬੇ ਵਿੱਚ ਮੈਰੀਟੋਰੀਅਸ ਸਕੂਲਾਂ ਦੀ ਸਥਾਪਨਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੂਰ-ਅੰਦੇਸ਼ੀ ਪਹੁੰਚ ਦੀ ਸ਼ਲਾਘਾ ਕਰਦਿਆਂ ਐਲਾਨ ਕੀਤਾ ਸੀ ਕਿ ਭਾਰਤ ਸਰਕਾਰ ਵੱਲੋਂ ਦੇਸ਼ ਭਰ ਵਿੱਚ ਮਿਆਰੀ ਸਕੂਲ ਸਿੱਖਿਆ ਮੁਹੱਈਆ ਕਰਵਾਉਣ ਲਈ ਇਹ ਨਿਵੇਕਲਾ ਮਾਡਲ ਅਪਨਾਉਣ ਦੀ ਸੰਭਾਵਨਾ ਤਲਾਸ਼ੀ ਜਾਵੇਗੀ ਤਾਂ ਕਿ ਆਰਥਿਕ ਤੌਰ ‘ਤੇ ਕਮਜ਼ੋਰ ਪਰ ਹੋਣਹਾਰ ਬੱਚਿਆਂ ਨੂੰ ਅਜਿਹੇ ਸਕੂਲਾਂ ਦਾ ਫ਼ਾਇਦਾ ਪਹੁੰਚ ਸਕੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply