Friday, July 5, 2024

ਪ੍ਰਭਾਵਸ਼ਾਲੀ ਹੋਵੇਗਾ ਆਈ. ਆਈ. ਐਮ ਦਾ ਨੀਂਹ ਪੱਥਰ ਸਮਾਗਮ-ਪ੍ਰਮੁੱਖ ਸਕੱਤਰ ਐਸ.ਕੇ ਸੰਧੂ

PPN1406201611

ਅੰਮ੍ਰਿਤਸਰ, 14 ਜੂਨ (ਜਗਦੀਪ ਸਿੰਘ ਸੱਗੂ)- 19 ਜੂਨ ਪੰਜਾਬ ਲਈ ਬੜੇ ਮਾਣ ਵਾਲਾ ਦਿਨ ਹੋਵੇਗਾ, ਜਦੋਂ ਭਾਰਤ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਅੰਮ੍ਰਿਤਸਰ ਦੇ ਮਾਨਾਵਾਲਾ ਵਿਖੇ ਇਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਦੇ ਪਹਿਲੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ. ਆਈ. ਐਮ) ਦਾ ਨੀਂਹ ਪੱਥਰ ਰੱਖਣਗੇ।ਇਹ ਪ੍ਰਗਟਾਵਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ. ਕੇ ਸੰਧੂ ਨੇ ਅੱਜ ਇਸ ਨੀਂਹ ਪੱਥਰ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਕੀਤਾ।ਸ੍ਰੀ ਸੰਧੂ ਨੇ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਬਾਅਦ ਵਿਚ ਸਮਾਗਮ ਵਾਲੇ ਸਥਾਨ ਦਾ ਦੌਰਾ ਕੀਤਾ।ਇਸ ਮੌਕੇ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਾ ਛੱਡਣ ਅਤੇ ਆਪਣੀਆਂ ਡਿਊਟੀਆਂ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣ।
ਸ੍ਰੀ ਸੰਧੂ ਨੇ ਦੱਸਿਆ ਕਿ ਨੀਂਹ ਪੱਥਰ ਸਮਾਗਮ ਬਹੁਤ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਹੋਵੇਗਾ ਜਿਸ ਵਿਚ ਕੇਂਦਰੀ ਮੰਤਰੀ ਸ੍ਰੀਮਤੀ ਸਮਰਿਤੀ ਇਰਾਨੀ, ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕੈਬਨਿਟ ਦੇ ਵਜ਼ੀਰ, ਵਿਧਾਇਕ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਿਰਕਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸਮਾਗਮ ਲਈ ਵੱਡੇ ਪੱਧਰ ‘ਤੇ ਤਿਆਰੀਆਂ ਚੱਲ ਰਹੀਆਂ ਹਨ ਜਿਸ ਤਹਿਤ ਤਿੰਨ ਸਟੇਜਾਂ ਲਗਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਇਕ ਵੀ. ਵੀ. ਆਈ ਪੀਜ਼ ਲਈ, ਇਕ ਵੀ. ਆਈ. ਪੀਜ਼ ਅਤੇ ਇਕ ਗਾਇਕ ਲਈ ਹੋਵੇਗੀ। ਉਨ੍ਹਾਂ ਦੱਸਿਆ ਕਿ 10 ਹਜ਼ਾਰ ਦੇ ਕਰੀਬ ਲੋਕਾਂ ਦੇ ਬੈਠਣ, ਆਉਣ-ਜਾਣ, ਪੀਣ ਵਾਲੇ ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੱਸਾਂ ਲਈ 100 ਏਕੜ ਅਤੇ ਕਾਰਾਂ ਲਈ 28 ਏਕੜ ਵਿਚ ਵੱਖ-ਵੱਖ ਪਾਰਕਿੰਗਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਐਂਬੂਲੈਂਸਾਂ ਸਮੇਤ 12 ਮੈਡੀਕਲ ਟੀਮਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ 60 ਆਰਜ਼ੀ ਟਾਇਲਟਾਂ ਅਤੇ ਯੂਰਿਨਲਸ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਸੁਰੱਖਿਆ ਅਤੇ ਟ੍ਰੈਫਿਕ ਦੇ ਪੁਖ਼ਤਾ ਬੰਦੋਬਸਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਿਸ਼ਾਲ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਬਾਹਰਲੇ ਜ਼ਿਲ੍ਹਿਆਂ ਤੋਂ ਵੀ 6 ਪੀ. ਸੀ. ਐਸ ਅਧਿਕਾਰੀ ਅਤੇ 10 ਤਹਿਸੀਲਦਾਰ ਬੁਲਾਏ ਗਏ ਹਨ।ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਸ਼ਿਰਕਤ ਕਰਨਗੇ ਤਾਂ ਜੋ ਉਹ ਇਸ ਮਾਣਮੱਤੀ ਅਤੇ ਵੱਕਾਰੀ ਸੰਸਥਾ ਤੋਂ ਪ੍ਰੇਰਣਾ ਲੈ ਸਕਣ।
ਇਸ ਮੌਕੇ ਰਾਜ ਸਭਾ ਦੇ ਮੈਂਬਰ ਸ੍ਰੀ ਸ਼ਵੇਤ ਮਲਿਕ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਕਮਿਸ਼ਨਰ ਪੁਲਿਸ ਸ. ਅਮਰ ਸਿੰਘ ਚਾਹਲ, ਕਮਿਸ਼ਨਰ ਨਗਰ ਨਿਗਮ ਮੈਡਮ ਸੋਨਾਲੀ ਗਿਰੀ, ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਐਸ. ਐਸ. ਪੀ (ਦਿਹਾਤੀ) ਸ੍ਰੀ ਜਸਦੀਪ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਤਜਿੰਦਰ ਪਾਲ ਸਿੰਘ ਸੰਧੂ, ਨੋਡਲ ਅਫ਼ਸਰ ਆਈ. ਆਈ. ਐਮ ਸ੍ਰੀ ਪਵਨ ਕੁਮਾਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply