Monday, July 8, 2024

ਪਹਿਲਾਂ ਮਾਹੌਲ ਖਰਾਬ ਕਰਦੈ, ਫਿਰ ਧਰਨਿਆਂ ਦਾ ਡਰਾਮਾ ਕਰਦੇ ਨੇ ਕਾਂਗਰਸੀ – ਮਜੀਠੀਆ

PPN0706201615 PPN0706201616ਮਜੀਠਾ, 7 ਜੂਨ (ਜਗਦੀਪ ਸਿੰਘ ਸੱਗੂ)- ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸੀ ਆਪ ਹੀ ਪਹਿਲਾਂ ਮਾਹੌਲ ਨੂੰ ਖਰਾਬ ਕਰਦੇ ਹਨ ਅਤੇ ਫਿਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਧਰਨੇ ਮਾਰਨ ਦਾ ਡਰਾਮੇ ਰਚਦੇ ਹਨ, ਪਰ ਹੁਣ ਪੰਜਾਬ ਦੇ ਲੋਕ ਸੁਚੇਤ ਹੋ ਚੁੱਕੇ ਹਨ ਅਤੇ ਇਹਨਾਂ ਦੀਆਂ ਕੋਝੀਆਂ ਚਾਲਾਂ ਦੇ ਅਸਰ ਹੇਠ ਨਹੀਂ ਆਉਣਗੇ ਅਤੇ ਨਾ ਹੀ ਇਹਨਾਂ ਦੀ ਅਜਿਹੀ ਰਾਜਨੀਤੀ ਨੂੰ ਕਾਮਯਾਬ ਹੋਣ ਦੇਣਗੇ।
ਸ: ਮਜੀਠੀਆ ਅੱਜ ਇੱਥੇ ਸਰਕਲ ਮਜੀਠਾ ਅਤੇ ਮੱਤੇਵਾਲ ਦੇ ਸੈਂਕੜੇ ਕਿਸਾਨਾਂ ਨੂੰ ਸਰਕਾਰ ਵਲ਼ੋਂ ਜਾਰੀ ਬਿਜਲੀ ਕੁਨੈਕਸ਼ਨ ਵੰਡਣ ਆਏ ਸਨ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੀ ਆਈ ਹੈ। ਉਹਨਾਂ ਕਿਹਾ ਕਿ ਸ: ਸਿਮਰਨਜੀਤ ਸਿੰਘ ਮਾਨ ਵਾਰ-ਵਾਰ ਇਹ ਇੰਕਸ਼ਾਫ਼ ਕਰ ਚੱਕੇ ਹਨ ਕਿ ਬੀਤੇ ਦੌਰਾਨ ਚੱਬੇ ਵਿਖੇ ਜੋ ਪ੍ਰੋਗਰਾਮ ਹੋਇਆ ਉਹ ਖਾਲਿਸਤਾਨੀ ਸਟੇਜ ਸੀ, ਜਿਸ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਸੀਨੀਅਰ ਆਗੂਆਂ ਨੇ ਹਿੱਸਾ ਲੈ ਕੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਸੀ।ਇਹ ਵੱਖਰੀ ਗਲ ਹੈ ਕਿ ਇਨ੍ਹਾਂ ਦੀ ਉਕਤ ਸਾਜ਼ਿਸ਼ ਕਾਮਯਾਬ ਨਹੀਂ ਹੋ ਸਕੀ।
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣ ਸੰਬੰਧੀ ਪੁੱਛੇ ਜਾਣ ‘ਤੇ ਸ: ਮਜੀਠੀਆ ਨੇ ਕਿਹਾ ਕਿ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣਾ ਕਾਂਗਰਸ ਪਾਰਟੀ ਦੀ ਮਜਬੂਰੀ ਹੈ। ਦੁਨੀਆਂ ਭਰ ਦੇ ਸੂਝਵਾਨ ਲੋਕਾਂ ਨੂੰ ਪਤਾ ਹੈ ਕਿ ਉਕਤ ਕਤਲੇਆਮ ਕਿਨ੍ਹਾਂ ਦੇ ਇਸ਼ਾਰਿਆਂ ‘ਤੇ ਹੋਇਆ। ਉਹਨਾਂ ਕਿਹਾ ਕਿ ਰਾਜੀਵ ਗਾਂਧੀ ਹੋਵੇ ਸੋਨੀਆ ਗਾਂਧੀ ਤੇ ਰਾਹੁਲ, ਸਿੱਖ ਕਤਲੇਆਮ ਦੇ ਦੋਸ਼ੀ ਐੱਚ ਕੇ ਐੱਲ ਭਗਤ, ਸੱਜਣ ਕੁਮਾਰ, ਜਗਦੀਸ਼ ਟਾਈਟਲਰ ਸਮੇਤ ਹੋਰਨਾਂ ਜਿੰਮੇਵਾਰਾਂ ਦੀ ਨਾ ਕੇਵਲ ਪੁਸ਼ਤ ਪਨਾਹੀ ਕੀਤੀ, ਸਗੋਂ ਇਨਾਂ ਦੋਸ਼ੀਆਂ ਨੂੰ ਪਾਰਟੀ ਵਿੱਚ ਅਹਿਮ ਅਹੁਦੇ ਅਤੇ ਸਰਕਾਰੀ ਰੁਤਬਿਆਂ ਨਾਲ ਨਿਵਾਜਦੇ ਰਹੇ ਹਨ। ਇਹਨਾਂ ਦੋਸ਼ੀਆਂ ਨੂੰ ਬਾਰ ਬਾਰ ਐੱਮ ਪੀ ਅਤੇ ਵਜ਼ੀਰ ਆਦਿ ਬਣਾਉਣ ਤੋਂ ਹੀ ਅੰਦਰ ਦੀ ਗਲ ਜਗ ਜ਼ਾਹਿਰ ਹੋ ਜਾਂਦੀ ਹੈ, ਕਿ ਕਤਲੇਆਮ ਵਿੱਚ ਵੱਡਾ ਰੋਲ ਅਦਾ ਕਰਨ ਵਾਲੇ ਕਿਸ ਦੇ ਇਸ਼ਾਰਿਆਂ ‘ਤੇ ਇਹ ਸਭ ਕੁੱਝ ਕਰ ਰਹੇ ਸਨ।ਇਹੀ ਕਾਰਨ ਹੈ ਕਿ ਇਹਨਾਂ ਅਨਸਰਾਂ ਨੂੰ ਬਚਾਉਣਾ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਦੀ ਜ਼ਿੰਮੇਵਾਰੀ ਬਣ ਗਈ ਹੈ। ਕਾਂਗਰਸ ਨੂੰ ਡਰ ਹੈ ਕਿ ਜੇ ਇਹਨਾਂ ਨੂੰ ਨਾ ਬਚਾਇਆ ਗਿਆ ਤਾਂ ਲੋਕਾਂ ਨੂੰ ਇਹ ਲੋਕ ਤਲਖ਼ ਸਚਾਈ ਦਸ ਹੀ ਨਾ ਦੇਣ।
ਸ: ਮਜੀਠੀਆ ਨੇ ਅੱਗੇ ਕਿਹਾ ਕਿ ਜੋ ਲੋਕ ਉਕਤ ਕਤਲੇਆਮ ਅਤੇ ਇਸ ਦੇ ਕਾਰਨਾਂ ਨੂੰ ਡੂੰਘਾਈ ਵਿੱਚ ਵਾਚ ਤੇ ਖੋਜ ਕਰ ਚੁੱਕੇ ਹਨ , ਉਹ ਇਸ ਗਲ ਤੋਂ ਭਲੀ ਭਾਂਤ ਜਾਣੂ ਹਨ ਕਿ ਕਾਂਗਰਸ ਦੇ ਸਤਾ ਵਿੱਚ ਲੰਮਾ ਸਮਾਂ ਰਹਿਣ ਦੌਰਾਨ ਉਕਤ ਦੋਸ਼ੀਆਂ ਨੂੰ ਬਚਾਏ ਜਾਣ ਕਾਰਨ ਹੀ 32 ਸਾਲ ਬੀਤ ਜਾਣ ‘ਤੇ ਵੀ ਸਿੱਖ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਉਹਨਾਂ ਕਿਹਾ ਕਿ ਕਾਂਗਰਸ ਦੀ ਪੰਜਾਬ ਅਤੇ ਸਿੱਖਾਂ ਪ੍ਰਤੀ ਸ਼ੁਰੂ ਤੋਂ ਨਾਕਾਰਾਤਮਕ ਸੋਚ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਹੀ ਦੇਸ਼ ਭਰ ਵਿੱਚ ਇਸ ਦਾ ਤੇਜੀ ਨਾਲ ਸਫਾਇਆ ਹੋ ਰਿਹਾ ਹੈ।
ਇਸ ਮੌਕੇ ਸਮਾਗਮ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਕੋਈ ਬਿਜਲੀ ਕਰਮਚਾਰੀ ਜਾਂ ਠੇਕੇਦਾਰ ਉਨ੍ਹਾਂ ਦੇ ਟਿਊਬਵੈੱਲ ਕੁਨੈਕਸ਼ਨ ਦੇਣ ਵਿੱਚ ਦੇਰੀ ਕਰਦਾ ਹੈ, ਵਾਧੂ ਪੈਸੇ ਮੰਗਦਾ ਹੈ ਜਾਂ ਰਿਸ਼ਵਤ ਦੀ ਮੰਗ ਕਰਦਾ ਹੈ, ਤਾਂ ਉਸ ਦੀ ਸੂਚਨਾ ਦਿੱਤੀ ਜਾਵੇ, ਤਾਂ ਜੋ ਉਸ ਠੇਕੇਦਾਰ ਵਿਰੁੱਧ ਪੁਲਿਸ ਕੇਸ ਦਰਜ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਟਿਊਬਵੈੱਲ ਕੁਨੈਕਸ਼ਨ ਲਗਾਉਣ ਲਈ ਸਾਰਾ ਸਮਾਨ ਸਟੋਰਾਂ ਵਿੱਚ ਪਹੁੰਚ ਗਿਆ ਹੈ ਅਤੇ ਪਹਿਲਾਂ ਆਉ-ਪਹਿਲਾਂ ਚੁੱਕੋ ਦੇ ਅਧਾਰ ‘ਤੇ ਇਸ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਗਰੀਨ ਟ੍ਰਿਬਿਊਨਲ ਨਾਲ ਲੰਮੀ ਕਾਨੂੰਨੀ ਲੜਾਈ ਲੜ ਕੇ ਪੰਜਾਬ ਦੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦੇਣ ਦੀ ਪ੍ਰਵਾਨਗੀ ਲਈ ਹੈ ਅਤੇ ਕਿਸੇ ਨੂੰ ਇਸ ਵਿੱਚ ਅੜਿੱਕਾ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਹਰੇਕ ਜ਼ਿਲ੍ਹੇ ਵਿੱਚ ਵੱਖਰਾ ਸ਼ਿਕਾਇਤ ਸੈਲ ਕਾਇਮ ਕਰਨ, ਜੋ ਕਿ ਫੋਨ ‘ਤੇ ਹੀ ਇਸ ਸਬੰਧੀ ਕਿਸਾਨ ਦੀ ਸ਼ਿਕਾਇਤ ਲੈ ਕੇ ਤੁਰੰਤ ਢੁਕਵੀਂ ਕਾਰਵਾਈ ਕਰੇ।
ਸ. ਮਜੀਠੀਆ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਰਕਾਰ ਵੱਲੋਂ ਵੱਖ-ਵੱਖ ਕੰਮਾਂ ਲਈ ਆਈਆਂ ਗਰਾਂਟਾਂ ਦੀ ਠੀਕ ਵਰਤੋਂ ਕਰਨ ਦੀ ਹਦਾਇਤ ਦਿੰਦੇ ਕਿਹਾ ਕਿ ਜੋ ਵੀ ਸਰਪੰਚ-ਪੰਚ ਸਰਕਾਰੀ ਗਰਾਂਟ ਦੀ ਸੁਚੱਜੀ ਵਰਤੋਂ ਕਰਕੇ ਮਿਆਰੀ ਕੰਮ ਕਰਵਾਉਣਗੇ, ਉਨ੍ਹਾਂ ਨੂੰ ਪਿੰਡ ਦੇ ਵਿਕਾਸ ਲਈ ਹੋਰ ਗਰਾਂਟ ਜਾਰੀ ਕੀਤੀ ਜਾਵੇਗੀ। ਸ. ਮਜੀਠੀਆ ਨੇ ਹਾਲ ਹੀ ਵਿੱਚ ਜਾਰੀ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਬਾਰੇ ਵੀ ਪਿੰਡ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਨੂੰ ਆਮ ਲੋਕਾਂ ਤੱਕ ਜਾਣੂੰ ਕਰਵਾਉਣ ਦੀ ਸਲਾਹ ਦਿੱਤੀ, ਤਾਂ ਜੋ ਲੋੜ ਵੇਲੇ ਕੋਈ ਬਿਮਾਰ ਵਿਅਕਤੀ ਖੱਜਲ ਨਾ ਹੋਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸ. ਜੋਧ ਸਿੰਘ ਸਮਰਾ, ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ, ਪਾਵਰਕਾਮ ਦੇ ਡਾਇਰੈਕਟਰ ਸ੍ਰੀ ਕੇਵਲ ਸ਼ਰਮਾ, ਬਾਰਡਰ ਜ਼ੋਨ ਦੇ ਚੀਫ਼ ਇੰਜੀਨੀਅਰ ਸ. ਸੁੱਚੂ, ਨਗਰ ਕੌਂਸਲ ਪ੍ਰਧਾਨ ਤਰਨ ਅਬਰੋਲ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪਰਾਸ਼ਰ, ਗਗਨਦੀਪ ਸਿੰਘ ਭਕਨਾ, ਚੇਅਰਮੈਨ ਬਲਬੀਰ ਸਿੰਘ ਚੰਦੀ, ਵਾਇਸ ਚੇਅਰਮੈਨ ਦੁਰਗਾ ਦਾਸ, ਸਾਬਕਾ ਪ੍ਰਧਾਨ ਨਾਨਕ ਸਿੰਘ, ਪ੍ਰਭਦਿਆਲ ਸਿੰਘ, ਸਲਵੰਤ ਸਿੰਘ ਸੇਠ, ਬੱਬੀ ਭੰਗਵਾਂ, ਗੌਰਵ ਬਬਾ, ਕੈਪਟਨ ਰੰਧਾਵਾ, ਬਾਬਾ ਚਰਨ ਸਿੰਘ, ਨਿਸ਼ਾਨ ਸਿੰਘ ਸੋਹੀਆਂ, ਸੂਬਾ ਸਿੰਘ ਚੰਡੇ, ਮਲਕੀਤ ਸਿੰਘ ਸ਼ਾਮਨਗਰ, ਪੂਰਨ ਸਿੰਘ ਤਰਗੜ, ਜਤਿੰਦਰਪਾਲ ਸਿੰਘ ਹਮਜਾ, ਹਰਜਿੰਦਰ ਸਿੰਘ, ਸੁਖਚੈਨ ਸਿੰਘ ਭੋਮਾ, ਨਿਰਮਲ ਸਿੰਘ ਵੀਰਮ, ਬਾਬਾ ਗੁਰਦੀਪ ਸਿੰਘ ਉਮਰਪੁਰਾ, ਸਰਬਜੀਤ ਸਿੰਘ ਚੰਦੀ, ਨਿਰਮਲ ਸਿੰਘ ਨਾਗ, ਧੀਰ ਸਿੰਘ ਦਾਦੂਪੁਰਾ, ਸਵਿੰਦਰ ਸਿੰਘ ਜੇਠੂਨੰਗਲ, ਮਨਪ੍ਰੀਤ ਸਿੰਘ ਉਪਲ, ਮੱਖਣ ਸਿੰਘ ਹਰੀਆਂ, ਬਲਜੀਤ ਸਿੰਘ ਢਿੰਗਨੰਗਲ (ਸਾਰੇ ਸਰਪੰਚ), ਕੁੰਦਨ ਸਿੰਘ ਵਡਾਲਾ, ਕੁਲਵਿੰਦਰ ਸਿੰਘ ਡੱਡੀਆਂ, ਕੌਂਸਲਰ ਪ੍ਰਿੰਸ ਨਈਅਰ, ਅਜੇ ਚੋਪੜਾ, ਸੋਨੂੰ ਰੋੜੀ, ਮੁਖਤਾਰ ਸਿੰਘ, ਪਿੰਕਾ ਮਜੀਠਾ, ਸੁਰਿੰਦਰਪਾਲ ਸਿੰਘ ਸੋਹਲ, ਬਿਲਾ ਆੜਤੀਆ, ਸਵਿੰਦਰ ਚੌਹਾਨ, ਜੈਪਾਲ ਮਹਾਜਨ, ਗੁਰਮੀਤ ਸਿੰਘ ਅਠਵਾਲ, ਉਂਕਾਰ ਸਿੰਘ, ਜੋਗਿੰਦਰ ਸਿੰਘ ਬੁਰਜ, ਮਹਿੰਦਰ ਸਿੰਘ, ਅਨੂਪ ਸਿੰਘ ਸੰਧੂ ਆਦਿ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply