Friday, July 5, 2024

ਪ੍ਰੈਕਟੀਕਲ ਕੰਮ ਕਰਨ ਨਾਲ ਹੀ ਸ਼ਹਿਰ ਬਣੇਗਾ ‘ਸਮਾਰਟ’ – ਅਨਿਲ ਜੋਸ਼ੀ

PPN1406201610

ਅੰਮ੍ਰਿਤਸਰ, 14 ਜੂਨ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਨੇ ਅੱਜ ਕੰਪਨੀ ਬਾਗ ਸਥਿਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿੱਚ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਸਮੇਤ ਨਿਗਮ ਦੇ ਆਲ੍ਹਾ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਸ੍ਰੀ ਜੋਸ਼ੀ ਨੇ ਗੁਰੂ ਨਗਰੀ ਨੂੰ ਸਮਾਰਟ ਸਿਟੀ ਬਣਾਉਣ ਲਈ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ। ਸ੍ਰੀ ਜੋਸ਼ੀ ਨੇ ਇਸ ਮੌਕੇ ਕਿਹਾ ਕਿ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ‘ਸਮਾਰਟ’ ਬਣਾਇਆ ਜਾਵੇਗਾ। ਉਨ੍ਹਾਂ ਇਸ ਮੌਕੇ ਸ਼ਹਿਰ ਦੀ ਵਿਗੜੀ ਸਫ਼ਾਈ ਵਿਵਸਥਾ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਨੂੰ ਦਰੁਸਤ ਕਰਨ ਲਈ ਵਿਚਾਰ-ਚਰਚਾ ਕੀਤੀ। ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਦੀ ਕਾਰਜਸ਼ੈਲੀ ਦੀ ਪ੍ਰਸੰਸਾ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਉਹ ਸੜਕਾਂ ‘ਤੇ ਉਤਰ ਕੇ ਰੋਜ਼ਾਨਾ ਜ਼ਮੀਨੀ ਪੱਧਰ ‘ਤੇ ਨਿਗਮ ਦੇ ਕੰਮਾਂ ਦੀ ਸਮੀਖਿਆ ਕਰ ਰਹੇ ਹਨ ਜਿਸ ਦੀ ਸਰਾਹਨਾ ਕਰਨੀ ਬਣਦੀ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਨਿਗਮ ਦੀ ਕਾਰਜਸ਼ੈਲੀ ਨੂੰ ਦਰੁਸਤ ਕਰਦਿਆਂ ਸ਼ਹਿਰ ਦੇ ਵਿਗੜੇ ਸਫ਼ਾਈ ਪ੍ਰਬੰਧ ਅਤੇ ਸ਼ਹਿਰ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਪੂਰਨ ਰੂਪ ਵਿੱਚ ਹੱਲ ਕਰਵਾਉਣਗੇ।
ਸ੍ਰੀ ਜੋਸ਼ੀ ਨੇ ਕਿਹਾ ਕਿ ਪ੍ਰੈਕਟੀਕਲ ਕੰਮ ਕਰਨ ਨਾਲ ਹੀ ਸ਼ਹਿਰ ਸਮਾਰਟ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਤਹਿਤ ਸ਼ਹਿਰ ਨੂੰ ਸੇਫ ਸਿਟੀ ਬਣਾਉਂਦਿਆਂ ਸੀ ਸੀ ਟੀ ਵੀ ਕੈਮਰੇ ਲਗਾਏ ਜਾਣਗੇ, ਈ-ਗਵਰਨੈਸ ਤਹਿਤ ਸ਼ਿਕਾਇਤ ਨਿਵਾਰਣ ਸੈੱਲ ਬਣਾਇਆ ਜਾਵੇਗਾ ਜਿਸ ਨਾਲ ਆਨਲਾਈਨ ਸ਼ਿਕਾਇਤਾਂ ਦਰਜ ਕਰਕੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ। ਇਸੇ ਤਰ੍ਹਾਂ ਟ੍ਰੈਫਿਕ ਮੈਨੇਜਮੈਂਟ ਸਿਸਟਮ ਨੂੰ ਵੀ ਆਨਲਾਈਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦਾ 100 ਫੀਸਦੀ ਵਿਕਾਸ ਕਰਵਾਉਣਾ ਸਰਕਾਰ ਦੀ ਵਚਨਬੱਧਤਾ ਹੈ ਇਸਦੇ ਲਈ ਪੈਸਿਆਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ 810 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਵਿਕਾਸ ਕਾਰਜਾਂ ਦੀ ਕੁਆਲਟੀ ਵਿਚ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੈਰੀਟੇਜ ਸਿਟੀ ਵਿੱਚ ਵੀ ਸ਼ਹਿਰ ਨੂੰ 70 ਕਰੋੜ ਰੁਪਏ ਆ ਚੁੱਕੇ ਹਨ, ਜਿਸ ਦਾ ਕੰਮ ਪ੍ਰਗਤੀ ਅਧੀਨ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸਾਲਿਡ ਵੇਸਟ ਪ੍ਰਾਜੈਕਟ ਤਹਿਤ ਸਫ਼ਾਈ ਦਾ ਕੰਮ 31 ਜੁਲਾਈ ਤੱਕ ਸ਼ੁਰੂ ਹੋ ਜਾਵੇਗਾ ਪਰੰਤੂ ਉਦੋਂ ਤੱਕ ਸਫ਼ਾਈ ਪ੍ਰਣਾਲੀ ਨੂੰ ਦਰੁਸਤ ਕਰਨ ਲਈ ਨਿਗਮ ਦੁਆਰਾ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਪੱਕੀ ਕਰਨੀ ਚਾਹੀਦੀ ਹੈ ਤਾਂ ਕਿ ਜੇਕਰ ਉਸ ਅਧਿਕਾਰੀ ਦੇ ਖੇਤਰ ਵਿਚ ਸਫ਼ਾਈ ਵਿਵਸਥਾ ਸਬੰਧੀ ਮੁਸ਼ਕਿਲ ਆਉਂਦੀ ਹੈ ਜਾਂ ਇਸ ਕੰਮ ਵਿਚ ਅਧਿਕਾਰੀ ਲਾਪਰਵਾਹੀ ਵਰਤਦਾ ਹੈ ਤਾਂ ਉਹ ਆਪਣੀ ਡਿਊਟੀ ਦੇ ਪ੍ਰਤੀ ਜਵਾਬਦੇਹ ਹੋਵੇਗਾ ਅਤੇ ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਠੇਕੇਦਾਰ ਆਪਣੇ ਕੰਮ ਵਿਚ ਕੋਤਾਹੀ ਵਰਤਦਾ ਹੈ ਤਾਂ ਉਸ ਨੂੰ ਬਲੈਕ ਲਿਸਟ ਕਰਦਿਆਂ ਉਸ ਦੀ ਅਦਾਇਗੀ ਰੋਕ ਦਿੱਤੀ ਜਾਵੇ ਅਤੇ ਉਸ ਖਿਲਾਫ਼ ਐਫ ਆਈ ਆਰ ਦਰਜ਼ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਫ਼ਾਈ ਦੇ ਨਾਲ-ਨਾਲ ਸਟਰੀਟ ਲਾਈਟਾਂ ਅਤੇ ਸੀਵਰੇਜ ਪ੍ਰਣਾਨੀ ਨਾਲ ਸਬੰਧਤ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਵੀ ਪੂਰਨ ਰੂਪ ਵਿਚ ਹੱਲ ਕੱਢਿਆ ਜਾਵੇ।
ਸ੍ਰੀ ਜੋਸ਼ੀ ਨੇ ਕਿਹਾ ਕਿ ਉਹ ਖੁਦ ਰੋਜ਼ਾਨਾ ਸਵੇਰੇ ਸਾਈਕਲ ‘ਤੇ ਆਪਣੇ ਵਿਧਾਨ ਸਭਾ ਖੇਤਰ ਦਾ ਦੌਰਾ ਕਰਦੇ ਹਨ ਅਤੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਤਿੰਨ ਘੰਟਿਆਂ ਵਿਚ ਸਾਈਕਲ ‘ਤੇ ਪੂਰੇ ਵਿਧਾਨ ਸਭਾ ਹਲਕੇ ਦਾ ਦੌਰਾ ਕਰ ਲੈਂਦੇ ਹਨ ਤਾਂ ਨਿਗਮ ਅਧਿਕਾਰੀ ਆਪਣੇ ਪੂਰੇ ਖੇਤਰ ਦਾ ਦੌਰਾ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਸ੍ਰੀ ਸਤੀਸ਼ ਚੰਦਰਾ ਨੂੰ ਇਥੇ ਮੀਟਿੰਗ ਲਈ ਸੱਦਿਆ ਗਿਆ ਜਿਸ ਦੌਰਾਨ ਪੀ. ਐਮ. ਆਈ. ਡੀ. ਸੀ ਵਿਭਾਗ ਅਤੇ ਸਵੱਛ ਅਭਿਆਨ ਨਾਲ ਸਬੰਧਤ ਅਧਿਕਾਰੀ ਵੀ ਹਾਜ਼ਰ ਰਹਿਣਗੇ। ਇਸ ਮੌਕੇ ਸਾਲਿਡ ਵੇਸਟ ਪ੍ਰਾਜੈਕਟ ਅਤੇ ਸ਼ਹਿਰ ਦੀ ਸਾਫ਼-ਸਫ਼ਾਈ ਸਬੰਧੀ ਮੁਸ਼ਕਿਲਾਂ ਦਾ ਹੱਲ ਕੱਢਿਆ ਜਾਵੇਗਾ।ਇਸ ਮੌਕੇ ਸਿਹਤ ਅਫ਼ਸਰ ਡਾ. ਅਜੇ ਕੰਵਰ, ਐਸ. ਈ ਅਨੁਰਾਗ ਮਹਾਜਨ ਤੇ ਪ੍ਰਦੁਮਣ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply