Friday, July 5, 2024

ਦਰਸ਼ਕਾਂ ਨੂੰ ਪੁਰਾਤਨ ਸਿੱਖ ਇਤਿਹਾਸ ਦੇ ਰੂਬਰੂ ਕਰਵਾ ਗਿਆ ਧਾਰਮਿਕ ਨਾਟਕ- ‘ਪਰਖ ਦੀ ਘੜੀ’

PPN0105201614ਅੰਮ੍ਰਿਤਸਰ, 1 ਮਈ (ਦੀਪ ਦਵਿੰਦਰ ਸਿੰਘ)- ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਸੋਹਲ ਗਰੁਪ ਆਫ ਆਰਟਸ ਵੱਲੋਂ ਖੇਡਿਆ ਗਿਆ ਧਾਰਮਿਕ ਲਾਈਟ ਐਂਡ ਸਾਊਂਡ ਨਾਟਕ ‘ਪਰਖ ਦੀ ਘੜੀ’ ਦਰਸ਼ਕਾਂ ਨੂੰ ਤਿੰਨ ਸਦੀਆਂ ਪੁਰਾਤਨ ਸਿੱਖ ਇਤਿਹਾਸ ਦੇ ਬਾਖੂਬੀ ਰੂਬਰੂ ਕਰਵਾ ਗਿਆ। ਪੁਰਾਤਨ ਸਿੰਘਾਂ ਦੀ ਬਹਾਦਰੀ, ਸਿੱਖੀ ਸਿਦਕ ਅਤੇ ਸਿੱਖੀ ਜ਼ਜ਼ਬੇ ਨੂੰ ਦਰਸਾਉਂਦੇ ਇਸ ਨਾਟਕ ਦੇ ਲੇਖਕ ਬਲਦੇਵ ਸਿੰਘ ਮੋਗਾ ਸਨ ਤੇ ਇਸ ਦਾ ਸ਼ਾਨਦਾਰ ਸੰਗੀਤ ਤੇ ਨਿਰਦੇਸ਼ਨ ਹਰਿੰਦਰ ਸੋਹਲ ਵੱਲੋਂ ਦਿੱਤਾ ਗਿਆ ਹੈ। ਇਸ ਮੌਕੇ ਸਰਬੱਤ ਦਾ ਭਲਾ ਸੁਸਾਇਟੀ ਦੇ ਪ੍ਰਧਾਨ ਸ: ਉਪਕਾਰ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਅਤੇ ਦੇ ਲੇਖਕ ਬਲਦੇਵ ਸਿੰਘ ਮੋਗਾ, ਨਾਟਕਕਾਰ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਵਿਜੈ ਸ਼ਰਮਾ ਤੇ ਦਲਜੀਤ ਸਿੰਘ ਅਰੋੜਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਖੂਬਸੂਰਤ ਅਕਾਦਾਰੀ, ਮਲਟੀਮੀਡੀਆ ਅਤੇ ਆਧੁਨਿਕ ਆਵਾਜ ਅਤੇ ਰੌਸ਼ਨੀ ਪ੍ਰਭਾਵਾਂ ਦੇ ਸੁਮੇਲ ਨਾਲ ਸਫਲਤਾ ਸਹਿਤ ਪੇਸ਼ ਕੀਤਾ ਗਿਆ ਇਹ ਨਾਟਕ ਮੁਗਲ ਬਾਦਸ਼ਾਹ ਫਰੁੱਖਸੀਅਰ ਵੱਲੋਂ ਸਿੰਘਾਂ ‘ਤੇ ਕੀਤੇ ਜ਼ੁੁਲਮਾਂ ਅਤੇ ਸਿੰਘਾਂ ਵੱਲੋਂ ਇਨਾਂ ਜ਼ਾਲਮਾਂ ਦਾ ਸਿਦਕ, ਸਬਰ ਅਤੇ ਬਹਾਦਰੀ ਨਾਲ ਡਟ ਕੇ ਮੁਕਾਬਲਾ ਕਰਨ ਦੀ ਕਹਾਣੀ ਨੂੰ ਬਿਆਨ ਕਰ ਗਿਆ। ਬਾਦਸ਼ਾਹ ਕੈਦ ਵਿੱਚ ਲੰਬੇ ਸਮੇਂ ਤੋਂ ਭੁੱਖੇ ਰੱਖੇੇ ਗਏ ਕੁੱਝ ਸਿੱਖਾਂ ਨੂੰ ਦੋ ਰੋਟੀਆਂ ਦੇ ਕੇ ਆਪਸ ਵਿੱਚ ਰੋਟੀ ਤੇ ਭੁੱਖ ਖਾਤਰ ਲੜਾਉਣ ਦੀ ਸਾਜ਼ਿਸ਼ ਰਚਦਾ ਹੈ, ਪਰ ਸਿਦਕ ਤੇ ਸਬਰ ਨਾਲ ਸਿੱਖ ਇਸ ਸਾਜ਼ਿਸ਼ ਦਾ ਮੁਕਾਬਲਾ ਕਰਦੇ ਹਨ ਤੇ ਅੰਤ ਬਾਦਾਸ਼ਾਹ ਨੂੰ ਹੀ ਹਾਰ ਦਾ ਸਾਮਣਾ ਕਰਨਾ ਪੈਂਦਾ ਹੈ। ਇਸ ਨਾਟਕ ਵਿੱਚ ਹਰਿੰਦਰ ਸੋਹਲ (ਫਰੁਖਸੀਅਰ), ਜਸਵੰਤ ਸਿੰਘ ਜੱਸ (ਬਜ਼ੁਰਗ ਸਿੱਖ), ਦਿਨੇਸ਼ ਕਮਾਰ (ਜ਼ਕਰੀਆ ਖਾਨ), ਕੁਲਜੀਤ ਸਿੰਘ ਡੌਨੀ, ਜਤਿੰਦਰ ਸਿੰਘ ਭੋਲਾ, ਜਸਕਰਨ ਸੋਹਲ (ਸਿੰਘ), ਮੀਨੂੰ ਸ਼ਰਮਾ (ਮਾਂ) ਆਦਿ ਕਲਾਕਾਰਾਂ ਨੇ ਆਪਣੀ ਅਭਿਨੈ ਕਲਾ ਦਾ ਲੋਹਾ ਮੰਨਵਾਇਆ। ਬਾਕੀ ਕਲਾਕਾਰਾਂ ਵਿੱਚ ਸਾਵਨ ਕੁਮਾਰ, ਤਰੁਣ ਸ਼ਰਮਾ, ਮਨਪ੍ਰੀਤ ਸੋਹਲ, ਬਿਕਰਮਜੀਤ ਸਿੰਘ, ਨਿਰਮਲ ਸਿੰਘ, ਸਨਮਦੀਪ ਸਿੰਘ ਤੇ ਅੰਕਿਤ ਆਦਿ ਕਲਾਕਾਰਾਂ ਦਾ ਅਭਿਨੈ ਵੀ ਸਰਾਹੁਣਯੋਗ ਰਿਹਾ। ਰੌਸ਼ਨੀ ਪ੍ਰਭਾਵ ਮਨਪ੍ਰੀਤ ਸੋਹਲ, ਵੇਸ਼ ਭੂਸ਼ਾ ਬਲਰਾਜ ਕੌਰ ਤੇ ਮੇਕਅੱਪ ਅਮਰੀਕ ਰੰਧਾਵਾ ਵੱਲੋਂ ਕੀਤਾ ਗਿਆ। ਅੜੇ ਸੋ ਝੜੇ ਗਤਕਾ ਟੀਮ ਨੇ ਨਾਟਕ ਵਿੱਚ ਗਤਕੇ ਦੇ ਜੌਹਰ ਦਿਖਾਏ।
ਪੇਸ਼ਕਾਰੀ ਉਪ੍ਰੰਤ ਉਪਕਾਰ ਸਿੰਘ ਸੰਧੂ, ਬਲਦੇਵ ਸਿੰਘ ਮੋਗਾ, ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਵਿਜੈ ਸ਼ਰਮਾ ਤੇ ਹੋਰਨਾਂ ਬੁਲਾਰਿਆਂ ਨੇ ਨਾਟਕ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਤੋਂ ਨਵੀਂ ਪੀੜੀ ਨੂੰ ਜਾਣੂੰਕ ਕਰਾਉਣ ਲਈ ਅਜਿਹੇ ਨਾਟਕ ਵੱਧ ਤੋਂ ਵੱਧ ਖੇਡੇ ਜਾਣੇ ਚਾਹੀਦੇ ਹਨ। ਨਿਰਦੇਸ਼ਕ ਹਰਿੰਦਰ ਸੋਹਲ ਨੇ ਦਰਸ਼ਕਾਂ ਅਤੇ ਪੰਜਾਬ ਨਾਟਸ਼ਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਨਾਟਕ ਦੇ ਸ਼ੋਅ ਪੰਜਾਬ ਤੇ ਹੋਰਨਾਂ ਵੱਖ ਵੱਖ ਸ਼ਹਿਰਾਂ ਵਿੱਚ ਵੀ ਕਰਨਗੇ। ਇਸ ਮੌਕੇ ਪੰਜਾਬ ਨਾਟਸ਼ਾਲਾ ਵੱਲੋਂ ਕਲਾਕਾਰਾਂ ਨੂੰ ਸਨਮਾਨਤ ਕੀਤਾ ਗਿਆ। ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਨਾਟਕ ਦਾ ਅਨੰਦ ਮਾਣਿਆਂ। ਇਸ ਮੌਕੇ ਜਤਿੰਦਰ ਬਰਾੜ ਤੇ ਮੁੱਖ ਮਹਿਮਾਨ ਵੱਲੋਂ ਕਲਾਕਾਰਾਂ ਨੂੰ ਸਰਟੀਫਿਕੇਟ ਭੇਟ ਕਰਕੇ ਸਨਮਾਨਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰੋ: ਦਵਿੰਦਰ ਕੌਰ, ਅਰਵਿੰਦਰ ਸਿੰਘ ਭੱਟੀ, ਮਨਮੋਹਨ ਢਿੱਲੋਂ, ਮਨਜੀਤਇੰਦਰ ਸਿੰਘ, ਸੁਨੀਲ ਕੁਮਾਰ ਰਾਣਾ ਤੇ ਗੁਰਸ਼ਰਨ ਸਿੰਘ ਵਿਰਦੀ ਸਮੇਤ ਹੋਰ ਦਰਸ਼ਕ ਵੱਡੀ ਗਿਣਤੀ ਵਿੱਚ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply