Friday, July 5, 2024

ਦਿੱਲੀ ਕਮੇਟੀ ਨੇ ਕਕਾਰ ਉਤਰਵਾਉਣ ਦੀ ਘਟਨਾ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਦੋਸ਼ੀਆਂ ਖਿਲਾਫ਼ ਕਾਰਵਾਈ ਲਈ ਲਿਖਿਆ ਮੰਗ ਪੱਤਰ

PPN0205201612ਨਵੀਂ ਦਿੱਲੀ, 2 ਮਈ (ਅੰਮ੍ਰਿਤ ਲਾਲ ਮੰਨਣ) – ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਅੰਬਾਲਾ ਵਿਖੇ ਕੱਲ ਹੋਈ ਪ੍ਰੀਖਿਆ ਦੌਰਾਨ ਸਿੱਖ ਪ੍ਰੀਖਿਆਰਥੀਆਂ ਦੇ ਕਕਾਰ ਉਤਰਵਾ ਕੇ ਪ੍ਰੀਖਿਆ ਦੇਣ ਲਈ ਮਜ਼ਬੂਰ ਕਰਨ ਦੇ ਮਸਲੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਇਸ ਮਸਲੇ ‘ਤੇ ਲਿਖੇ ਪੱਤਰ ਵਿਚ ਇਸ ਮੰਦਭਾਗੀ ਘਟਨਾ ਦੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ਼ ਬਣਦੀ ਕਾਰਵਾਹੀ ਕਰਨ ਦੀ ਮੰਗ ਕੀਤੀ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਹੈ ਕਿ ਕੱਲ ਸਰਕਾਰੀ ਤਕਨੀਕੀ ਸੰਸਥਾਨ ਅੰਬਾਲਾ ਵਿਖੇ ਪਟਵਾਰੀ ਦੀ ਪ੍ਰੀਖਿਆ ਦੌਰਾਨ ਜਿਥੇ ਪ੍ਰੀਖਿਆਰਥੀ ਸੁਖਵਿੰਦਰ ਸਿੰਘ ਦੀ ਸ੍ਰੀ ਸਾਹਿਬ ਉਤਰਵਾਈ ਗਈ ਹੈ ਉਥੇ ਹੀ ਰੁਪਿੰਦਰ ਸਿੰਘ ਸਮੇਤ ਦਰਜ਼ਨ ਭਰ ਸਿੱਖ ਨੌਜਵਾਨਾਂ ਦੇ ਕੜੇ ਉਤਰਵਾ ਕੇ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਵਿਚ ਦਾਖਿਲ ਹੋਣ ਦਿੱਤਾ ਗਿਆ ਸੀ। ਜਦਕਿ ਇੱਕ ਹੋਰ ਅੰਮ੍ਰਿਤਧਾਰੀ ਸਿੱਖ ਨੌਜਵਾਨ ਕਰਨਵੀਰ ਸਿੰਘ ਨੂੰ ਜਦੋਂ ਸ੍ਰੀ ਸਾਹਿਬ ਉਤਰਵਾਉਣ ਲਈ ਮਜ਼ਬੂਰ ਕੀਤਾ ਗਿਆ ਤਾਂ ਉਸਨੇ ਇਸ ਆਦੇਸ਼ ਨੂੰ ਮਨਣ ਤੋਂ ਇਨਕਾਰ ਕਰਦੇ ਹੋਏ ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਆਗੂਆਂ ਨੂੰ ਮੌਕੇ ਤੇ ਸੱਦ ਲਿਆ। ਜਿਸਤੋਂ ਬਾਅਦ ਮੌਕੇ ਤੇ ਪੁੱਜੇ ਐਸ.ਡੀ.ਐਮ. ਸ਼ਕਤੀ ਸਿੰਘ ਅਤੇ ਏ.ਸੀ.ਪੀ. ਰਾਜਕੁਮਾਰ ਨੇ ਦੇਰੀ ਦੇ ਨਾਲ ਕਰਨਵੀਰ ਸਿੰਘ ਨੂੰ ਪ੍ਰੀਖਿਆ ਦੇਣ ਲਈ ਅੰਦਰ ਜਾਉਣ ਦੀ ਮੰਜੂਰੀ ਦੇ ਦਿੱਤੀ।
ਜੀ.ਕੇ. ਨੇ ਇਸ ਮਸਲੇ ਦੇ ਦੋਸ਼ੀ ਕੇਂਦਰ ਮੁਖੀ ਫਕੀਰ ਚੰਦ ਅਤੇ ਏ.ਐਸ.ਆਈ. ਰਮੇਸ਼ ਚੰਦ ਦੀ ਤੁਰੰਤ ਬਰਖਾਸਤਗੀ ਦੀ ਮੰਗ ਕਰਦੇ ਹੋਏ ਖੱਟਰ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25(2) ਦੇ ਤਹਿਤ ਸਿੱਖਾਂ ਨੂੰ ਸਿੱਖਾਂ ਦੀ ਧਾਰਮਿਕ ਆਸਥਾ ਦੇ ਪ੍ਰਤੀਕ ਕਕਾਰ ਪਾਉਣ ਦੀ ਮਿਲੀ ਧਾਰਮਿਕ ਆਜ਼ਾਦੀ ਦਾ ਵੀ ਹਵਾਲਾ ਦਿੱਤਾ ਹੈ। ਜੀ.ਕੇ. ਨੇ ਇਸ ਸਬੰਧ ਵਿਚ ਮੀਡੀਆ ਵਿਚ ਪ੍ਰੀਖਿਆ ਕੇਂਦਰ ਦੇ ਬਾਹਰ ਗੇਟ ਤੇ ਕਕਾਰਾਂ ਦੇ ਟੰਗੇ ਹੋਣ ਦੀ ਤਸਵੀਰ ਪ੍ਰਕਾਸ਼ਿਤ ਹੋਣ ਨੂੰ ਮੰਦਭਾਗਾ ਦੱਸਦੇ ਹੋਏ ਇਸ ਘਟਨਾ ਦੀ ਹੋਂਦ ਨੂੰ ਸਰਕਾਰਾਂ ਦੀ ਸਿੱਖ ਕੌਮ ਨਾਲ ਅਹਿਸਾਨਫਰਾਮੋਸ਼ੀ ਦਾ ਪ੍ਰਤੀਕ ਵੀ ਦੱਸਿਆ।
ਜੀ.ਕੇ. ਨੇ ਕਿਹਾ ਕਿ ਸਿੱਖਾਂ ਨੇ ਆਪਣੀ ਜਾਨਾਂ ਇਸ ਮੁਲਕ ਦੀ ਆਜ਼ਾਦੀ ਲਈ ਸੂਲੀ ਤੇ ਟੰਗਣੀ ਬੇਸ਼ਕ ਪ੍ਰਵਾਨ ਕਰ ਲਈਆਂ ਸੀ ਪਰ ਹੁਣ ਕਿਸੇ ਹਾਲਾਤ ਵਿਚ ਵੀ ਸਿੱਖ ਕਕਾਰਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਨਗੇ। ਜੀ.ਕੇ. ਨੇ ਸਾਫ਼ ਕਿਹਾ ਕਿ ਸਿੱਖ ਧਰਮ ਜਾਤ ਦੇ ਆਧਾਰ ਤੇ ਨੌਕਰੀਆਂ ਵਿਚ ਰਾਖਵਾਂਕਰਨ ਨਹੀਂ ਮੰਗਦਾ ਹੈ ਅਤੇ ਨਾ ਹੀ ਚੋਰੀ, ਡਾਕੇ ਜਾਂ ਬਦਮਾਸ਼ੀ ਨਾਲ ਆਪਣਾ ਘਰ ਚਲਾਉਣਾ ਚਾਹੁੰਦਾ ਹੈ ਪਰ ਜੇਕਰ ਉਹ ਗੁਰੂ ਦੇ ਦੱਸੇ ਕਿਰਤ ਦੇ ਮਾਰਗ ਤੇ ਗੁਰਮਤਿ ਦੀ ਰੌਸ਼ਨੀ ਵਿਚ ਅੱਗੇ ਵੱਧਦਾ ਹੈ ਤਾਂ ਕਿਸੇ ਨੂੰ ਤਕਲੀਫ਼ ਕਿਉਂ ਹੁੰਦੀ ਹੈ।
ਸਿਰਸਾ ਨੇ ਹਰਿਆਣਾ ਦੇ ਪ੍ਰਸ਼ਾਸਨਿਕ ਅਮਲੇ ਨੂੰ ਅਜਿਹੀ ਘਟਨਾਵਾਂ ਨਾ ਦੁਹਰਾਉਣ ਦੀ ਚੇਤਾਵਨੀ ਦਿੰਦੇ ਹੋਏ ਇਸ ਘਟਨਾ ਨੂੰ ਧਰਮ ਨਿਰਪੱਖ ਦੇਸ਼ ਦੇ ਮੱਥੇ ‘ਤੇ ਕਲੰਕ ਵੀ ਦੱਸਿਆ। ਸਿਰਸਾ ਨੇ ਫਿਰਕੂ ਸੋਚ ਵਾਲੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਸਿੱਖਾਂ ਨੂੰ ਧਾਰਮਿਕ ਤੌਰ ਤੇ ਭੇਦ-ਭਾਵ ਕਰਕੇ ਪ੍ਰਤਿਯੋਗੀ ਪ੍ਰੀਖਿਆਵਾਂ ਵਿਚ ਬਾਹਰ ਕੱਢਣ ਦਾ ਮਨਸੂਬਾ ਪਾਲਣ ਦੀ ਥਾਂ ਉਹ ਸਿੱਖਾਂ ਦੀ ਬੌਧਿਕ ਤਾਕਤ ਦਾ ਮੁਕਾਬਲਾ ਪ੍ਰੀਖਿਆ ਦੌਰਾਨ ਕਰਣ। ਸਿਰਸਾ ਨੇ ਹਰਿਆਣਾ ਵਿਖੇ ਵੱਡੀ ਪੱਧਰ ਤੇ ਸਿੱਖ ਵਸੋਂ ਹੋਣ ਦਾ ਹਵਾਲਾ ਦਿੰਦੇ ਹੋਏ ਮੁਖਮੰਤਰੀ ਨੂੰ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਕਰਨ ਦੀ ਵੀ ਅਪੀਲ ਕੀਤੀ ਹੈ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply