Monday, July 1, 2024

ਮਜੀਠੀਆ ਵਲੋਂ ਅੰਮ੍ਰਿਤਸਰ ਵਿਖੋ ਆਟੋਮੈਟਿਡ ਡਰਾਈਵਿੰਗ ਟੈਸਟ ਟਰੈਕ ਸੈਂਟਰ ਦਾ ਉਦਘਾਟਨ

PPN2104201616

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ ਸੱਗੂ)-ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਉਸਨੂੰ ਧੋਖੇਬਾਜ਼ੀ ਦੀ ਰਾਜਨੀਤੀ ਬੰਦ ਕਰਕੇ ਆਪਣੇ-ਆਪ ਨੂੰ ਸੁਧਾਰ ਲੈਣ ਦੀ ਸਲਾਹ ਦਿੱਤੀ। ਉਨਾਂ ਕਿਹਾ ਕਿ ਕੇਜਰੀਵਾਲ ਚਾਹੇ ਐਸ ਵਾਈ ਐਲ ਮੁੱਦੇ ‘ਤੇ ਵਾਰ-ਵਾਰ ਆਪਣੇ ਬਿਆਨਾਂ ਤੋਂ ਪਲਟ ਕੇ ਲੱਖ ਸਫਾਈਆਂ ਦਿੰਦਾ ਰਹੇ, ਪਰ ਪੰਜਾਬੀ ਉਸਦੀ ਬਦਨੀਅਤ ਤੇ ਸਾਜਿਸ਼ ਤੋਂ ਚੰਗੀ ਤਰਾਂ ਜਾਣੂੰ ਹੋ ਚੁੱਕੇ ਹਨ ਅਤੇ ਹੁਣ ਉਸਦੀਆਂ ਮੋਮੋਠੱਗਣੀਆਂ ਗੱਲਾਂ ਵਿਚ ਨਹੀਂ ਆਉਣਗੇ।
ਸ. ਮਜੀਠੀਆ ਅੱਜ ਅੰਮ੍ਰਿਤਸਰ ਵਿਖੇ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਡੇਢ ਏਕੜ ਵਿਚ ਬਣਾਏ ਗਏ ਆਟੋਮੈਟਿਡ ਡਰਾਈਵਿੰਗ ਟੈਸਟ ਕੇਂਦਰ ਦਾ ਉਦਘਾਟਨ ਕਰਨ ਪੁਹੰਚੇ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਸ਼ਵ ਪ੍ਰਸਿਧ ਠੱਗ ਨਟਵਰ ਲਾਲ ਅਤੇ ਚਾਰਲਸ ਸ਼ੋਭਰਾਜ ਨੇ ਹੱਥ ਦੀ ਸਫਾਈ ਰਾਹੀਂ ਲੋਕਾਂ ਨੂੰ ਲੁੱਟਿਆ, ਉਥੇ ਕੇਜਰੀਵਾਲ ਜ਼ੁਬਾਨ ਦੀ ਸਫਾਈ ਰਾਹੀਂ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਲੁੱਟਣ ਅਤੇ ਲੁਟਾਉਣ ਦੀ ਸਾਜਿਸ਼ ਪਾਲ ਰਿਹਾ ਹੈ, ਪਰ ਪੰਜਾਬੀ ਉਸਨੂੰ ਇਸ ਮਕਸਦ ਵਿਚ ਕਦੇ ਕਾਮਯਾਬ ਨਹੀਂ ਹੋਣ ਦੇਣਗੇ।ਉਨਾਂ ਕਿਹਾ ਕਿ ਅਦਾਲਤ ਵਿਚ ਐਸ ਵਾਈ ਐਲ ਦੇ ਮੁੱਦੇ ‘ਤੇ ਉਸਦਾ ਵਕੀਲ ਪੰਜਾਬ ਦੇ ਵਿਰੁੱਧ ਹਲਫੀਆ ਬਿਆਨ ਦੇ ਰਿਹਾ ਹੈ, ਪਰ ਕੇਜਰੀਵਾਲ ਇਹ ਜ਼ਿੰਮੇਵਾਰੀ ਲੈਣ ਤੋਂ ਭੱਜਕੇ ਇਹ ਬਿਆਨ ਦਿੰਦਾ ਹੈ ਕਿ ਵਕੀਲ ਪੁਰਾਣੀ ਸਰਕਾਰ ਵੇਲੇ ਦਾ ਸੀ ਅਤੇ ਉਸਨੇ ਸਾਡੇ ਨਾਲ ਸਲਾਹ ਨਹੀਂ ਕੀਤੀ, ਜਦਕਿ ਹਕੀਕਤ ਹੈ ਕਿ ਪੰਜਾਬ ਤੋਂ ਪਰਤਦੇ ਸਾਰ ਦਿੱਲੀ ਜਾ ਕੇ ਕੇਜਰੀਵਾਲ ਨੇ ਐਸ ਵਾਈ ਐਲ ਦੇ ਮੁੱਦੇ ‘ਤੇ ਪੰਜਾਬ ਵਿਰੁੱਧ ਬਿਆਨ ਮੀਡੀਏ ਨੂੰ ਦੇ ਦਿੱਤਾ ਸੀ।
ਹਾਲ ਹੀ ਵਿਚ ਅਮਰੀਕਾ ਵਿਖੇ ਇਕ ਸਿੱਖ ਨੌਜਵਾਨ ਨਾਲ ਪੱਗ ਨੂੰ ਹੋਏ ਮਾੜੇ ਸਲੂਕ ਦੀ ਸ. ਮਜੀਠੀਆ ਨੇ ਸਖਤ ਸਬਦਾਂ ਵਿਚ ਨਿਖੇਧੀ ਕੀਤੀ ਅਤੇ ਕੇਂਦਰ ਸਰਕਾਰ ਕੋਲੋਂ ਵਿਦੇਸ਼ਾਂ ਵਿਚ ਵੱਸਦੇ ਭਾਰਤੀ ਨਾਗਰਿਕਾਂ ਦੀ ਜਾਨ-ਮਾਲ ਅਤੇ ਉਨਾਂ ਦੇ ਧਾਰਮਿਕ ਚਿੰਨਾਂ ਅਤੇ ਸਰੂਪਾਂ ਦੀ ਰਾਖੀ ਲਈ ਵਿਸ਼ੇਸ਼ ਕਦਮ ਚੁੱਕਣ ਦੀ ਅਪੀਲ ਵੀ ਕੀਤੀ, ਤਾਂ ਜੋ ਭਵਿੱਖ ਵਿਚ ਇਸ ਤਰਾਂ ਦੀ ਕੋਈ ਮਾੜੀ ਹਰਕਤ ਅਤੇ ਸਿੱਖੀ ਪਛਾਣ ‘ਤੇ ਚੋਟ ਨਾ ਪਹੁੰਚੇ। ਕਣਕ ਦੀ ਖਰੀਦ ਦੇ ਮੁੱਦੇ ‘ਤੇ ਗੱਲ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਕੇਂਦਰੀ ਅਨਾਜ ਭੰਡਾਰ ਵਿਚ ਵੱਡਾ ਯੋਗਦਾਨ ਪਾ ਰਿਹਾ ਹੈ। ਉਨਾਂ ਕਾਂਗਰਸ ਨੂੰ ਅੰਨ ਨਾਲ ਜੁੜੇ ਇਸ ਮਸਲੇ ‘ਤੇ ਸਿਆਸਤ ਨਾ ਕਰਨ ਦੀ ਤਾੜਨਾ ਕਰਦਿਆਂ ਉਨਾਂ ਨੂੰ ਡਰਾਮੇਬਾਜ਼ੀ ਛੱਡਣ ਲਈ ਕਿਹਾ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਾ ਪਿਛਲੇ 9 ਸਾਲਾਂ ਦਾ ਰਿਕਾਰਡ ਬੋਲਦਾ ਹੈ ਕਿ ਕਿਸਾਨ ਨੂੰ ਕਦੇ ਫਸਲ ਦੀ ਅਦਾਇਗੀ ਲਈ ਖੱਜ਼ਲ ਨਹੀਂ ਹੋਣਾ ਪਿਆ ਅਤੇ ਨਾ ਹੀ ਅਗਾਂਹ ਹੋਣ ਦਿੱਤਾ ਜਾਵੇਗਾ।
ਸ. ਮਜੀਠੀਆ ਨੇ ਅੱਜ ਆਟੋਮੈਟਿਡ ਡਰਾਈਵਿੰਗ ਟੈਸਟ ਕੇਂਦਰ ਦਾ ਉਦਘਾਟਨ ਕੀਤਾ ਅਤੇ ਆਪ ਟਰੈਕ ‘ਤੇ ਕਾਰ ਚਲਾ ਕੇ ਟੈਸਟ ਪ੍ਰੀਕਿਆ ਦਾ ਸਰਵੈ ਕੀਤਾ। ਸ. ਮਜੀਠੀਆ ਨੇ ਅਜਿਹੇ ਕੇਂਦਰਾਂ ਦੀ ਸਥਾਪਤੀ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਸੋਚ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਅੱਜ ਪੂਰੇ ਪੰਜਾਬ ਵਿਚ 43 ਕਰੋੜ ਰੁਪਏ ਦੀ ਲਗਾਤ ਨਾਲ 32 ਕੇਂਦਰ ਚਾਲੂ ਕੀਤੇ ਗਏ ਹਨ, ਜੋ ਕਿ ਸਹੀ ਡਰਾਈਵਰਾਂ ਨੂੰ ਟੈਸਟ ਉਪਰੰਤ ਮੌਕੇ ‘ਤੇ ਹੀ ਲਾਇਸੈਂਸ ਦੇਣਗੇ। ਉਨਾਂ ਨਿਤ ਪ੍ਰਤੀ ਦਿਨ ਸੜਕਾਂ ‘ਤੇ ਹੁੰਦੇ ਹਾਦਸੇ ਅਤੇ ਖਾਸ ਕਰ ਸਕੂਲੀ ਵਾਹਨਾਂ ਦੇ ਹੋ ਰਹੇ ਸੜਕੀ ਹਾਦਸਿਆਂ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸਮਾਜ ਦੀ ਲਾਪਵ੍ਰਾਹੀ ਦਾ ਸਿੱਟਾ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨੂੰ ਰੋਕਣ ਲਈ ਅਜਿਹੇ ਕੇਂਦਰਾਂ ਦੀ ਬੇਹੱਦ ਲੋੜ ਹੈ। ਉਨਾਂ ਡਰਾਈਵਿੰਗ ਲਾਇਸੈਂਸ ਬਨਾਉਣ ਦੀ ਪ੍ਰੀਕ੍ਰਿਆ ਵਿਚ ਚੋਰ-ਮੋਰੀਆਂ ਬੰਦ ਕਰਨ ਵੱਲ ਵਿਸ਼ੇਸ਼ ਧਿਆਨ ਦੇਣ ਲਈ ਜ਼ਿਲ੍ਹਾ ਟਰਾਂਸਪੋਰਟ ਅਫਸਰ ਅਤੇ ਹੋਰ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਬੋਨੀ, ਚੇਅਰਮੈਨ ਵੀਰ ਸਿੰਘ ਲੋਪੋਕੇ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ, ਕਮਿਸ਼ਨਰ ਪੁਲਿਸ ਸ. ਅਮਰ ਸਿੰਘ ਚਾਹਲ, ਡੀ ਟੀ ਓ ਲਵਜੀਤ ਕਲਸੀ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਜ਼ਿਲ੍ਹਾ ਪ੍ਰਧਾਨ ਗੁਰਪzzਤਾਪ ਸਿੰਘ ਟਿੱਕਾ, ਕੌਮੀ ਯੂਥ ਅਕਾਲੀ ਦਲ ਦੇ ਬੁਲਾਰੇ ਸ੍ਰੀ ਨਵਦੀਪ ਗੋਲਡੀ, ਐਸ ਜੀ ਪੀ ਸੀ ਮੈਂਬਰ ਭਾਈ ਰਾਮ ਸਿੰਘ, ਐਡਵੋਕੇਟ ਭਗਵਾਨ ਸਿੰਘ ਸਿਆਲਕਾ, ਪ੍ਰੋ. ਸਰਚਾਂਦ ਸਿੰਘ, ਕਿਰਨਪ੍ਰੀਤ ਮੋਨੂੰ, ਚੇਅਰਮੈਨ ਗੁਰਪ੍ਰੀਤ ਰੰਧਾਵਾ, ਜਥੇਦਾਰ ਵਡਾਲੀ, ਡਿਪਟੀ ਮੇਅਰ ਅਵਿਨਾਸ਼ ਜੌਲੀ, ਅਜੈਬੀਰਪਾਲ ਸਿੰਘ ਰੰਧਾਵਾ, ਓਮ ਪ੍ਰਕਾਸ਼ ਗੱਬਰ, ਅਨਵਰ ਮਸੀਹ ਅਤੇ ਹੋਰ ਆਗੂ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply