Wednesday, July 3, 2024

ਪਿੰਗਲਵਾੜਾ ਦੇ ਬੱਚਿਆਂ ਤੇ ਔਰਤਾਂ ਨੂੰ ਪੈਨਸ਼ਨ ਸਕੀਮ ਦਾ ਲਾਭ ਦੇਣ ਲਈ ਲਗਾਇਆ ਕੈਂਪ

PPN0403201607
ਅੰਮ੍ਰਿਤਸਰ, 4 ਮਾਰਚ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ 1300 ਤੋਂ ਵੱਧ ਬੱਚਿਆਂ ਤੇ ਔਰਤਾਂ ਨੂੰ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਮਾਸਿਕ ਪੈਨਸ਼ਨ ਦੇਣ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਪਿੰਗਲਵਾੜਾ ਕੰਪਲੈਕਸ ਮਾਨਾਵਾਲਾ ਵਿਚ ਇਕ ਵਿਸ਼ੇਸ਼ ਕੈਂਪ ਲਗਾ ਕੇ ਇਸ ਕੰਮ ਨੂੰ ਅਮਲੀ ਜਾਮਾ ਪਹਿਨਾਉਣ ਦੀ ਸ਼ੁਰੂਆਤ ਕੀਤੀ। ਸਰਕਾਰ ਵੱਲੋਂ ਪਿੰਗਲਵਾੜਾ ਕੰਪਲੈਕਸ ਵਿੱਚ ਰਹਿੰਦੇ ਯਤੀਮ, ਅਪਾਹਿਜ, ਵਿਧਵਾਵਾਂ, ਬਜੁਰਗਾਂ ਅਤੇ ਮੰਦਬੁੱਧੀਆਂ ਨੂੰ 500 ਰੁਪਏ ਮਾਸਿਕ ਪੈਨਸ਼ਨ ਵਜੋਂ ਮੁਹੱਈਆ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਸੀ.ਜੇ.ਐੱਮ. ਮੈਡਮ ਗਰੀਸ਼ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਸਮੇਤ ਖੁਦ ਮੌਕੇ ‘ਤੇ ਜਾ ਕੇ ਕੈਂਪ ਦਾ ਨਿਰੀਖਣ ਕਰਦਿਆਂ ਸਮਾਜਿਕ ਸੁਰੱਖਿਆ ਵਿਭਾਗ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਲੋੜੀਂਦੀਆਂ ਕਾਰਵਾਈਆਂ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਪਿੰਗਲਵਾੜਾ ਵਿਚ ਰਹਿਣ ਵਾਲੇ ਲੋਕਾਂ ਨੂੰ ਅਨਾਥ, ਬੁਢਾਪਾ, ਹੈਂਡੀਕੈਪ ਅਤੇ ਅਪਾਹਿਜ ਬੱਚਿਆਂ ਦੀ ਕੈਟਾਗਿਰੀ ਵਿਚ ਪੈਨਸ਼ਨ ਮਿਲੇਗੀ। ਇਸ ਕੈਂਪ ਦੌਰਾਨ ਸਮਾਜਿਕ ਸੁਰੱਖਿਆ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕੇ ‘ਤੇ ਸਾਰੀਆਂ ਕਾਰਵਾਈਆਂ ਮੁਕੰਮਲ ਕੀਤੀਆਂ ਗਈਆਂ। ਇਸ ਸੰਬੰਧੀ ਵਿਸਥਾਰਿਤ ਜਾਣਕਾਰੀ ਦਿੰਦਿਆਂ ਸ੍ਰੀ ਵਰੁਣ ਰੂਜਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਪਿੰਗਲਵਾੜੇ ਵਿਚ ਰਹਿੰਦੇ ਔਰਤਾਂ ਤੇ ਬੱਚਿਆਂ ਨੂੰ ਮਹੀਨਾਵਾਰੀ ਪੈਨਸ਼ਨ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਤਹਿਤ ਇਹ ਕੈਂਪ ਲਗਾ ਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਜਿਸਨੂੰ ਇਕ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਕ ਮਹੀਨੇ ਦੇ ਅਰਸੇ ਤੋਂ ਬਾਅਦ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੇ ਔਰਤਾਂ ਤੇ ਬੱਚਿਆਂ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਲਾਭਪਾਤਰੀਆਂ ਜਿਸ ਵਿਚ ਮੰਦਬੁੱਧੀਆਂ ਅਤੇ ਲੋੜਵੰਦ ਔਰਤਾਂ ਨੂੰ 500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪੈਨਸ਼ਨ ਦੀ ਰਾਸ਼ੀ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ‘ਤੇ ਨਿਰਦੇਸ਼ ਦਿੱਤੇ ਕਿ ਉਹ ਪਿੰਗਲਵਾੜਾ ਦੇ ਲਾਭਪਾਤਰੀਆਂ ਦੇ ਅਧਾਰ ਕਾਰਡ ਬਨਾਉਣ ਲਈ ਪਿੰਗਲਵਾੜਾ ਵਿਚ ਮਸ਼ੀਨ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਪਿੰਗਲਵਾੜਾ ਦੇ ਹਰੇਕ ਲਾਭਪਾਤਰੀ ਦਾ ਅਧਾਰ ਕਾਰਡ, ਵੋਟਰ ਕਾਰਡ, ਪੈਨਸ਼ਨ ਕੇਸ ਤਿਆਰ ਕਰਨ ਲਈ ਰੋਜਾਨਾ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਦੇ ਕੇਸ ਜਲਦੀ ਤਿਆਰ ਕੀਤੇ ਜਾਣਗੇ ਤਾਂ ਜੋ ਇਕ ਮਹੀਨੇ ਦੇ ਅੰਦਰ-ਅੰਦਰ ਪਿੰਗਲਵਾੜਾ ਦੇ ਔਰਤਾਂ ਅਤੇ ਬੱਚਿਆਂ ਨੂੰ ਪੈਨਸ਼ਨ ਮਿਲ ਸਕੇ।
ਸ੍ਰੀ ਰੂਜਮ ਨੇ ਇਸ ਮੌਕੇ ‘ਤੇ ਪਿੰਗਲਵਾੜਾ ਦੇ ਬੱਚਿਆਂ, ਔਰਤਾਂ ਅਤੇ ਸ਼ਰੀਰਕ ਤੌਰ ਤੇ ਇਕੱਠੇ ਆਪਸ ਵਿਚ ਜੁੜਵੇਂ ਬੱਚਿਆਂ ਨਾਲ ਮੁਲਾਕਾਤ ਕੀਤੀ। ਆਪਸ ਵਿਚ ਇਕੱਠੇ ਜੁੜੇ ਹੋਏ ਬੱਚਿਆਂ (ਸੋਹਨਾ-ਮੋਹਨਾ) ਨੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਦੇਸ਼ ਭਗਤੀ ਦਾ ਗੀਤ ਵੀ ਗਾਇਆ।ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਵੱਲੋਂ ਭਗਤ ਪੂਰਨ ਸਿੰਘ ਸਕੂਲ ਅਤੇ ਪਿੰਗਲਵਾੜਾ ਦੀਆਂ ਵੱਖ-ਵੱਖ ਵਾਰਡਾਂ ਦਾ ਰਾਊਂਡ ਵੀ ਲਗਾਇਆ।ਹੋਰਨਾਂ ਤੋਂ ਇਲਾਵਾ ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸਸਾਇਟੀ ਤੇ ਸਮਾਜਿਕ ਸੁਰੱਖਿਆ ਤੇ ਸਿਹਤ ਵਿਭਾਗ ਤੇ ਅਧਿਕਾਰੀ ਵੀ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply