Thursday, July 4, 2024

ਸੈਰ-ਸਪਾਟੇ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਵੇਗਾ ‘ਅੰਮ੍ਰਿਤਸਰ ਹੈਰੀਟੇਜ ਮੇਲਾ’-ਵਰੁਣ ਰੂਜਮ

PPN0205201611ਅੰਮ੍ਰਿਤਸਰ, 2 ਮਈ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਅਰਬਨ ਹਾਟ ਵਿਖੇ 6 ਤੋਂ 20 ਮਈ ਤੱਕ ਕਰਵਾਇਆ ਜਾ ਰਿਹਾ ‘ਅੰਮ੍ਰਿਤਸਰ ਹੈਰੀਟੇਜ ਮੇਲਾ’ ਗੁਰੂ ਨਗਰੀ ਅੰਮ੍ਰਿਤਸਰ ਦੇ ਸੈਰ-ਸਪਾਟੇ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਅੱਜ ਅਰਬਨ ਹਾਟ ਵਿਖੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ 15 ਦਿਨ ਚੱਲਣ ਵਾਲੇ ਰਾਸ਼ਟਰੀ ਪੱਧਰ ਦੇ ਇਸ ਮੇਲੇ ਵਿਚ 20 ਰਾਜਾਂ ਦੇ ਕਲਾਕਾਰ ਅਤੇ ਦਸਤਕਾਰ ਜਿਥੇ ਆਪਣੇ ਹੁਨਰ ਅਤੇ ਕਲਾ ਦਾ ਪ੍ਰਦਰਸ਼ਨ ਕਰਨਗੇ ਉਥੇ ਇਨ੍ਹਾਂ ਸੂਬਿਆਂ ਦੇ ਪਕਵਾਨ ਤਿਆਰ ਕਰਨ ਦੇ ਮਾਹਿਰ ਆਪਣੇ-ਆਪਣੇ ਰਾਜਾਂ ਦੇ ਲਜ਼ੀਜ਼ ਪਕਵਾਨਾਂ ਦਾ ਸਵਾਦ ਚਖਾਉਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ 150 ਦੇ ਕਰੀਬ ਸਟਾਲ ਲੱਗਣਗੇ, ਜਿਥੇ ਭਾਰਤ ਭਰ ਤੋਂ ਸੱਭਿਆਚਾਰ ਅਤੇ ਦਸਤਕਾਰੀ ਦੇ ਨਮੂਨੇ ਅਤੇ ਪਕਵਾਨ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ।
ਉਨ੍ਹਾਂ ਦੱਸਿਆ ਕਿ ਮੇਲੇ ਵਿਚ ਜਿਥੇ ਵੱਖ-ਵੱਖ ਰਾਜਾਂ ਦੇ ਕਲਾਕਾਰ ਉਥੋਂ ਦੇ ਲੋਕ ਗੀਤ, ਨਾਚ ਅਤੇ ਹੋਰ ਸਭਿਆਚਾਰਕ ਵੰਨਗੀਆਂ ਪੇਸ਼ ਕਰਨ ਲਈ ਆ ਰਹੇ ਹਨ, ਉਥੇ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਦੇ ਕਲਾਕਾਰ ਵੀ ਪੰਜਾਬ ਦੇ ਵਿਰਸੇ ਅਤੇ ਸੱਭਿਆਚਾਰ ਦੀ ਝਲਕ ਪੇਸ਼ ਕਰਨਗੇ। ਸ੍ਰੀ ਰੂਜਮ ਨੇ ਦੱਸਿਆ ਕਿ ਕਰੀਬ ਇਕ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਇਸ ਮੇਲੇ ਲਈ ਪੰਜਾਬ ਸਰਕਾਰ ਵੱਲੋਂ ਖਰਚ ਕੀਤੀ ਜਾ ਰਹੀ ਹੈ, ਜਦਕਿ ਮੇਲੇ ਲਈ ਲੋਕਾਂ ਲਈ ਕੋਈ ਦਾਖ਼ਲਾ ਟਿਕਟ ਨਹੀਂ ਰੱਖੀ ਗਈ। ਉਨਾਂ ਦੱਸਿਆ ਕਿ ਸਭਿਆਚਾਰਕ ਪ੍ਰੋਗਰਾਮ ਰੋਜ਼ਾਨਾ ਸ਼ਾਮ ਨੂੰ ਹੋਵੇਗਾ ਅਤੇ ਮੇਲਾ ਸਵੇਰ ਤੋਂ ਦੇਰ ਰਾਤ ਤੱਕ ਚੱਲੇਗਾ।
ਡਿਪਟੀ ਕਮਿਸ਼ਨਰ ਨੇ ਅਰਬਨ ਹਾਟ ਵਿਖੇ ਪਹਿਲਾਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਵੱਖ-ਵੱਖ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਮੇਲੇ ਦੌਰਾਨ ਸਾਫ਼-ਸਫ਼ਾਈ, ਸਜਾਵਟ, ਟੈਂਟ, ਸਟਾਲਾਂ, ਸੁਰੱਖਿਆ, ਕੰਟਰੋਲ ਰੂਮ, ਪੀਣ ਵਾਲੇ ਪਾਣੀ, ਪਖਾਨਿਆਂ, ਪਾਰਕਿੰਗ, ਲਾਈਟਨਿੰਗ, ਡਾਕਟਰੀ ਸਹਾਇਤਾ, ਬਿਜਲੀ ਸਪਲਾਈ, ਟ੍ਰਾਂਸਪੋਰਟੇਸ਼ਨ, ਕਲਾਕਾਰਾਂ ਦੀ ਰਿਹਾਇਸ਼ ਆਦਿ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀਆਂ ਡਿਊਟੀਆਂ ਲਗਨ ਅਤੇ ਮਿਹਨਤ ਨਾਲ ਨਿਭਾਉਣ ਤਾਂ ਜੋ ਇਸ ਮੇਲੇ ਨੂੰ ਸੁਚੱਜੇ ਢੰਗ ਨਾਲ ਕਰਵਾਇਆ ਜਾ ਸਕੇ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੁਰਿੰਦਰ ਸਿੰਘ, ਐਸ. ਡੀ. ਐਮ ਅੰਮ੍ਰਿਤਸਰ-1 ਸ੍ਰੀ ਰੋਹਿਤ ਗੁਪਤਾ, ਐਸ. ਡੀ. ਐਮ ਅੰਮ੍ਰਿਤਸਰ-2 ਸ੍ਰੀ ਰਾਜੇਸ਼ ਸ਼ਰਮਾ, ਡੀ. ਟੀ. ਓ ਸ੍ਰੀਮਤੀ ਲਵਜੀਤ ਕਲਸੀ, ਏ ਸੀ ਪੀ ਹਰਕਮਲ ਕੌਰ, ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply