Monday, July 8, 2024

ਪੁਰਾਤਨ ਸਿੱਖ ਇਤਿਹਾਸ ਦੇ ਰੂਬਰੂ ਕਰਵਾ ਗਿਆ – ਧਾਰਮਿਕ ਲਾਈਟ ਐਂਡ ਸਾਊਂਡ ਨਾਟਕ ‘ਪਰਖ ਦੀ ਘੜੀ’

ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ ਸੱਗੂ) – ਸੋਹਲ ਗਰੁਪ ਆਫ ਆਰਟਸ ਵੱਲੋਂ ਪੰਜਾਬ ਨਾਟਸ਼ਾਲਾ ਵਿਖੇ ਮੰਚਿਤ ਕੀਤਾ ਗਿਆ ਧਾਰਮਿਕ ਇਤਿਹਾਸਕ ਨਾਟਕ ‘ਪਰਖ ਦੀ ਘੜੀ’ ਦਰਸ਼ਕਾਂ ਨੂੰ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਉਨਾਂ ਦੀ ਲਾਸਾਨੀ ਸ਼ਹਾਦਤ ਅਤੇ ਪੁਰਾਤਨ ਸਿਦਕੀ ਸਿੰਘਾਂ ਦੀ ਬਹਾਦਰੀ, ਸਿਰੜ ਤੇ ਤਿਆਗ ਵਾਲੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਬਾਖੂਬੀ ਜਾਣੂੰ ਕਰਵਾ ਗਿਆ। ਰੌਸ਼ਨੀ ਅਤੇ ਆਵਾਜ਼, ਰੰਗਮੰਚ ਤੇ ਮਲਟੀਮੀਡੀਆ ਤਕਨੀਕਾਂ ਦੇ ਸੁਮੇਲ ਨਾਲ ਸਫਲਤਾ ਸਹਿਤ ਪੇਸ਼ ਕੀਤੇ ਗਏ ਇਸ ਨਾਟਕ ਦੀ ਪੇਸ਼ਕਾਰੀ ਮੌਕੇ ਕੈਬਨਿਟ ਮੰਤਰੀ ਸ੍ਰੀ ਅਨਿੱਲ ਜੋਸ਼ੀ ਮੁਖ ਮਹਿਮਾਨ ਵਜੋਂ ਅਤੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਸ਼੍ਰੋਮਣੀ ਗੁ: ਪz: ਕਮੇਟੀ ਦੇ ਐਡੀਸ਼ਨਲ ਸਕੱਤਰ ਸ: ਦਿਲਜੀਤ ਸਿੰਘ ਬੇਦੀ ਵਿਸ਼ੇਸ਼ ਮਹਿਮਾਨਾਂ ਵਜੋ ਸ਼ਾਮਿਲ ਹੋਏ।ਹਰਿੰਦਰ ਸਿੰਘ ਸੋਹਲ ਦੀ ਨਿਰਦੇਸ਼ਨਾਂ ਅਤੇ ਜਾਨਦਾਰ ਪਿੱਠਵਰਤੀ ਸੰਗੀਤ ਵਿੱਚ ਮੰਚਿਤ ਕੀਤੇ ਗਏ ਇਸ ਨਾਟਕ ਦੇ ਭਾਵਪੂਰਤ ਦ੍ਰਿਸ਼, ਵਾਰਤਾਲਾਪ, ਸੰਗੀਤ ਤੇ ਵੀਡੀਉ ਇਫੈਕਟਸ ਇੰਨੇ ਪ੍ਰਭਾਵਸ਼ਾਲੀ ਸਨ ਕਿ ਦਰਸ਼ਕ ਆਪਣੇ ਆਪ ਨੂੰ ਅਠਾਰਵੀਂ ਸਦੀ ਦੇ ਪੰਜਾਬ ਵਿੱਚ ਬੈਠਿਆਂ ਮਹਿਸੂਸ ਕਰਦੇ ਰਹੇ। ਬਲਦੇਵ ਸਿੰਘ ਮੋਗਾ ਦੀ ਕਹਾਣੀ ‘ਤੇ ਆਧਾਰਤ ਇਸ ਨਾਟਕ ਵਿੱਚ ਮੁਗਲ ਬਾਦਸ਼ਾਹ ਫਰੁੱਖਸੀਅਰ ਵੱਲੋਂ ਸਿੰਘਾਂ ‘ਤੇ ਕੀਤੇ ਅਥਾਹ ਜ਼ੁੁਲਮਾਂ ਅਤੇ ਸਿੰਘਾਂ ਵੱਲੋਂ ਸਿਦਕ, ਸਬਰ ਅਤੇ ਬਹਾਦਰੀ ਨਾਲ ਇਨਾਂ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕਰਨ ਦੀਆਂ ਘਟਨਾਵਾਂ ਨੂੰ ਕਲਾਤਮਿਕ ਢੰਗ ਨਾਲ ਦਰਸਾਇਆ ਗਿਆ। ਬਾਦਸ਼ਾਹ ਫਰੁੱਖਸੀਅਰ ਆਪਣੀ ਕੈਦ ਵਿੱਚ ਲੰਬੇ ਸਮੇਂ ਤੋਂ ਭੁੱਖੇ ਰੱਖੇੇ ਗਏ ਕੁੱਝ ਸਿੱਖਾਂ ਨੂੰ ਦੋ ਰੋਟੀਆਂ ਦੇ ਕੇ ਆਪਸ ਵਿੱਚ ਰੋਟੀ ਤੇ ਭੁੱਖ ਖਾਤਰ ਲੜਾਉਣ ਦੀ ਵਿਉਂਤ ਘੜਦਾ ਹੈ, ਪਰ ਸਿਰੜੀ ਤੇ ਸਿਦਕੀ ਸਿੱਖ ਇਸ ਸਾਜ਼ਿਸ਼ ਦਾ ਡਟ ਕੇ ਮੁਕਾਬਲਾ ਕਰਦੇ ਹਨ ਤੇ ਅੰਤ ਬਾਦਸ਼ਾਹ ਨੂੰ ਹਾਰ ਦਾ ਸਾਮਣਾ ਕਰਨਾ ਪੈਂਦਾ ਹੈ।
ਇਸ ਨਾਟਕ ਵਿੱਚ ਪੁਰਾਤਨ ਸਿੰਘਾਂ ਦੇ ਕਿਰਦਾਰ ਅਦਾਕਾਰ ਜਸਵੰਤ ਸਿੰਘ ਜੱਸ (ਬਜ਼ੁਰਗ ਸਿੱਖ), ਕੁਲਜੀਤ ਸਿੰਘ ਡੌਨੀ, ਜਤਿੰਦਰ ਪਾਲ ਸਿੰਘ ਭੋਲਾ, ਜਸਕਰਨ ਸਿੰਘ ਸੋਹਲ ਨੇ ਸ਼ਿੱਦਤ ਨਾਲ ਨਿਭਾਏ। ਬਾਦਸ਼ਾਹ ਫਰੁਖਸੀਅਰ (ਹਰਿੰਦਰ ਸੋਹਲ), ਮਾਂ (ਮੀਨੂੰ ਸ਼ਰਮਾ), ਜ਼ਕਰੀਆ ਖਾਨ (ਦਿਨੇਸ਼ ਕੁਮਾਰ) ਤੋਂ ਇਲਾਵਾ ਮੁਗ਼ਲ ਸਿਪਾਹੀਆਂ ਸਵਰਨ ਸਿੰਘ, ਤਰਨਦੀਪ ਸ਼ਰਮਾ, ਮਨਪ੍ਰੀਤ ਸੋਹਲ, ਬਿਕਰਮਜੀਤ ਸਿੰਘ, ਨਿਰਮਲ ਸਿੰਘ, ਸਨਮਦੀਪ ਸਿੰਘ ਤੇ ਅੰਕਿਤ ਤੇਜੀ ਆਦਿ ਕਲਾਕਾਰਾਂ ਦਾ ਅਭਿਨੈ ਅਤੇ ਅਮਰੀਕ ਰੰਧਾਵਾ ਦਾ ਮੇਕਅੱਪ ਵੀ ਸਰਾਹੁਣਯੋਗ ਰਹੇ। ਅੜੇ ਸੋ ਝੜੇ ਗਤਕਾ ਟੀਮ ਨੇ ਨਾਟਕ ਪੇਸ਼ਕਾਰੀ ਮੌਕੇ ਗਤਕੇ ਦੇ ਜੌਹਰ ਦਿਖਾ ਕੇ ਰੰਗ ਬੰਨਿਆਂ। ਪੇਸ਼ਕਾਰੀ ਉਪ੍ਰੰਤ ਪਰਖ ਦੀ ਘੜੀ ਦੇ ਨਿਰਦੇਸ਼ਕ ਅਤੇ ਕਲਾਕਾਰਾਂ ਦੀ ਸਰਾਹਨਾ ਕਰਦਿਆਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਸ: ਦਿਲਜੀਤ ਸਿੰਘ ਬੇਦੀ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਦੋਂ ਸਿੱਖ ਕੌਮ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ 300ਵੀਂ ਵਰੇਗੰਢ ਮਨਾ ਰਹੀ ਹੈ ਤਾਂ ਇਸ ਮੌਕੇ ਉਸ ਮਹਾਨ ਜਰਨੈਲ ਦੇ ਜੀਵਨ, ਇਤਿਹਾਸ ਤੇ ਕੁਰਬਾਨੀ ਤੋਂ ਸੰਗਤਾਂ ਨੂੰ ਜਾਣੂੰ ਕਰਾਉਣ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ ਤੇ ਅਜਿਹੇ ਧਾਰਮਿਕ ਨਾਟਕ ਥਾਂ- ਥਾਂ ਤੇ ਦਿਖਾਏ ਜਾਣ ਦੀ ਲੋੜ ਹੈ ਤਾਂ ਜੋ ਸਾਡੀ ਨੌਜਵਾਨ ਪੀੜੀ ਉਸ ਮਹਾਨ ਸਿੱਖ ਜਰਨੈਲ ਦੇ ਜੀਵਨ ਅਤੇ ਪੁਰਾਤਨ ਸਿੱਖਾਂ ਵੱਲੋਂ ਪੰਥ ਦੀ ਚੜਦੀ ਕਲਾ ਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਦਿੱਤੀਆਂ ਮਹਾਨ ਕੁਰਬਾਨੀਆਂ ਦਾ ਇਤਿਹਾਸ ਹੀ ਸਾਡਾ ਮਾਰਗ ਦਰਸ਼ਨ ਕਰਦਾ ਹੈ। ਦੋਵਾਂ ਸਿੱਖ ਸ਼ਖਸੀਅਤਾਂ ਨੇ ਕਲਾਕਾਰਾਂ ਨੂੰ ਕੁੱਝ ਕੀਮਤੀ ਸੁਝਾਅ ਵੀ ਦਿੱਤੇ। ਜਤਿੰਦਰ ਸਿੰਘ ਬਰਾੜ ਅਤੇ ਪ੍ਰਿੰਸੀਪਲ ਕੈਪਟਨ ਸੰਜੀਵ ਸ਼ਰਮਾ ਨੇ ਵੀ ਪੇਸ਼ਕਾਰੀ ਦੀ ਪ੍ਰਸੰਸਾ ਕੀਤੀ। ਇਸ ਮੌਕੇ ਕਲਾਕਾਰਾਂ ਨੂੰ ਸਰਟੀਫਿਕੇਟ ਭੇਟ ਕਰਕੇ ਸਨਮਾਨਤ ਵੀ ਕੀਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply