Friday, July 5, 2024

ਅਕਾਲੀ ਦਲ ਨੇ ਔਰਤ ਦਿਵਸ ਸਿਰਫ ਖਾਨਾਪੂਰਤੀ ਤੇ ਆਪਣੇ ਗੁਣਗਾਨ ਤੱਕ ਸੀਮਤ ਕੀਤਾ- ਔਜਲਾ

PPN0803201601ਅੰਮ੍ਰਿਤਸਰ, 8 ਮਾਰਚ (ਜਗਦੀਪ ਸਿੰਘ ਸੱਗੂ)- ਅਕਾਲੀ ਦਲ ਵਲੋਂ ਔਰਤ ਦਿਵਸ ਮਨਾਇਆ ਜਾਣਾ ਔਰਤ ਜਾਤ ਦੀ ਤੌਹੀਨ ਹੈ, ਕਿਉਂਕਿ ਜਿਸ ਰਾਜ ਵਿੱਚ ਹੱਕ ਮੰਗਣ ਗਈ ਔਰਤ ਨੂੰ ਸ਼ਰੇਆਮ ਬੇਇਜ਼ਤ ਕੀਤਾ ਜਾਏ, ਉਸ ਨੂੰ ਅਜੇਹੇ ਖੇਖਣ ਚੰਗੇ ਨਹੀ ਲੱਗਦੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਔਰਤ ਦਿਵਸ ਮੌਕੇ ਅਕਾਲੀ ਦਲ ਵਲੋਂ ਇਤਿਹਾਸਕ ਖਾਲਸਾ ਕਾਲਜ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ, ਲੇਕਿਨ ਇਸ ਨੂੰ ਪ੍ਰਚਾਰਦਿਆਂ ਦਾਅਵਾ ਕੀਤਾ ਕਿ ਇਸ ਦੇ ਮੁੱਖ ਮਹਿਮਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹਨ ਤੇ ਅਕਾਲੀ ਦਲ ਬਾਦਲ ਪ੍ਰਧਾਨ ਬੀਬੀ ਜਗੀਰ ਕੌਰ ਇਸ ਗੁਰਮਤਿ ਸਮਾਗਮ ਦੇ ਮੁੱਖ ਪ੍ਰਬੰਧਕ ਹਨ।ਔਜਲਾ ਨੇ ਕਿਹਾ ਕਿ ਹੈਰਾਨੀਜਨਕ ਤੱਥ ਤਾਂ ਇਹ ਹੈ ਕਿ ਖਾਲਸਾ ਕਾਲਜ ਸੰਸਥਾਵਾਂ ਦੇ ਪ੍ਰਬੰਧਕ ਆਪਣੇ ਆਪ ਖੁਦ ਮੁਖਤਿਆਰ ਸੰਸਥਾ ਦੇ ਸਰਵੋ ਸਰਵਾ ਦੱਸਦੇ ਹਨ, ਲੇਕਿਨ ਗੁਰਮਤਿ ਸਮਾਗਮ ਵਿੱਚ ਵਿਦਿਆਰਥੀਆਂ ਦੀ ਸ਼ਮੁਲ਼ੀਅਤ ਦੀ ਬਜਾਏ ਸਿਆਸੀ ਲੋਕਾਂ ਦੀ ਹਾਜਰੀ ਜਰੂਰੀ ਸਮਝਦੇ ਹਨ ।ਔਜਲਾ ਨੇ ਦੱਸਿਆ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਨੁੰਹ, ਉਪ ਮੁਖ ਮੰਤਰੀ ਪੰਜਾਬ ਸੁਖਬੀਰ ਸੰਘ ਬਾਦਲ ਦੀ ਧਰਮ ਪਤਨੀ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ੍ਰ: ਸਤਿਆਜੀਤ ਸਿੰਘ ਮਜੀਠੀਆ ਦੀ ਬੇਟੀ ਹਰਸਿਮਰਤ ਕੌਰ ਬਾਦਲ ਉਹ ਸ਼ਖਸ਼ੀਅਤ ਹੈ ਜਿਸ ਨੇ ਰੁੱਖ ਬਚਾਉ ਤੇ ਕੁੱਖ ਬਚਾਉ ਦੇ ਨਾਅਰੇ ਹੇਠ ਸਥਾਪਿਤ ਕੀਤੀ ਨੰਨੀ ਛਾਂ ਸੰਸਥਾ ਨੂੰ ਸਿਰਫ ਲੋਕ ਸਭਾ ਬਠਿੰਡਾ ਤੋਂ ਸੰਸਦ ਬਨਣ ਤੇ ਫਿਰ ਕੇਂਦਰ ਵਿੱਚ ਮੰਤਰੀ ਬਨਣ ਲਈ ਵਰਤਿਆ ਹੈ। ਲੇਕਿਨ ਇਸ ਔਰਤ ਨੇ ਕਦੇ ਵੀ ਪੰਜਾਬ ਦੇ ਕਿਸੇ ਹਸਪਤਾਲ ਜਾਂ ਕਿਸੇ ਹੋਰ ਅਦਾਰੇ ਵਿੱਚ ਜਾ ਕੇ ਇਹ ਵੇਖਣ ਦੀ ਕੋਸ਼ਿਸ਼ ਨਹੀ ਕਿ ਉਥੇ ਕੰਮ ਕਰ ਰਹੀਆਂ ਔਰਤਾਂ ਨਾਲ ਕਿਹੋ ਜਿਹਾ ਵਿਹਾਰ ਹੋ ਰਿਹਾ ਹੈ, ਉਨ੍ਹਾਂ ਦੀਆਂ ਸਮੱਸਿਆਵਾਂ ਕੀ ਹਨ।ਹਰਸਿਮਰਤ ਕੌਰ ਦੇ ਪਤੀ ਤੇ ਸਹੁਰੇ ਦੇ ਰਾਜ ਵਿੱਚ ਆਪਣੇ ਤੇ ਆਪਣੇ ਪ੍ਰੀਵਾਰਾਂ ਦੇ ਹੱਕ ਮੰਗ ਰਹੀਆਂ ਔਰਤਾਂ ਨੂੰ ਪੁਲਿਸ ਤੇ ਅਕਾਲੀ ਜਥੇਦਾਰ ਜਲੀਲ ਕਰਦੇ ਹਨ, ਸ਼ਰੇ ਬਾਜਾਰ ਗੁੱਤਾਂ ਅਤੇ ਵਾਲਾਂ ਤੋਂ ਫੜ੍ਹ ਕੇ ਧੂਹਿਆ ਜਾਂਦਾ ਹੈ।ਔਜਲਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਇੱਕ ਅਜੇਹੀ ਔਰਤ ਹੈ, ਜਿਸ ਉਪਰ ਆਪਣੀ ਹੀ ਧੀ ਤੇ ਉਸ ਦੇ ਗਰਭ ‘ਚ ਪਲ ਰਹੇ ਬੱਚੇ ਦੇ ਕਤਲ ਦਾ ਮੁਕੱਦਮਾ ਕੇਂਦਰੀ ਜਾਂਚ ਬਿਊਰੋ ਦੀ ਪਟਿਆਲਾ ਸਥਿਤ ਅਦਾਲਤ ਵਿੱਚ ਚੱਲ ਰਿਹਾ ਹੈ।ਲੇਕਿਨ ਇਹ ਔਰਤ ਫਿਰ ਵੀ ਖੁਦ ਨੂੰ ਔਰਤਾਂ ਦੀ ਹਮਦਰਦ ਹੋਣ ਦੇ ਦਾਅਵੇ ਕਰਦੀ ਨਹੀ ਥੱਕਦੀ।ਉਨਾਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਅੱਜ ਔਰਤ ਦਿਵਸ ਮੌਕੇ ਅਜੇਹੀਆਂ ਔਰਤਾਂ ਨੂੰ ਕਾਲਜ ਵਿਦਿਆਰਥੀਆਂ ਦੇ ਰੂਬਰੂ ਕੀਤਾ ਜਾਂਦਾ, ਜਿਨ੍ਹਾਂ ਦੇ ਜੀਵਨ ਤੇ ਘਾਲਣਾ ਤੋਂ ਵਿਦਿਆਰਥੀ ਕੋਈ ਸੇਧ ਲੈ ਸਕਣ, ਲੇਕਿਨ ਅਕਾਲੀ ਦਲ ਨੇ ਅੱਜ ਦਾ ਦਿਨ ਵੀ ਸਿਰਫ ਇੱਕ ਖਾਨਾਪੂਰਤੀ ਤੇ ਆਪਣੇ ਗੁਣਗਾਨ ਤੀਕ ਸੀਮਤ ਕਰ ਦਿੱਤਾ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply