Wednesday, July 3, 2024

ਚੰਗੀ ਸਿਹਤ ਲਈ ਵਧੀਆ ਖੁਰਾਕ ਦੇ ਨਾਲ ਕਸਰਤ ਬਹੁਤ ਜਰੂਰੀ – ਸਿਵਲ ਸਰਜਨ

PPN0704201601ਬਠਿੰਡਾ, 7 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੀ ਹਦਾਇਤਾਂ ਅਤੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸਥਾਨਕ ਸਿਵਲ ਹਸਪਤਾਲ ਬਠਿੰਡਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਵਿਸ਼ਵ ਸਿਹਤ ਦਿਵਸ ਦੇ ਥੀਮ ‘ਵੱਧ ਰਹੀ ਸ਼ੂਗਰ ਦੀ ਬਿਮਾਰੀ ਨੂੰ ਰੋਕੋ’ ਤਹਿਤ ਸਿਹਤ ਵਿਭਾਗ ਪੰਜਾਬ ਦੇ ਵਿਸ਼ੇਸ ਉਪਰਾਲੇ ਤਹਿਤ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਬਲੱਡ ਸ਼ੂਗਰ ਅਤੇ ਮੈਡੀਕਲ ਚੱਕਅੱਪ ਕੈਂਪ ਲਗਾਏ ਗਏ ਹਨ। ਇਸ ਮੌਕੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਚੰਗੀ ਸਿਹਤ ਲਈ ਵਧੀਆ ਖੁਰਾਕ ਦੇ ਨਾਲ ਚੰਗਾ ਰਹਿਣ ਸਹਿਣ ਅਤੇ ਕਸਰਤ ਬਹੁਤ ਜਰੂਰੀ ਹੈ। ਅੱਜ ਦੀ ਭੱਜ ਦੌੜ ਵਾਲੀ ਜਿੰਦਗੀ ਅਤੇ ਮਸ਼ੀਨੀ ਯੁਗ ਵਿੱਚ ਸੈਰ ਦੇ ਨਾਲ ਸੰਤੁਲਿਤ ਖੁਰਾਕ ਅਤੇ ਸਮੇਂ ਸਮੇਂ ਤੇ ਮੈਡੀਕਲ ਚੈਕਅਪ ਕਰਵਾਉਣਾ ਬਹੁਤ ਜਰੂਰੀ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਹਰ ਵਿਅਕਤੀ ਨੂੰ ਰੋਜ਼ਾਨਾ ਲਗਭਗ 30 ਮਿੰਟ ਕਸਰਤ ਜਰੂਰ ਕਰਨੀ ਚਾਹੀਦੀ ਹੈ। ਖਾਣੇ ਵਿੱਚ ਰੇਸ਼ੇਦਾਰ ਫਲ ਅਤੇ ਸਬਜੀਆਂ ਦੀ ਮਾਤਰਾ ਕਾਫੀ ਹੋਣੀ ਚਾਹੀਦੀ ਹੈ। ਬਿਮਾਰੀਆਂ ਤੋਂ ਬਚਾਅ ਲਈ ਤੰਬਾਕੂ ਅਤੇ ਸ਼ਰਾਬ ਨੂੰ ਤਿਆਗਣਾ ਚਾਹੀਦਾ ਹੈ। ਡਾ. ਪਰਮਿੰਦਰ ਬਾਂਸਲ ਮੈਡੀਕਲ ਅਫਸਰ ਨੇ ਮਰੀਜਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸ਼ੂਗਰ ਦੀ ਬਿਮਾਰੀ ਦੇ ਕਾਰਣ, ਲੱਛਣ ਅਤੇ ਬਚਾਅ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਮਰੀਜਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਰੀਰ ਵੱਲੋਂ ਇੰਸੂਲੀਨ ਹਾਰਮੋਨ ਨਾ ਪੈਦਾ ਕਰਨ ਕਾਰਣ ਸ਼ੂਗਰ ਰੋਗ ਹੋ ਜਾਂਦਾ ਹੈ। ਖਾਨਦਾਨ ਵਿੱਚ ਸ਼ੂਗਰ ਹੋਣ, ਜਿਆਦਾ ਬਲੱਡ ਪ੍ਰੈਸ਼ਰ ਹੋਣ, ਮੋਟਾਪਾ, ਤੰਬਾਕੂ/ਸ਼ਰਾਬ ਦੀ ਵਰਤੋਂ, ਜੰਕ ਫੂਡ ਜਾਂ ਕਸਰਤ ਨਾ ਕਰਨ ਨਾਲ ਸ਼ੂਗਰ ਹੋਣ ਦਾ ਖਤਰਾ ਬਣ ਜਾਂਦਾ ਹੈ। ਸ਼ੂਗਰ ਦੇ ਲੱਛਣਾਂ ਵਿੱਚ ਵਾਰ ਵਾਰ ਪਿਸ਼ਾਬ ਦਾ ਆਉਣਾ, ਵਜ਼ਨ ਘਟਣਾ, ਜਿਆਦਾ ਪਿਆਸ/ਭੁੱਖ ਲੱਗਣਾ, ਥਕਾਵਟ ਰਹਿਣਾ ਹੋ ਸਕਦੇ ਹਨ। ਡਾ. ਬਾਂਸ਼ਲ ਨੇ ਦੱਸਿਆ ਕਿ ਸ਼ੂਗਰ ਹੋਣ ਤੇ ਅੱਖਾਂ ਦੀ ਰੋਸ਼ਨੀ ਦਾ ਘਟਣਾ, ਦਿਲ ਦਾ ਦੌਰਾ ਪੈਣਾ, ਹੱਥ ਪੈਰ ਸੁੰਨ ਹੋਣਾ, ਗੁਰਦੇ ਫੇਲ ਹੋਣਾ ਅਤੇ ਜਖਮਾਂ ਦਾ ਜਲਦੀ ਠੀਕ ਨਾ ਹੋਣਾ ਹੈ। ਡਾ. ਵੰਦਨਾ ਮਿੱਢਾ ਐਨ.ਸੀ.ਡੀ. ਕਲੀਨਿਕ ਨੇ ਕਿਹਾ ਕਿ ਸ਼ੂਗਰ ਤੋਂ ਬਚਾਅ ਲਈ ਸਿਹਤਮੰਦ ਭੋਜਨ ਲੈਣਾ ਚਾਹੀਦਾ ਹੈ। ਹਰੀਆਂ ਸਬਜੀਆਂ ਅਤੇ ਫਲਾਂ ਦਾ ਜਿਆਦਾ ਅਤੇ ਚਰਬੀ ਵਾਲੇ ਭੋਜਨ ਦਾ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ। ਪਿਆਸ ਲਗਣ ਤੇ ਮਿੱਠੇ ਪਦਾਰਥਾਂ (ਕੋਲਡ ਡਰਿੰਕਸ) ਦੀ ਥਾਂ ਤੇ ਪਾਣੀ ਹੀ ਪੀਣਾ ਚਾਹੀਦਾ ਹੈ। ਡਾ. ਮਿੱਢਾ ਨੇ ਕਿਹਾ ਕਿ ਸੂਗਰ ਦੀ ਬਿਮਾਰੀ ਤੋਂ ਬਚਾਅ ਲਈ ਦਿਮਾਗੀ ਪ੍ਰੇਸ਼ਾਨੀ ਤੋਂ ਬਚਾਅ ਅਤੇ ਸਰੀਰ ਦਾ ਭਾਰ ਵੀ ਘੱਟ ਹੋਣਾ ਚਾਹੀਦਾ ਹੈ। ਰੈਗੂਲਰ ਤੌਰ ਤੇ ਸੂਗਰ ਦੀ ਜਾਂਚ ਅਤੇ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਦਾ ਇਸਤੇਮਾਲ ਕਰਕੇ ਵੀ ਸ਼ੂਗਰ ਦੀ ਬਿਮਾਰੀ ਦੇ ਸਰੀਰ ਤੇ ਹੋਣ ਵਾਲੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਡਾ. ਐਸ.ਕੇ.ਰਾਜ ਕੁਮਾਰ ਸਹਾਇਕ ਸਿਵਲ ਸਰਜਨ ਬਠਿੰਡਾ, ਡਾ. ਐਸ.ਐਸ. ਰੋਮਾਣਾ ਡਿਪਟੀ ਮੈਡੀਕਲ ਕਮਿਸ਼ਨਰ ਬਠਿੰਡਾ, ਡਾ. ਸਤੀਸ ਜਿੰਦਲ ਐਸ.ਐਮ.ਓ, ਡਾ. ਵਿਕਾਸ ਗੋਇਲ ਐਨ.ਸੀ.,ਡੀ., ਸ਼੍ਰੀਮਤੀ ਹਰਜਿੰਦਰ ਕੌਰ ਡਿਪਟੀ ਮਾਸ ਮੀਡੀਆ ਅਫਸਰ, ਲਖਵਿੰਦਰ ਸਿੰਘ ਬੀ.ਈ.ਈ. ਮਾਸ ਮੀਡੀਆ, ਜਗਦੀਸ਼ ਰਾਮ, ਗੁਰਪ੍ਰੀਤ ਵਾਲੀਆ ਕਾਊਂਸਲਰ ਅਤੇ ਨਰਸਿੰਗ ਸਟਾਫ ਵੀ ਹਾਜ਼ਿਰ ਸੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply