Wednesday, July 3, 2024

’ਸਿੱਖ ਸਮਾਜ ਦੇ ਮਸਲੇ’ ਕਿਤਾਬ ਢੀਂਡਸਾ ਵਲੋਂ ਲੋਕ ਅਰਪਣ

PPN2105201609
ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ ਸੱਗੂ)- ਚੀਫ਼ ਖਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚਲ ਰਹੇ ਭਾਈ ਵੀਰ ਸਿੰਘ ਖੋਜ ਕੇਂਦਰ ਵੱਲੋਂ ਕਲਗੀਧਰ ਆਡੀਟੋਰੀਅਮ ਵਿਖੇ ਪ੍ਰਧਾਨ, ਚੀਫ਼ ਖਾਲਸਾ ਦੀਵਾਨ, ਸ. ਚਰਨਜੀਤ ਸਿੰਘ ਚੱਢਾ ਦੀ ਪ੍ਰਧਾਨਗੀ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ. ਸੁਖਦੇਵ ਸਿੰਘ ਢੀਂਡਸਾ, ਮੈਂਬਰ ਪਾਰਲੀਮੈਂਟ ਨੇ ਸ. ਤਰਲੋਚਨ ਸਿੰਘ (ਸਾਬਕਾ ਐਮ.ਪੀ) ਦੀ ਲਿਖੀ ਪੁਸਤਕ “ਸਿੱਖ ਸਮਾਜ ਦੇ ਮਸਲੇ” ਨੂੰ ਰਿਲੀਜ ਕੀਤਾ। ਇਸ ਸਮਾਗਮ ਵਿਚ ਵੱਖ-ਵੱਖ ਥਾਵਾਂ ਤੋਂ ਪੁੱਜੇ ਸਿੱਖ ਵਿਚਾਰਕਾਂ ਅਤੇ ਬੁੱਧੀਜੀਵੀਆਂ ਨੇ ਭਾਗ ਲਿਆ। ਸਿੱਖ ਵਿਦਵਾਨਾਂ ਨੂੰ ਸੰਬੋਧਨ ਕਰਦਿਆਂ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ. ਤਰਲੋਚਨ ਸਿੰਘ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਹਨ। ਉਹਨਾਂ ਨੇ ਸਿੱਖਾਂ ਦੀਆਂ ਸਿਆਸੀ, ਸਮਾਜੀ, ਧਾਰਮਿਕ ਅਤੇ ਕੌਮੀ ਸਮੱਸਿਆਵਾਂ ਨੂੰ ਪੂਰੀ ਦੀਦਾ-ਦਲੇਰੀ ਨਾਲ ਪੇਸ਼ ਹੀ ਨਹੀਂ ਕੀਤਾ ਸਗੋਂ ਆਪਣੇ ਵਿਚਾਰਾਂ ਤੇ ਡਟਕੇ ਪਹਿਰਾ ਵੀ ਦਿੱਤਾ ਹੈ; ਉਹਨਾਂ ਨੇ ਸਿੱਖ ਲੀਡਰਾਂ, ਸਿੱਖ ਵਿਚਾਰਕਾਂ ਅਤੇ ਸਿੱਖ-ਦਾਨਿਸ਼ਵਰਾਂ ਵਲੋਂ ਸਮੇਂ-ਸਮੇਂ ਕੀਤੀਆਂ ਜਾਂਦੀਆਂ ਕੁਤਾਹੀਆਂ ਅਤੇ ਬੱਜਰ ਗਲਤੀਆਂ ਦੀ ਨਿਸ਼ਾਨਦੇਹੀ ਦੇ ਨਾਲ-ਨਾਲ ਉਹਨਾਂ ਦਾ ਮਾਰਗ ਦਰਸ਼ਨ ਵੀ ਕੀਤਾ ਹੈ।ਉਹ ਭਾਵੇਂ ਵੱਖ-ਵੱਖ ਸਰਕਾਰੀ ਅਹੁਦਿਆਂ ਤੇ ਰਹੇ ਪਰ ਉਹ ਤਨ-ਮਨ ਨਾਲ ਹਮੇਸ਼ਾ ਸਿੱਖ ਸਮਾਜ ਲਈ ਕੁਝ ਕਰ ਗੁਜਰਨ ਲਈ ਸਦਾ ਤੱਤਪਰ ਰਹੇ।ਇਹ ਕਾਰਗੁਜਾਰੀ ਉਹਨਾਂ ਦੀ ਅੱਜ ਵੀ ਜਾਰੀ ਹੈ ਤੇ ਇਸ ਦਾ ਪ੍ਰਮਾਣ ਇਹ ਪੁਸਤਕ ਹੈ।ਸ. ਹਰਚਰਨ ਸਿੰਘ ਚੀਫ਼ ਸੈਕਟਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਸ. ਤਰਲੋਚਨ ਸਿੰਘ ਨੇ ਇਸ ਪੁਸਤਕ ਰਾਹੀਂ ਉਹ ਮਸਲੇ ਛੇੜੇ ਹਨ, ਜਿਹੜੇ ਕੌਮ ਲਈ ਗੁਣਕਾਰੀ ਸਿੱਧ ਹੋ ਸਕਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਵੱਖਰੇਵੇਂ ਭੁੱਲ ਕੇ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਤੇ ਸਿੱਖ ਧਰਮ ਤੇ ਸਮਾਜ ਬਾਰੇ ਗੰਭੀਰਤਾ ਸਹਿਤ ਪੁਨਰ ਵਿਚਾਰ ਕਰਨੀ ਚਾਹੀਦੀ ਹੈ। ਉਨ੍ਹਾਂ ਪ੍ਰੋਗਰਾਮ ਵਿਚ ਮਹਿਮਾਨ ਦੇ ਤੌਰ ਤੇ ਪੁੱਜੇ ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਦੀ ਲੋਕ-ਭਲਾਈ ਲਈ ਕੀਤੇ ਕਾਰਜਾ ਦੀ ਸ਼ਲਾਘਾ ਕੀਤੀ।
ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਇਹ ਬੜੇ ਮਾਨ ਵਾਲੀ ਗੱਲ ਹੈ ਕਿ ਚੀਫ਼ ਖਾਲਸਾ ਦੀਵਾਨ ਦੇ ਵਿਹੜੇ ਸ. ਸੁਖਦੇਵ ਸਿੰਘ ਢੀਂਡਸਾ ਵਰਗੀ ਸ਼ਖ਼ਸੀਅਤ ਵੱਲੋਂ ਸਿੱਖ ਹਿਤੈਸ਼ੀ ਸ. ਤਰਲੋਚਨ ਸਿੰਘ ਦੀ ਪੁਸਤਕ ਰਿਲੀਜ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ. ਤਰਲੋਚਨ ਸਿੰਘ ਇੱਕ ਸਫ਼ਲ ਪ੍ਰਸ਼ਾਸਕ, ਦ੍ਰਿੜ ਤੇ ਦੂਰ ਦ੍ਰਿਸ਼ਟੀ ਵਾਲੇ ਨਿਧੜਕ ਲੇਖਕ ਹਨ ਜਿਹੜੇ ਸਿੱਖਾਂ ਨੂੰ ਦਰਪੇਸ਼ ਮਸਲਿਆਂ ਬਾਰੇ ਬੇਬਾਕ ਰਾਏ ਦਿੰਦੇ ਰਹਿੰਦੇ ਹਨ। ਉਹਨਾਂ ਹਰ ਔਖੀ ਘੜੀ ਸਿੱਖਾਂ ਦਾ ਮਾਰਗਦਰਸ਼ਨ ਕੀਤਾ ਹੈ। ਨਾਲ ਹੀ ਉਨ੍ਹਾਂ ਚੀਫ਼ ਖਾਲਸਾ ਦੀਵਾਨ ਚੱਲ ਰਹੇ ਸੀ.ਬੀ.ਐਸ.ਈ ਸਕੂਲਾਂ ਦੇ ਬਾਰ੍ਹਵੀਨ ਜਮਾਤ ਦੇ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ।
ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਇਹ ਪੁਸਤਕ ਸਾਨੂੰ ਆਤਮ-ਅਵਲੋਕਨ ਦਾ ਅਵਸਰ ਪ੍ਰਦਾਨ ਕਰਦੀ ਹੈ ਅਤੇ ਇਸ ਲਈ ਸ. ਤਰਲੋਚਨ ਸਿੰਘ ਨੂੰ ਮੁਬਾਰਕਬਾਦ ਦੇਣੀ ਬਣਦੀ ਹੈ। ਪੁਸਤਕ ਦੇ ਪ੍ਰਕਾਸ਼ਕ ਸ. ਜਗਜੀਤ ਸਿੰਘ ਦਰਦੀ, ਸੰਪਾਦਕ ਰੋਜ਼ਾਨਾ ਚੜ੍ਹਦੀ ਕਲਾ ਨੇ ਇਸ ਪੁਸਤਕ ਦੇ ਪ੍ਰਕਾਸ਼ਕ ਦੀ ਮਹੱਤਤਾ ਬਾਰੇ ਦਸਦਿਆ ਕਿਹਾ ਕਿ ਪੰਜਾਬੀ ਭਾਸ਼ਾ ਫਿਰ ਸਿੱਖ ਮਸਲਿਆਂ ਬਾਰੇ ਗੰਭੀਰ ਚਿੰਤਨ ਦੀ ਘਾਟ ਹੈ ਅਤੇ ਇਹ ਲੋੜ ਇਹ ਪੁਸਤਕ ਪੂਰਿਆਂ ਕਰਦੀ ਹੈ।
ਡਾ. ਸ.ਪ. ਸਿੰਘ, ਚੇਅਰਮੈਨ, ਭਾਈ ਵੀਰ ਸਿੰਘ ਖੋਜ ਕੇਂਦਰ ਨੇ ਕਿਹਾ ਕਿ ਸਿੱਖ ਸਮਾਜ ਦੇ ਮਸਲਿਆਂ ਬਾਰੇ ਨਿਰੰਤਰ ਚਿਤਿੰਤ ਰਹਿਣ ਵਾਲੀ ਸ਼ਖ਼ਸੀਅਤ ਸ. ਤਰਲੋਚਨ ਸਿੰਘ ਨੇ ਆਪਣੇ ਜੀਵਨ ਕਾਲ ਵਿਚ ਲਗਾਤਾਰ ਸਿੱਖ ਸਮਸਿਆਵਾਂ ਨੂੰ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਉਠਾਉਣ ਦੀ ਭਰਪੂਰ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਇਹਨਾਂ ਸਮੱਸਿਆਵਾਂ ਦੇ ਸਰਲੀਕਰਨ ਲਈ ਆਪਣੀ ਬੁੱਧ, ਬਿਬੇਕ ਦਾ ਵੀ ਇਸਤੇਮਾਲ ਕੀਤਾ ਹੈ। ਸ. ਤਰਲੋਚਨ ਸਿੰਘ ਨੇ ਸਿੱਖ ਵਿਦਵਾਨਾਂ ਅਤੇ ਵਿਚਾਰਕਾਂ ਨੂੰ ਕੌਮ ਦੇ ਸੰਘਰਸ਼ ਵੇਲੇ ਨਿਡਰ ਹੋ ਕੇ ਆਪਣੇ ਵਿਚਾਰ ਸਾਂਝੇ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਿੱਖਾਂ ਨੂੰ ਸਿਆਸੀ ਭਾਵਨਾਵਾਂ ਤੋਂ ਪਰੇ ਹੋ ਕੇ ਕੌਮ ਦੀ ਸੇਵਾ ਨੂੰ ਮੁਖ ਰਖਦਿਆਂ ਕੌਮ ਦੀ ਏਕਤਾ ਅਤੇ ਚੜ੍ਹਤ ਲਈ ਕੰਮ ਕਰਨ ਦੀ ਸਲਾਹ ਦਿੱਤੀ।
ਸ. ਹਰਚੰਦ ਸਿੰਘ ਬੇਦੀ (ਡਾਇਰੈਕਟਰ, ਭਾਈ ਵੀਰ ਸਿੰਘ ਖੋਜ ਕੇਂਦਰ) ਦੇ ਸ਼ਬਦਾਂ ਵਿਚ ਸ. ਤਰਲੋਚਨ ਸਿੰਘ ਸਿੱਖ ਧਰਮ, ਸਿੱਖ ਸਮਾਜ-ਸਭਿਆਚਾਰ ਅਤੇ ਸਿੱਖ ਦਰਸ਼ਨ ਬਾਰੇ ਅਕਸਰ ਪੱਤਰਕਾਰੀ ਦੇ ਮਾਧਿਅਮ ਰਾਹੀਂ ਉਹ ਬੁਨਿਆਦੀ ਸਵਾਲ ਛੇੜਦੇ ਰਹਿੰਦੇ ਹਨ ਜਿਹਨਾਂ ਦਾ ਸੰਬੰਧ ਕੌਮ ਦੇ ਬਿਹਤਰ ਭਵਿੱਖ ਨਾਲ ਹੁੰਦਾ ਹੈ। ਇਸ ਪੁਸਤਕ ਰਾਹੀਂ ਉਹਨਾਂ ਨੇ ਸਿੱਖਾਂ ਦੀ ਰੂਹ ਨੂੰ ਝੰਜੋੜਿਆ ਹੈ ਅਤੇ ਉਹਨਾਂ ਨੂੰ ਸੋਚਣ ਲਈ ਨਵੇਂ ਜ਼ਾਵੀਏ ਅਤੇ ਪਰਿਪੇਖ ਪ੍ਰਦਾਨ ਕੀਤੇ ਹਨ ਜਿਹਨਾਂ ਨਾਲ ਅਸੀਂ ਆਪਣੀ ਭਵਿੱਖ ਮੁੱਖੀ ਵਿਉਂਤ ਬਣਾ ਸਕਦੇ ਹਾਂ।
ਸਥਾਨਕ ਪ੍ਰਧਾਨ ਸ. ਨਿਰਮਲ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਸ. ਤਰਲੋਚਨ ਸਿੰਘ ਨੂੰ ਅਜਿਹੀ ਭਾਵਪੂਰਤ ਤੇ ਮੂਲਵਾਨ ਪੁਸਤਕ ਸਿੱਖ ਸਮਾਜ ਨੂੰ ਦੇਣ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਪੁਸਤਕ ਦਾ ਆਉਣਾ ਇਕ ਇਤਿਹਾਸਕ ਘਟਨਾ ਹੈ।ਇਸ ਸਮਾਗਮ ਵਿਚ ਉਪ ਪ੍ਰਧਾਨ, ਧੰਨਰਾਜ ਸਿੰਘ, ਸ. ਹਰਮਿੰਦਰ ਸਿੰਘ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਸਵਿੰਦਰ ਸਿੰਘ, ਡਾ. ਧਰਮਵੀਰ ਸਿੰਘ, ਡਾ. ਜਸਬੀਰ ਸਿੰਘ ਸਾਬਰ, ਸ. ਅਜੀਤ ਸਿੰਘ ਆਦਿ ਹੋਰ ਉੱਘੀਆਂ ਸ਼ਖ਼ਸੀਅਤਾਂ ਸ਼ਾਮਿਲ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply