Saturday, June 29, 2024

ਨਾਮਵਰ ਸ਼ਾਇਰ ਰਾਜਿੰਦਰ ਪ੍ਰਦੇਸੀ ਨਾਲ ਰਚਾਇਆ ਸਾਹਿਤਕ-ਸੰਵਾਦ

PPN3003201605ਅੰਮ੍ਰਿਤਸਰ, 30 ਮਾਰਚ (ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਵੱਲੋਂ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਪੰਜਾਬੀ ਜੁਬਾਨ ਦੇ ਸਮਰੱਥ ਸ਼ਾਇਰ ਰਜਿੰਦਰ ਪ੍ਰਦੇਸੀ ਨਾਲ ਸਾਹਿਤਕ-ਸੰਵਾਦ ਰਚਾਇਆ ਗਿਆ।
ਸੰਖੇਪ ਪਰ ਅਰਥ ਭਰਪੂਰ ਇਸ ਅਦਬੀ ਮਹਿਫਲ ਵਿੱਚ ਮਹਿਮਾਨ ਸ਼ਾਇਰ ਰਜਿੰਦਰ ਪ੍ਰਦੇਸੀ ਨੇ ਆਪਣੀ ਗਜ਼ਲ ਦੇ ਇੱਕ ਸਿਅਰ ਕਿ ‘ਆਲਮ ਉਡੀਕ ਦਾ ਵੀ ਕਿੰਨਾ ਅਜੀਬ ਹੁੰਦਾ, ਕੁੰਡਾ ਗਵਾਂਢ ਖੜਕੇ ਝੱਟ ਮੂੰਹੋਂ ਕੌਣ ਨਿਕਲੇ’ ਦੇ ਹਵਾਲੇ ਨਾਲ ਗਲ ਸ਼ੁਰੂ ਕਰਦਿਆਂ ਦਸਿਆ ਕਿ ਲੋਕ ਸ਼ਾਇਰ ਬਾਵਾ ਬਲਵੰਤ, ਡਾ. ਜਗਤਾਰ, ਅਜਾਇਬ ਚਿਤਰਕਾਰ ਅਤੇ ਇੰਦਰਜੀਤ ਹਸਨਪੁਰੀ ਵਰਗੇ ਪ੍ਰੋੜ ਸਾਹਿਤਕਾਰਾਂ ਦੀ ਲੇਖਣੀ ਅਤੇ ਸੰਗਤ ਵਿੱਚ ਉਨ੍ਹਾਂ ਤੇ ਅਦਬੀ ਰੰਗ ਚੜਿਆ ਤੇ ਮਰਹੂਮ ਉਸਤਾਦ ਗਜ਼ਲਗੋ ਪ੍ਰਿੰ: ਤਖਤ ਸਿੰਘ ਹੋਰਾਂ ਦੀ ਰਹਿਨੁਮਾਈ ਵਿੱਚ ਉਨ੍ਹਾਂ ਸ਼ਾਇਰੀ ਦੀ ਵਿਧਾ ਨੁੰ ਚੁਣਿਆ ਤੇ ਉਸ ਵਿੱਚ ਪ੍ਰਪੱਕਤਾ ਹਾਸਿਲ ਕੀਤੀ। ਉਨ੍ਹਾਂ ਦੱਸਿਆ ਕਿ ਦੇਸ਼-ਵਿਦੇਸ਼ ਦੀਆਂ ਸਹਿਤ-ਸਭਾਵਾਂ ਉਨ੍ਹਾਂ ਨੂੰ ਮਾਣ ਨਾਲ ਬੁਲਾਉਂਦੀਆਂ ਹਨ। ਉਹ ਕਦੀ ਵੀ ਸਰਕਾਰੀ ਇਨਾਮਾਂ ਸਨਮਾਨਾਂ ਦੀ ਦੌੜ ਵਿੱਚ ਸ਼ਾਮਿਲ ਨਹੀਂ ਹੋਏ।
ਕਥਾਕਾਰ ਦੀਪ ਦਵਿੰਦਰ ਸਿੰਘ, ਸ਼ਾਇਰ ਦੇਵ ਦਰਦ, ਨਿਰਮਲ ਅਰਪਣ, ਡਾ. ਪਰਮਜੀਤ ਸਿੰਘ ਬਾਠ, ਹਰਮੇਸ਼ ਕੌਰ ਯੋਧੇ ਆਦਿ ਵਿਦਵਾਨਾਂ ਨੇ ਪ੍ਰਦੇਸੀ ਹੋਰਾਂ ਦੀਆਂ ਕਾਵਿ-ਪੁਸਤਕਾਂ ‘ਅੱਖਰ ਅੱਖਰ ਤਨਹਾਈ’, ‘ਉਦਰੇਵੇਂ ਦੀ ਬੁੱਕਲ’, ‘ਗੁੰਗੀ ਰੁਤ ਦੀ ਪੀੜ’, ‘ਗੀਤ ਕਰਨ ਅਰਜੋਈ’ ਅਤੇ ‘ਅੱਗ ਤੇ ਪਾਣੀ ਨਾਲੋ ਨਾਲ’ ਨੂੰ ਕੇਂਦਰ ਵਿੱਚ ਰੱਖ ਕੇ ਸਾਂਝੇ ਤੌਰ ਤੇ ਕਿਹਾ ਕਿ ਰਜਿੰਦਰ ਪ੍ਰਦੇਸੀ ਪੰਜਾਬੀ ਸ਼ਾਇਰੀ ਵਿੱਚ ਉਭਰਵਾਂ ਤੇ ਚਰਚਿਤ ਨਾਮ ਹੈ। ਉਹ ਸਮਾਜਿਕ ਸਰੋਕਾਰਾਂ ਨੂੰ ਵੱਖਰੀ ਦ੍ਰਿਸ਼ਟੀ ਤੋਂ ਵੇਖਦਾ ਹੈ ਅਤੇ ਸੋਧ ਮਈ ਬਣਾ ਕੇ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਪ੍ਰਦੇਸੀ ਹੋਰਾਂ ਦੀ ਸਮੁੱਚੀ ਸ਼ਾਇਰੀ ਪ੍ਰਾਚੀਨ ਅਤੇ ਅਧੁਨਿਕਤਾ ਦੇ ਸੰਕਲਪ ਦੀ ਵਿਆਖਿਆ ਕਰਦੀ ਹੈ।
ਇਸ ਸਮੇਂ ਰਜਿੰਦਰ ਪ੍ਰਦੇਸੀ ਹੋਰਾਂ ਦੀ ਸ਼ਾਇਰੀ ਦੇ ਨਾਲ-ਨਾਲ ਨੌਜਵਾਨ ਸ਼ਾਇਰ ਬੀਰ ਸਿੰਘ, ਹਰਪ੍ਰੀਤ ਸਿੰਘ ਅਤੇ ਅਜੀਤ ਸਿੰਘ ਨਬੀਪੁਰ ਆਦਿ ਸ਼ਾਇਰਾਂ ਨੇ ਨਜ਼ਮਾਂ ਸਾਂਝੀਆਂ ਕੀਤੀਆਂ। ਸਕੂਲ ਦੇ ਪ੍ਰਿੰ: ਮੈਡਮ ਟੀਨਾ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਮਾਗਮਾਂ ਦੀ ਲੜੀ ਦੀ ਪ੍ਰਤੀਬਧਤਾ ਨੂੰ ਦੁਹਰਾਇਆ। ਹੋਰਨਾਂ ਤੋਂ ਇਲਾਵਾ ਮਨਮੋਹਨ ਬਾਸਰਕੇ, ਹਰਜੀਤ ਸੰਧੂ, ਡਾ. ਹਜ਼ਾਰਾ ਸਿੰਘ ਚੀਮਾ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਦਵਿੰਦਰ ਸਿੰਘ ਔਲਖ, ਸੁਰਜੀਤ ਸਿੰਘ, ਸੁਭਾਸ਼ ਚੰਦਰ, ਮਮਤਾ ਅਤੇ ਵੱਡੀ ਗਿਣਤੀ ਵਿੱਚ ਸਕੂਲ ਸਟਾਫ ਹਾਜ਼ਰ ਸੀ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply