Wednesday, July 3, 2024

ਗੁ: ਗੁਰਪ੍ਰਕਾਸ਼ ਸਾਹਿਬ ਖੇੜੀ ਵਿਖੇ 70 ਲੜਕੀਆਂ ਦੇ ਸਮੂਹਿਕ ਅਨੰਦਕਾਰਜ਼

PPN0603201605

ਸੰਦੌੜ, 6 ਮਾਰਚ (ਹਰਮਿੰਦਰ ਸਿੰਘ ਭੱਟ)- ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਰਹਿਨੁਮਾਈ ਹੇਠ ਅਸਥਾਨ ਅਤੇ ਸਰਬਤ ਦਾ ਭਲਾ ਚੈਰੀਟੇਬਲ ਟ੍ਰਸਟ ਦੇ ਅਧੀਨ ਸਮਾਜ ਦੀ ਸੇਵਾ ਵਿਚ ਸਮਰਪਿਤ ਸਰਬਤ ਦਾ ਭਲਾ ਸੇਵਾ ਦਲ ਦੇ ਮੁੱਖ ਸੇਵਾਦਾਰ ਬਾਬਾ ਦਲੇਰ ਸਿੰਘ ਖਾਲਸਾ ਖੇੜੀ ਵਾਲਿਆਂ ਵਲੋਂ ਸਰਬਤ ਦੇ ਭਲੇ ਲਈ ਵਿੱਢੇ ਮਹਾਨ ਧਾਰਮਿਕ ਅਤੇ ਸਮਾਜਿਕ ਕਾਰਜਾਂ ਤਹਿਤ ਆਰਥਿਕ ਪੱਖੋਂ ਕਮਜ਼ੋਰ ਅਤੇ ਲੋੜਵੰਦ ਪਰਵਾਰ ਦੀਆਂ 70 ਲੜਕੀਆਂ ਦੇ ਪੂਰਨ ਗੁਰਮਤਿ ਮਰਿਆਦਾ ਅਨੁਸਾਰ ਸਮੂਹਿਕ ਆਨੰਦ ਕਾਰਜ ਕਰਵਾਏ ਗਏ।ਇਸ ਮੌਕੇ ਦੇਸਾਂ ਵਿਦੇਸ਼ਾਂ ਤੋਂ ਪਹੁੰਚੀਆਂ ਸੰਗਤਾਂ ਨੂੰ ਪੰਥ ਪ੍ਰਸਿੱਧ ਪ੍ਰਚਾਰਕਾਂ, ਕੀਰਤਨੀਏ ਜਥਿਆਂ ਨੇ ਹਾਜਰੀ ਭਰ ਕੇ ਕਥਾ ਕੀਰਤਨ ਅਤੇ ਰੁਹਾਨੀ ਵਿਚਾਰਾਂ ਰਾਹੀ ਗੁਰੂ ਚਰਨਾਂ ਨਾਲ ਜੋੜਿਆ।ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਥ ਪ੍ਰਸਿੱਧ ਸਿਰਮੌਰ ਪ੍ਰਚਾਰਕ ਬਾਬਾ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਵਿਵਾਹਿਕ ਜੋੜਿਆਂ ਅਤੇ ਸੰਗਤਾਂ ਨੂੰ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਮੂਸਲੇਧਾਰ ਪੈ ਰਹੀ ਬਾਰਿਸ਼ ਵਿਚ ਬੈਠੀਆਂ ਸੰਗਤਾਂ ਦਾ ਇੱਕ ਜੁੱਟ ਸ਼ਾਂਤਮਈ ਤਰੀਕੇ ਨਾਲ ਗੁਰੂ ਜਸ ਅਤੇ ਆਨੰਦ ਕਾਰਜ ਦਾ ਆਨੰਦ ਮਾਣ ਕੇ ਵਿਵਾਹਿਕ ਜੋੜਿਆਂ ਨੂੰ ਆਸ਼ੀਰਵਾਦ ਦੇਣਾ ਕੌਮ ਪ੍ਰਤੀ ਸਿਧਾਂਤਾਂ ਲਈ ਏਕਤਾ ਅਤੇ ਪਰਪੱਕਤਾ ਦੀ ਉੱਤਮ ਨਿਸ਼ਾਨੀ ਹੈ ਅਤੇ ਵਿਸ਼ੇਸ਼ ਕਰ ਕੇ ਸੇਵਾ ਦਲ ਵਲੋਂ ਸਮਾਜ ਭਲਾਈ ਦੇ ਲਈ ਨਿਭਾਏ ਜਾ ਰਹੇ ਮਹਾਨ ਕਾਰਜਾਂ ਦੀ ਸ਼ਲਾਘਾ ਕੀਤੀ ਗਈ।
ਉਪਰੰਤ ਬਾਬਾ ਦਲੇਰ ਸਿੰਘ ਖਾਲਸਾ ਖੇੜੀ ਵਾਲਿਆਂ ਨੇ ਨਵ ਵਿਵਾਹਿਕ ਜੋੜਿਆਂ ਅਤੇ ਸੰਗਤਾਂ ਨੂੰ ਵਧਾਈ ਦਿੰਦਿਆਂ ਭਰੂਣ ਹੱਤਿਆ ਅਤੇ ਦਾਜ ਦਹੇਜ ਵਰਗੇ ਬੇਅੰਤ ਘਿਣਾਉਣੇ ਅਪਰਾਧਾਂ ਤੋਂ ਨਿਜਾਤ ਦਿਵਾਉਣ ਲਈ ਪ੍ਰਣ ਕਰਵਾਇਆ ਅਤੇ ਉਨ੍ਹਾਂ ਕਿਹਾ ਕਿ ਧੀਆਂ ਦਾ ਦੁਰਾਚਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਤੇ ਨੱਥ ਪਾਉਣ ਲਈ ਸਿੱਖ ਸੰਗਤ ਨੂੰ ਹੰਭਲਾ ਮਾਰਨ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਪਰਵਾਰਾਂ ਦੇ ਮੁਖੀਆਂ ਨੂੰ ਆਪਣੀਆਂ ਧੀਆਂ ਦੇ ਵਿਆਹ ਮੌਕੇ ਵੱਡਾ ਕਰਜ਼ਾ ਉਠਾਉਣ ਪੈਂਦਾ ਹੈ ਜਿਸ ਦੀ ਮਾਰ ਹੇਠ ਆ ਕੇ ਪਰਵਾਰਾਂ ਦੇ ਪਰਵਾਰ ਖਤਮ ਹੁੰਦੇ ਜਾ ਰਹੇ ਹਨ ਅਤੇ ਵਿਸ਼ੇਸ਼ ਕਰ ਕੇ ਗੁਰਸਿੱਖੀ ਬਾਣੇ ਅਤੇ ਬਾਣੀ ਤੋਂ ਦੂਰ ਹੋ ਕੇ ਨਸ਼ਿਆਂ ਵਿਚ ਗਲਤਾਨ ਹੋ ਰਹੀ ਨੌਜਵਾਨੀ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਨੌਜਵਾਨਾ ਨੂੰ ਬੇਨਤੀ ਕੀਤੀ ਕਿ ਗੁਰਸਿੱਖੀ ਸਿਧਾਂਤਾਂ ਦੀ ਚੜ੍ਹਦੀ ਕਲਾ ਲਈ ਇਹੋ ਜਿਹੇ ਕੌਮ ਦੇ ਪਤਨ ਵਰਗੇ ਕੋਹੜ ਤੋਂ ਕਿਨਾਰਾ ਕਰ ਕੇ ਖੰਡੇ ਵਾਟੇ ਦਾ ਅੰਮ੍ਰਿਤ ਛਕਣ ਅਤੇ ਹੋਰਾਂ ਨੂੰ ਵੀ ਬਾਣੀ ਅਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕਰਨ।
ਸੇਵਾ ਦਲ ਵਲੋਂ ਨਵ ਵਿਵਾਹਿਕ ਜੋੜਿਆਂ ਨੂੰ ਘਰ ਪਰਵਾਰ ਲਈ ਲੋੜੀਂਦਾ ਸਮਾਨ ਤੋਹਫ਼ੇ ਵਜੋਂ ਭੇਟ ਕੀਤਾ ਗਿਆ ।ਇਸ ਮੌਕੇ ਡੀ ਐਮ ਸੀ, ਸਿਵਲ ਹਸਪਤਾਲ ਸੰਗਰੂਰ, ਰਜਿੰਦਰਾ ਪਟਿਆਲਾ, ਸਿਵਲ ਹਸਪਤਾਲ ਮਾਨਸਾ, ਸੀਵੀਆਂ ਹੈਲਥ ਕੇਅਰ ਸੈਂਟਰ ਦੀਆਂ ਮੈਡੀਕਲ ਟੀਮਾਂ ਵਲੋਂ 1778 ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਝੱਬਰ, ਰਾਗੀ ਭਾਈ ਮੁਖਤਿਆਰ ਸਿੰਘ, ਬਾਬਾ ਮੁਖਤਿਆਰ ਸਿੰਘ ਕੌਹਰੀਆਂ ਵਾਲੇ, ਭਾਈ ਦਵਿੰਦਰ ਸਿੰਘ ਫੌਜੀ, ਭਾਈ ਬਲਜੀਤ ਸਿੰਘ ਢਿਲੋਂ, ਭਾਈ ਮਨਜੀਤ ਸਿੰਘ, ਭਾਈ ਪਰਗਟ ਸਿੰਘ, ਭਾਈ ਸਤਿਨਾਮ ਸਿੰਘ ਸੇਖੂਪੁਰਾ, ਭਾਈ ਗੁਰਮੀਤ ਸਿੰਘ ਢਿਲੋਂ, ਜਸਵਿੰਦਰ ਸਿੰਘ ਕਸਬਾ ਭੁਰਾਲ, ਚੇਅਰਮੈਨ ਭਾਈ ਜਗਸੀਰ ਸਿੰਘ ਅਮਰੂਕੋਟਾ, ਜਲਵਿੰਦਰ ਸਿੰਘ ਭੀਖੀ ਤੋਂ ਇਲਾਵਾ ਸੰਗਤਾਂ ਦਾ ਵਿਸ਼ਾਲ ਇੱਕਠ ਹਾਜਰ ਸੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply