Wednesday, July 3, 2024

ਮੋਬਾਇਲ ਅਤੇ ਸਿੰਮ ਮਿਲਣ ‘ਤੇ ਸਬ ਜੇਲ ਪੱਟੀ ਦੇ ਸੁਪਰਡੈਂਟ ਮੁਅੱਤਲ

PPN0905201610
ਪੱਟੀ, 9 ਮਈ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਸਮੁੱਚੇ ਪੰਜਾਬ ਦੀਆਂ ਜੇਲ੍ਹਾਂ ਵਿਚ ਅਚਨਚੇਤ ਜਾਂਚ ਮੁਹਿੰਮ ਚਲਾਈ ਗਈ। ਜਿਸ ਤਹਿਤ ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਮੁਖੀ ਮਨਮੋਹਨ ਕੁਮਾਰ ਸ਼ਰਮਾ ਦੀਆਂ ਹਦਾਇਤਾਂ ‘ਤੇ ਭਾਰੀ ਪੁਲਸ ਫੋਰਸ ਵੱਲੋਂ ਅਮਨਦੀਪ ਸਿੰਘ ਭੱਟੀ ਐਸ.ਡੀ.ਐਮ ਪੱਟੀ ਦੀ ਅਗਵਾਈ ਹੇਠ ਜਗਮੋਹਨ ਸਿੰਘ ਐਸ.ਪੀ.ਡੀ, ਨਰਿੰਦਰ ਕੁਮਾਰ ਬੇਦੀ ਐਸ.ਪੀ.ਐਚ ਅਤੇ ਰਮਨਦੀਪ ਸਿੰਘ ਭੁੱਲਰ ਡੀ.ਐਸ.ਪੀ.ਐਚ ‘ਤੇ ਅਧਾਰਿਤ ਸਮੁੱਚੇ ਜ਼ਿਲ੍ਹੇ ਦੀ ਪੁਲਿਸ ਟੀਮ ਵੱਲੋਂ ਸਵੇਰੇ ਸਾਢੇ ਚਾਰ ਵਜੇ ਸਬ ਜੇਲ੍ਹ ਪੱਟੀ ਅੰਦਰ ਦਾਖ਼ਲ ਹੋ ਕੇ ਜਾਂਚ ਅਭਿਆਨ ਸ਼ੁਰੂ ਕੀਤਾ, ਜੋ 7 ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਪੁਲਸ ਦੇ ਹੱਥ ਜੇਲ੍ਹ ਵਿੱਚੋਂ 12 ਮੋਬਾਇਲ ਫੋਨ, 4 ਸਿਮ ਕਾਰਡ ਲੱਗੇ।ਜਾਂਚ ਟੀਮ ਵਿੱਚ ਪੁਲਿਸ ਦੇ ਸਨਿਫਰ ਡੌਗ ਵੀ ਸ਼ਾਮਿਲ ਸਨ।ਇਸ ਜਾਂਚ ਮੁਹਿੰਮ ਵਿਚ ਡੀ.ਐਸ.ਪੀ. ਗੋਇੰਦਵਾਲ, ਭਿੱਖੀਵਿੰਡ, ਪੱਟੀ ਅਤੇ 16 ਥਾਣਾ ਮੁਖੀ ਤੇ 250 ਪੁਲਿਸ ਕਰਮਚਾਰੀ ਸ਼ਾਮਿਲ ਸਨ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਜ਼ਿਲ੍ਹੇ ਦੀ ਫੋਰਸ ਨੂੰ ਅੱਧੀ ਰਾਤ ਤੋਂ ਬਾਅਦ ਤਰਨਤਾਰਨ ਵਿਖੇ ਹਾਜ਼ਰੀ ਰਿਪੋਰਟ ਕਰਨ ਲਈ ਕਿਹਾ ਗਿਆ ਸੀ, ਜਿਸ ਦੀ ਘੁਸਰ-ਮੁਸਰ ਆਲੇ-ਦੁਆਲੇ ਫੈਲਣੀ ਸ਼ੁਰੂ ਹੋ ਗਈ ਸੀ।ਇਸੇ ਦੌਰਾਨ ਹੀ ਪੱਟੀ ਜੇਲ੍ਹ ਵਿਚ ਵੀ ਪਹਿਲਾਂ ਹੀ ਸੂਹ ਪੁੱਜ ਗਈ ਸੀ, ਖਦਸ਼ਾ ਹੈ ਕਿ ਸਭ ਕੰਮ ਪਹਿਲਾਂ ਹੀ ਸਾਫ਼ ਕਰ ਲਿਆ ਗਿਆ ਸੀ ਅਤੇ ਬੈਰਕਾਂ ਦੇ ਬਾਹਰ ਮੋਬਾਇਲ ਫੋਨ ਅਤੇ ਸਿਮ ਕਾਰਡ ਬਰਾਮਦ ਹੋਣਾ ਜੇਲ੍ਹ ਦੀ ਕਾਰਜ ਪ੍ਰਣਾਲੀ ਅਤੇ ਸੁਰੱਖਿਆ ‘ਤੇ ਸਵਾਲੀਆ ਚਿੰਨ੍ਹ ਲਗਾਉਂਦਾ ਹੈ।ਇਸ ਸਬੰਧੀ ਜਦੋਂ ਦਵਿੰਦਰ ਸਿੰਘ ਰੰਧਾਵਾ ਡੀ.ਐਸ.ਪੀ. ਸਬ ਜੇਲ੍ਹ ਪੱਟੀ ਨਾਲ ਸੰਪਰਕ ਕਰਕੇ ਬਰਾਮਦ ਹੋਏ ਮੋਬਾਇਲਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਪੱਲਾ ਝਾੜ੍ਹ ਦਿੱਤਾ ਕਿ ਜੇਲ੍ਹ ਅੰਦਰੋਂ ਲਾਵਾਰਿਸ 12 ਮੋਬਾਇਲ ਅਤੇ ਚਾਰ ਲਵਾਰਿਸ ਸਿਮ ਕਾਰਡ ਬਰਾਮਦ ਹੋਏ ਹਨ, ਜਿੰਨ੍ਹਾਂ ਨੂੰ ਪੁਲਿਸ ਦੇ ਉੱਚ ਅਧਿਕਾਰੀ ਜਾਂਚ ਲਈ ਨਾਲ ਲੈ ਗਏ ਹਨ। ਇਸ ਸਬੰਧੀ ਪੁਲਸ ਥਾਣਾ ਪੱਟੀ ਦੇ ਮੁਖੀ ਮੈਡਮ ਰਾਜਵਿੰਦਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਐਫ.ਆਈ.ਆਰ ਨੰਬਰ 72 ਦਰਜ ਕੀਤੀ ਗਈ ਹੈ ਅਤੇ ਮੋਬਾਇਲਾਂ ਦੇ ਆਈ.ਈ.ਐਮ.ਆਈ ਨੰਬਰ ਰਾਹੀਂ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸੇ ਦੌਰਾਨ ਖਬਰ ਹੈ ਕਿ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ਾਂ ਹੇਠ ਪੰਜਾਬ ਸਰਕਾਰ ਵੱਲੋਂ ਸਬ ਜੇਲ ਪੱਟੀ ਦੇ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ ਮੋਬਾਇਲ ਅਤੇ ਸਿੰਮ ਮਿਲਣ ‘ਤੇ ਮੁਅੱਤਲ ਕਰ ਦਿਤਾ ਗਿਆ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply