Monday, July 8, 2024

ਭੁੱਲਰ ਦੀ ਅਗਵਾਈ ‘ਚ ਨਸ਼ਿਆਂ ਵਿਰੁੱਧ ਵਿਸਾਲ ਜਾਗਰੂਕਤਾ ਪੈਦਲ ਮਾਰਚ ਕੱਢਿਆ ਗਿਆ

PPN26026201602 PPN26026201603ਭਿੱਖੀਵਿੰਡ, 26 ਜੂਨ (ਕੁਲਵਿੰਦਰ ਕੰਬੋਕੇ) – ਭੁੱਲਰ ਦੀ ਅਗਵਾਈ ‘ਚ ਨਸ਼ਿਆਂ ਵਿਰੁੱਧ ਵਿਸਾਲ ਜਾਗਰੂਕਤਾ ਪੈਦਲ ਮਾਰਚ ਕੱਢਿਆ ਗਿਆ – ਵਰਲਡ ਡਰੱਗ ਡੇਅ ਜਿਹੜਾ ਮੌਕੇ ਤੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ, ਪੀੜਤਾਂ ਦਾ ਇਲਾਜ ਕਰਵਾਉਣ ਅਤੇ ਮੁੜ ਵਸੇਬੇ ਲਈ ਮਦਦ ਕਰਨ ਵਾਲੀ ਸਮਾਜ ਸੇਵੀ ਸੰਸਥਾ ਫਤਿਹ ਫਾਊਂਡੇਸ਼ਨ ਵਲੋਂ ਸਾਬਕਾ ਕੈਬਨਿਟ ਮੰਤਰੀ ਗੁਰਚੇਤ ਸਿੰਘ ਭੁੱਲਰ ਦੀ ਅਗਵਾਈ ਵਿਚ ਨਵੇਂ ਨਾਅਰੇ ‘ਜਵਾਨੀ ਤੇ ਕਿਸਾਨੀ ਬਚਾਓ’ ਨਾਲ ਇਕ ਵਿਸ਼ਾਲ ਪੈਦਲ ਮਾਰਚ ਕੱਢਿਆ ਗਿਆ, ਜਿਹੜਾ ਭਿੱਖੀਵਿੰਡ ਪਾਮ ਗਾਰਡਨ ਪੱਟੀ ਰੋਡ ਤੋ ਸ਼ੁਰੂ ਹੋ ਕੇ ਪਹੁੰਵਿੰਡ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸਮਾਪਤ ਹੋਇਆ। ਫਤਿਹ ਫਾਉਂਡੇਸ਼ਨ ਦੇ ਚੇਅਰਮੈਨ ਅਨੂਪ ਸਿੰਘ ਭੁੱਲਰ ਅਤੇ ਡਾਰਫ ਕੈਟਲ ਗਰੁੱਪ ਆਫ ਕੰਪਨੀ ਦੇ ਵਿਸ਼ੇਸ਼ ਉਪਰਾਲੇ ਨਾਲ ਨੌਜਵਾਨਾਂ ਨੂੰ ਵਰਲਡ ਡਰੱਗ ਡੇ ਮੌਕੇ ਤੇ ਮਾਰੂ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੇ ਇਸ ਪੈਦਲ ਮਾਰਚ ਵਿਚ ਲਗਭਗ ਪੰਜ ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਲੋਕਾਂ ਨੇ ਫਤਿਹ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਜਿਥੇ ਸ਼ਲਾਘਾ ਕੀਤੀ ਉਥੇ ਹੀ ਪੰਜਾਬ ਵਿਚੋਂ ਨਸ਼ਿਆਂ ਦਾ ਪੂਰੀ ਤਰਾਂ ਖਾਤਮਾ ਕਰਨ ਲਈ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ। ਇਸ ਵਿਸਾਲ ਕਾਫਲੇ ਵਿਚ ਸ਼ਾਮਿਲ ਹੋਏ ਲੋਕਾਂ ਨੇ ਹੱਥਾ ਵਿਚ ਤਖ਼ਤੀਆਂ ਫੜੀਆਂ ਸਨ ਜਿੰਨਾਂ ਉਪਰ ‘ਪੰਜਾਬੀਓ ਜਾਗੋ ਨਸ਼ੇ ਤਿਆਗੋ’ ‘ਨਸ਼ੇ ਵਿਚ ਇੰਨਸਾਨ ਗੁਲਾਮੀ ਦੀ ਪਹਿਚਾਣ’ ‘ਜਵਾਨੀ ਤੇ ਕਿਸਾਨੀ ਬਚਾਓ’ ਆਦਿ ਲਿਖਿਆ ਹੋਇਆ ਸੀ।
ਇਸ ਮੌਕੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਕਿਹਾ ਕਿ ਮਾਝੇ ਦੇ ਸਰਹੱਦੀ ਖੇਤਰ ਵਿਚ ਸਮੈਕ ਹੀਰੋਇਨ ਅਤੇ ਸਿੰਥੈਟਿਕ ਡਰੱਗ ਦੀ ਜਕੜ ਵਿਚ ਆ ਚੁਕੇ ਲੋਕਾਂ ਨੂੰ ਵਾਪਸ ਲਿਆਉਣਾ ਹੀ ਫਤਿਹ ਫਾਊਂਡੇਸ਼ਨ ਦਾ ਮੁਖ ਮਕਸਦ ਹੈ। ਉਨਾਂ ਕਿਹਾ ਕਿ ਨਸ਼ਿਆਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ ਜੇਕਰ ਸਮਾਂ ਰਹਿੰਦੇ ਸਰਕਾਰਾਂ ਨੇ ਆਪਣਾ ਫਰਜ਼ ਇਮਾਨਦਾਰੀ ਨਾਲ ਨਾ ਨਿਭਾਇਆ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮਾਫ ਨਹੀ ਕਰਨਗੀਆਂ। ਉਨਾਂ ਕਿਹਾ ਕਿ ਪੰਜਾਬ ਨੂੰ ਇਸ ਨਸ਼ੀਲੇ ਅੱਤਵਾਦ ਵਲ ਧੱਕਣ ਲਈ ਇਤਿਹਾਸ ਕਦੇ ਵੀ ਅਕਾਲੀ ਭਾਜਪਾ ਸਰਕਾਰ ਨੂੰ ਮਾਫ ਨਹੀ ਕਰੇਗਾ ਅਤੇ ਇਹ ਕਾਰਜਕਾਲ ਇਤਿਹਾਸ ਵਿਚ ਨੌਜਵਾਨ ਪੀੜੀ ਨੂੰ ਖਤਮ ਕਰਨ ਦੇ ਕਾਰਨ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ। ਇਸ ਮੌਕੇ ਫਤਿਹ ਫਾਊਂਡੇਸ਼ਨ ਦੇ ਚੇਅਰਮੈਨ ਅਨੂਪ ਸਿੰਘ ਭੁੱਲਰ ਨੇ ਕਿਹਾ ਕਿ ਨਸ਼ੇ ਦੇ ਦੈਂਤ ਨੇ ਜਵਾਨੀ ਨੂੰ ਨਿਗਲ ਕੇ ਰੱਖ ਦਿਤਾ ਹੈ ਅਤੇ ਪਿੱਛੇ ਰਹਿ ਗਏ ਹਨ, ਕਦੇ ਨਾ ਸੁੱਕਣ ਵਾਲੇ ਹੰਝੂ ਅਤੇ ਹਉਕੇ, ਸਿਸਕੀਆਂ ਤੇ ਸਾਰੀ ਉਮਰ ਦਾ ਝੋਰਾ। ਅਜ ਹਰ ਪਰਿਵਾਰ ਵਿਚ ਕੋਈ ਨਾ ਕੋਈ ਜੀਅ ਇਸ ਨਾ ਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਕੇ ਅਨਿਆਈ ਮੌਤ ਮਰ ਰਿਹਾ ਹੈ। ਉਨਾਂ ਕਿਹਾ ਕਿ ਅਜ ਵਰਲਡ ਡਰੱਗ ਡੇ ਦੇ ਮੌਕੇ ਤੇ ਮੈਂ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਨਸ਼ਿਆਂ ਦਾ ਪੂਰੀ ਤਰਾਂ ਤਿਆਗ ਕਰਨ। ਫਤਿਹ ਫਾਊਂਡੇਸ਼ਨ ਉਨਾਂ ਦੀ ਹਰ ਤਰਾਂ ਨਾਲ ਸਹਾਇਤਾ ਕਰੇਗੀ ਬਸ ਨਸ਼ਿਆਂ ਵਿਚ ਫਸੇ ਨੌਜਵਾਨ ਇਕ ਵਾਰ ਪਹਿਲ ਕਰਕੇ ਸੰਸਥਾ ਨਾਲ ਸੰਪਰਕ ਕਰਨ ਅਤੇ ਨਸ਼ਾ ਛੱਡਣ ਦੀ ਇੱਛਾ ਜ਼ਾਹਿਰ ਕਰਨ।ਉਨਾਂ ਦਸਿਆ ਕਿ ਫਤਿਹ ਫਾਊਂਡੇਸ਼ਨ ਵਲੋਂ ਜਿਥੇ ਨੌਜਵਾਨਾਂ ਨੂੰ ਨਸ਼ੇ ਛੁਡਾਉਣ ਵਿਚ ਮੱਦਦ ਕੀਤੀ ਜਾਂਦੀ ਹੈ ਉਥੇ ਹੀ ਉਨਾਂ ਦੇ ਮੁੜ ਵਸੇਬੇ ਲਈ ਅਤੇ ਆਪਣੇ ਪੈਰਾਂ ਤੇ ਖੜੇ ਹੋਣ ਲਈ ਸਕਿਲ ਡਿਵਲੈਪਮੈਂਟ ਕੋਰਸ, ਕੰਪਿਊਟਰ, ਆਇਲਟਸ ਆਦਿ ਕੋਰਸ ਕਰਵਾਉਣ ਵਿਚ ਵੀ ਪੂਰੀ ਤਰਾਂ ਮੱਦਦ ਕੀਤੀ ਜਾਂਦੀ ਹੈ। ਇਸ ਮੌਕੇ ਰਾਜ ਸਿੰਘ ਪੱਟੂ, ਤਰਲੋਕ ਸਿੰਘ ਚੱਕਵਾਲੀਆ, ਰਾਜਵੰਤ ਸਿੰਘ,ਸੁਰਿੰਦਰ ਸਿੰਘ, ਸਤਨਾਮ ਸਿੰਘ, ਸਰਵਨ ਸਿੰਘ ਆਦਿ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ, ਫਤਿਹ ਫਾਊਂਡੇਸ਼ਨ ਦੇ ਮੈਂਬਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਇਸ ਜਾਗਰੂਕਤਾ ਪੈਦਲ ਮਾਰਚ ਵਿਚ ਭਾਗ ਲਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply