Wednesday, July 3, 2024

ਨਾਦ ਪ੍ਰਗਾਸੁ ਵੱਲੋਂ ਸਿੱਖ ਚਿਤਰਕਲਾ ‘ਤੇ ਵਿਸ਼ੇਸ਼ ਸੈਮੀਨਾਰ

ਸਿੱਖ ਚਿਤਰਕਲਾ ਦੇ ਵਿਭਿੰਨ ਰੁਝਾਨਾਂ ਅਤੇ ਪਰਿਵਰਤਨਾਂ ਨੂੰ ਸਿਧਾਂਤਬੱਧ ਕਰਨ ਦੀ ਲੋੜ – ਡਾ. ਬੇਦੀ

PPN0904201613ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਖੁਰਮਣੀਆ)- “ਸਿੱਖ ਚਿਤਰਕਲਾ ਨੂੰ ਚਿੰਤਨ ਦੇ ਪੱਧਰ ‘ਤੇ ਸਿਧਾਂਤਬੱਧ ਕਰਨ ਦੀ ਲੋੜ ਹੈ ਤਾਂ ਜੋ ਇਸ ਦੇ ਵਿਭਿੰਨ ਰੂਪਾਂ ਅਤੇ ਵਿਕਾਸ ਦੌਰਾਨ ਆਏ ਵਿਭਿੰਨ ਪਰਿਵਰਤਨਾਂਫ਼ਰੁਝਾਨਾਂ ਨੂੰ ਸੂਖਮਤਾ ਨਾਲ ਸਮਝਿਆ ਜਾ ਸਕੇ।” ਇਹ ਵਿਚਾਰ ਅੱਜ ਇਥੇ ਅਕਾਦਮਿਕ ਖੋਜ ਖੇਤਰ ਵਿਚ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਵੱਲੋਂ ‘ਸਿੱਖ ਚਿਤਰਕਾਰੀ: ਅਨੁਭਵ ਅਤੇ ਸਰੂਪ’ ਵਿਸ਼ੇ ‘ਤੇ ਭਾਈ ਵੀਰ ਸਿੰਘ ਗੁਰਮਤਿ ਕਾਲਜ ਦੇ ਭਾਈ ਨੰਦ ਲਾਲ ਗੋਯਾ ਸੈਮੀਨਾਰ ਹਾਲ ਵਿਖੇ ਆਯੋਜਿਤ ਵਿਸ਼ੇਸ਼ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਡਾ. ਹਰਚੰਦ ਸਿੰਘ ਬੇਦੀ, ਸਾਬਕਾ ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰਸਤੁਤ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਹੁਣ ਤਕ ਚਿਤਰਕਲਾ ਦੇ ਵਿਵਹਾਰਕ ਪੱਖ ਉਪਰ ਵਧੇਰੇ ਕੇਂਦਰਿਤ ਰਹੇ ਹਾਂ ਜਦਕਿ ਇਸ ਦਾ ਸਿਧਾਂਤਕ ਵਿਸ਼ਲੇਸ਼ਣ ਸਾਡੀ ਚਰਚਾ ਦਾ ਕੇਂਦਰ ਨਹੀਂ ਬਣ ਸਕਿਆ।
ਅੱਜ ਦੇ ਮੁੱਖ ਵਕਤਾ ਪੰਜਾਬੀ ਯੂਨੀਵਰਸਿਟੀ ਤੋਂ ਰਿਸਰਚ ਸਕਾਲਰ, ਜਸਵੀਰ ਸਿੰਘ ਨੇ ਖੋਜ ਪੱਤਰ ਪੜ੍ਹਦਿਆਂ ਸਿੱਖ ਚਿਤਰਕਲਾ ਦੇ ਵੱਖ-ਵੱਖ ਇਤਿਹਾਸਕ ਪੜਾਵਾਂ ਅਤੇ ਪ੍ਰਵਿਰਤੀਆਂ ਨੂੰ ਕੇਂਦਰ ਵਿਚ ਰੱਖਦਿਆਂ ਉਨ੍ਹਾਂ ਉਪਰ ਪਏ ਬਾਹਰੀ ਵਿਚਾਰਧਾਰਾਈ ਪ੍ਰਭਾਵਾਂ ਬਾਰੇ ਚਰਚਾ ਛੇੜੀ। ਉਨ੍ਹਾਂ ਕਿਹਾ ਕਿ ਅਕਾਦਮਿਕ ਖੇਤਰ ਵਿਚ ਸਿੱਖ ਚਿਤਰਕਲਾ ਦੇ ਵਿਕਾਸ ਅਤੇ ਵਿਭਿੰਨ ਵੰਨਗੀਆਂ ਨੂੰ ਵਿਸ਼ੇਸ਼ ਤੌਰ ‘ਤੇ ਖੋਜ ਦਾ ਵਿਸ਼ਾ ਬਣਾਇਆ ਜਾਣਾ ਚਾਹੀਦਾ ਹੈ। ਅਜੇ ਤਕ ਸਿੱਖ ਚਿਤਰਕਲਾ ਨੂੰ ਇਕ ਸੁਤੰਤਰ ਅਨੁਸ਼ਾਸਨ ਵਜੋਂ ਪ੍ਰਵਾਨਗੀ ਹਾਸਿਲ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਦਮਨਜੀਤ ਸਿੰਘ ਨੇ ਵੱਖ-ਵੱਖ ਵਿਦਿਅਕ ਸੰਸਥਾਵਾਂ ਤੋਂ ਸਮਾਗਮ ਵਿਚ ਪਹੁੰਚੇ ਵਿਦਵਾਨਾਂਫ਼ਖੋਜਾਰਥੀਆਂਫ਼ਵਿਦਿਆਰਥੀਆਂ ਨੂੰ ਸਵਾਗਤੀ ਸ਼ਬਦ ਕਹੇ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਪ੍ਰੋਫੈਸਰ, ਡਾ. ਬਲਵਿੰਦਰ ਸਿੰਘ ਕਿਹਾ ਕਿ ਬਾਬਾ ਅਟੱਲ ਰਾਇ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਕੰਧ ਚਿਤਰਾਂ ਨੂੰ ਬਚਾਉਣ ਦੇ ਨਾਲ-ਨਾਲ ਇਸ ਕਲਾ ਨੂੰ ਅੱਗੇ ਵਿਕਸਤ ਕਰਨ ਲਈ ਸਿਖਲਾਈ ਸੰਸਥਾਵਾਂ ਸਥਾਪਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਨਵੀਨ ਤਕਨੀਕੀ ਸਾਧਨਾਂ ਅਤੇ ਜੁਗਤਾਂ ਦੀ ਮਦਦ ਵੀ ਲਈ ਜਾਣੀ ਚਾਹੀਦੀ ਹੈ।
ਅਮਰੀਕਾ ਤੋਂ ਪਹੁੰਚੇ ਆਰਟਿਸਟ ਸ੍ਰੀਮਤੀ ਸੁਰਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਵਿਚ ਵੀ ਪੱਛਮੀ ਤਰਜ਼ ‘ਤੇ ਚਿਤਰਕਲਾ ਦੀਆਂ ਵਿਭਿੰਨ ਵੰਨਗੀਆਂ ਨਾਲ ਸਬੰਧਤ ਸੋਸਾਇਟੀਆਂ ਦੀ ਸਥਾਪਨਾ ਹੋਣੀ ਚਾਹੀਦੀ ਹੈ ਜੋ ਇਸ ਕਲਾ ਨੂੰ ਵਿਕਸਤ ਕਰਨ ਲਈ ਨਿਰੰਤਰ ਯਤਨ ਕਰਦੀਆਂ ਰਹਿਣ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਅੰਮ੍ਰਿਤਸਰ ਨੂੰ ਸਿਰਫ ਆਪਣੀ ਸ਼ਰਧਾ ਤਕ ਸੀਮਤ ਕਰ ਲਿਆ ਹੈ ਜਦੋਂ ਗੁਰੂ ਸਾਹਿਬਾਨ ਵੱਲੋਂ ਚਿਤਰਕਲਾ, ਸੰਗੀਤ, ਭਵਨ ਨਿਰਮਾਣ ਕਲਾ ਆਦਿ ਬਾਬਤ ਵੀ ਇਕ ਵਿਲੱਖਣ ਦ੍ਰਿਸ਼ਟੀਕੋਣ ਦਿੱਤਾ ਸੀ ਜਿਸਨੂੰ ਅਸੀਂ ਆਪਣੀ ਅਕਾਦਮਿਕ ਚਿੰਤਨ ਵਿਚ ਸ਼ਾਮਿਲ ਨਹੀਂ ਕਰ ਰਹੇ।
ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪ੍ਰੋ. ਮਹਿਤਾਬ ਕੌਰ ਨੇ ਕਿਹਾ ਕਿ ਅੱਜ ਦਾ ਇਹ ਸੈਮੀਨਾਰ ਸਿੱਖ ਚਿਤਰਕਲਾ ਬਾਬਤ ਕੀਤਾ ਗਿਆ ਪਹਿਲਾ ਸਿਧਾਂਤਕ ਯਤਨ ਹੈ। ਪੰਜਾਬ ਦੇ ਵਿਦਿਅਕ ਅਦਾਰਿਆਂ ਵੱਲੋਂ ਸਿੱਖ ਚਿਤਰਕਲਾ ਨੂੰ ਪੂਰੀ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ, ਇਸੇ ਕਰਕੇ ਸਾਡੇ ਸਿਲੇਬਸਾਂ ਵਿਚ ਸਿੱਖ ਚਿਤਰਕਲਾ ਦਾ ਕੋਈ ਵੀ ਵੇਰਵਾ ਸ਼ਾਮਿਲ ਨਹੀਂ ਹੁੰਦਾ ਜਦਕਿ ਇਸ ਨੂੰ ਚਿੰਤਨ ਅਤੇ ਖੋਜ ਦੀ ਦ੍ਰਿਸ਼ਟੀ ਤੋਂ ਵੀ ਵਿਚਾਰਿਆ ਜਾਣਾ ਚਾਹੀਦਾ ਹੈ।
ਖੋਜ-ਪੱਤਰ ਉਪਰੰਤ ਹੋਈ ਵਿਚਾਰ ਚਰਚਾ ਵਿਚ ਪ੍ਰੋ. ਸੁਖਦੇਵ ਸਿੰਘ, ਡਾ. ਸੂਬਾ ਸਿੰਘ, ਵੀ.ਪੀ. ਸਿੰਘ ਅਤੇ ਪੁਨਿੰਦਰ ਸਿੰਘ ਨੇ ਹਿੱਸਾ ਲਿਆ। ਵਿਚਾਰ ਚਰਚਾ ਦੌਰਾਨ ਇਹ ਨੁਕਤਾ ਸਾਹਮਣੇ ਆਇਆ ਕਿ ਜੇਕਰ ਸਿੱਖ ਪੰਥ ਨੇ ਆਪਣੇ ਆਪ ਨੂੰ ਵਿਸ਼ਵ ਸਭਿਅਤਾਵਾਂ ਦੇ ਸਮਾਨਾਂਤਰ ਪ੍ਰਸਤੁਤ ਕਰਨਾ ਹੈ ਤਾਂ ਹੋਰ ਪਸਾਰਾਂ ਦੇ ਨਾਲ-ਨਾਲ ਕਲਾ ਦੀਆਂ ਵਿਭਿੰਨ ਵੰਨਗੀਆਂ ਨੂੰ ਵੀ ਲਗਾਤਾਰ ਅਕਾਦਮਿਕ ਪੱਧਰ ‘ਤੇ ਖੋਜ ਦਾ ਵਿਸ਼ਾ ਬਣਾਉਣਾ ਪਵੇਗਾ।
ਅਖੀਰ ਵਿਚ ਧੰਨਵਾਦੀ ਮਤਾ ਪੇਸ਼ ਕਰਦਿਆਂ ਪ੍ਰੋ. ਜਗਦੀਸ਼ ਸਿੰਘ ਨੇ ਦੱਸਿਆ ਕਿ ਅੱਜ ਦਾ ਇਹ ਵਿਸ਼ੇਸ਼ ਭਾਸ਼ਣ ਨਾਦ ਪ੍ਰਗਾਸੁ ਵੱਲੋਂ ਭਵਿੱਖ ਵਿਚ ਚਿਤਰਕਲਾ ‘ਤੇ ਕੀਤੀ ਜਾਣ ਵਾਲੀ ਚਾਰ-ਰੋਜ਼ਾ ਵਰਕਸ਼ਾਪ ਲਈ ਆਰੰਭਕ ਯਤਨ ਹੈ ਅਤੇ ਸੰਸਥਾ ਵੱਲੋਂ ‘ਸ਼ਬਦ’ ਦੀ ਦ੍ਰਿਸ਼ਟੀ ਤੋਂ ਕਲਾ ਦੇ ਸਿਧਾਂਤਕ ਅਤੇ ਸ਼ਾਸਤਰੀ ਰੂਪਾਂ ਦੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਜਾਂਦੇ ਹਨ ਜਿਸ ਤੋਂ ਸੰਸਥਾਗਤ ਅਤੇ ਵਿਹਾਰਕ ਜੀਵਨ ਨੂੰ ਲਾਭ ਮਿਲ ਸਕੇ। ਅੱਜ ਦੇ ਇਸ ਸਮਾਗਮ ਵਿਚ ਪ੍ਰੋ. ਗੁਰਬਖਸ਼ ਸਿੰਘ, ਪ੍ਰੋ. ਰਵਿੰਦਰ ਸਿੰਘ, ਡਾ. ਹਰਪ੍ਰੀਤ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ, ਖਾਲਸਾ ਕਾਲਜ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਤੋਂ ਇਲਾਵਾ ਰਾਜ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਹਰਸਿਮਰਨ ਕੌਰ ਵੱਲੋਂ ਨਿਭਾਈ ਗਈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply