Friday, July 5, 2024

ਸਰਬੱਤ ਦਾ ਭਲਾ ਟਰੱਸਟ ਵੱਲੋਂ ਗੁਰਮਤਿ ਸੰਗੀਤ ਕਾਲਜ ਦੀ ਇਮਾਰਤ ‘ਚ ਨਵੇਂ ਬਲਾਕ ਦਾ ਨੀੰਹ ਪੱਥਰ

PPN2206201618ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ ਸੱਗੂ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜ਼ਿੰਗ ਟਰੱਸਟੀ ਡਾ. ਐੱਸ.ਪੀ.ਸਿੰਘ ਓਬਰਾਏ ਦੀ ਦੇਖ ਰੇਖ ਤੇ ਮਾਲੀ ਮਦਦ ਨਾਲ ਅਤੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਸ਼ਹੀਦ ਗੰਜ ਗੁਰਮਤਿ ਸੰਗੀਤ ਕਾਲਜ (ਰਜਿ:) ਵਿਖੇ ਪ੍ਰਪੱਕ ਗ੍ਰੰਥੀ ਸਿੰਘ ਤਿਆਰ ਕਰਨ ਲਈ ਲੋੜੀਂਦੀ ਇਮਾਰਤ ਦਾ ਨੀਂਹ ਪੱਥਰ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਅਤੇ ਗਿਆਨੀ ਬਲਦੇਵ ਸਿੰਘ ਵੱਲੋਂ ਸਾਂਝੇ ਤੌਰ ‘ਤੇ ਰੱਖਿਆ ਗਿਆ।
ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਅਹੁਦੇਦਾਰਾਂ ਅਤੇ ਗੁਰਦੁਆਰਾ ਸ਼ਹੀਦ ਗੰਜ ਅੰਮ੍ਰਿਤਸਰ ਵਿਖੇ ਚੱਲ ਰਹੇ ਗੁਰਮਤਿ ਸੰਗੀਤ ਕਾਲਜ ਦੇ ਸੰਚਾਲਕ  ਜਥੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਡਾ. ਐੱਸ.ਪੀ.ਸਿੰਘ ਓਬਰਾਏ ਵੱਲੋਂ ਦਿੱਤੀ ਗਈ ਮਾਲੀ ਮਦਦ ਸਦਕਾ ਕਾਲਜ ਦੀ ਬਣੀ ਇਸ ਬਿਲਡਿੰਗ ਵਿੱਚ ਗੁਰਮਤਿ ਸੰਗੀਤ ਦੇ ਤਿੰਨ ਸਾਲਾ ਕੋਰਸ ਦਾ ਅਰੰਭ 2013 ਦੀ ਵਿਸਾਖੀ ਵਾਲੇ ਦਿਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਹਨਾਂ ਸਿਖਿਆਰਥੀਆਂ ਨੂੰ ਤਿੰਨ ਸਾਲਾਂ ਦੌਰਾਨ ਸੰਗੀਤ, ਤਬਲਾ, ਤੰਤੀ ਸਾਜ਼ਾਂ ਦੀ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਇਹ ਰਾਗੀ ਸ਼ੁੱਧ ਕੀਰਤਨ ਕਰਨ ਤੋਂ ਇਲਾਵਾ ਧਰਮ ਪ੍ਰਚਾਰ ਦੇ ਮਿਸ਼ਨ ਜਿਵੇਂ ਕਿ ਨੌਜਵਾਨਾਂ ਦੇ ਕੇਸ ਰਖਾਉਣੇ, ਨਸ਼ੇ ਛੁਡਾਉਣੇ, ਧੀਆਂ ਨੂੰ ਕੁੱਖ਼ ‘ਚ ਮਰਨੋਂ ਬਚਾਉਣਾ, ਪਾਖੰਡੀਆਂ ਤੋਂ ਸੰਗਤਾਂ ਨੂੰ ਸੁਚੇਤ ਕਰਕੇ ਗੁਰੂ ਗ੍ਰੰਥ ਤੇ ਪੰਥ ਨਾਲ ਜੋੜਨਾ ਆਦਿ ‘ਤੇ ਪਹਿਰਾ ਦੇਣ ਦਾ ਕਾਰਜ ਕਰ ਸਕਣ।
ਉਹਨਾਂ ਦੱਸਿਆ ਕਿ ਇਸ ਕਾਲਜ ਵਿੱਚ ਪ੍ਰਪੱਕ ਗ੍ਰੰਥੀ ਸਿੰਘਾਂ ਨੂੰ ਵੀ ਤਿਆਰ ਕਰਨ ਲਈ ਉੱਥੇ ਮੌਜੂਦ ਇਮਾਰਤ ਦਾ ਵਿਸਥਾਰ ਕਰਦਿਆਂ ਡਾ: ਓਬਰਾਏ ਦੇ ਯਤਨਾਂ ਅਤੇ ਟਰੱਸਟ ਵੱਲੋਂ ਵਿੱਤੀ ਮਦਦ ਨਾਲ ਨਵੇਂ ਬਲਾਕ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਨਵੇਂ ਬਲਾਕ ਵਿੱਚ ਵਿਦਿਆਰਥੀਆਂ ਲਈ ਕਲਾਸ-ਰੂਮਾਂ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ ਹੋਰ ਸਮਾਗਮਾਂ ਲਈ ਇੱਕ ਵੱਡ-ਆਕਾਰੀ ਹਾਲ ਕਮਰੇ ਦੀ ਉਸਾਰੀ ਵੀ ਕੀਤੀ ਜਾਵੇਗੀ। ਇਸ ਮੌਕੇ ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਜਗਦੇਵ ਸਿੰਘ ਐਸ. ਡੀ. ਓ, ਨਵਜੀਤ ਸਿੰਘ ਘਈ, ਹਰਜਿੰਦਰ ਸਿੰਘ ਹੇਰ ਅਤੇ ਮੋਤਾ ਸਿੰਘ ਅਦਲੀਵਾਲ ਵੀ ਮੌਜੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply