Monday, July 8, 2024

ਨਸ਼ੇ ਨੂੰ ਜੜ੍ਹੋਂ ਖ਼ਤਮ ਲਈ ਸਭਨਾਂ ਦੇ ਸਹਿਯੋਗ ਦੀ ਲੋੜ-ਜਿਆਣੀ

PPN26026201604 PPN26026201605ਅੰਮ੍ਰਿਤਸਰ, 26 ਜੂਨ (ਜਗਦੀਪ ਸਿੰਘ ਸੱਗੁ) – ਸਿਹਤ ਅਤੇ ਸਮਾਜਿਕ ਸੁਰੱਖਿਆ ਮੰਤਰੀ ਪੰਜਾਬ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਕੁਝ ਤਾਕਤਾਂ ਇਕ ਸਾਜ਼ਿਸ਼ ਤਹਿਤ ਜਾਣਬੁੱਝ ਕੇ ਪੰਜਾਬ ਨੂੰ ਨਸ਼ਿਆਂ ਲਈ ਬਦਨਾਮ ਕਰਨ ‘ਤੇ ਤੁਲੀਆਂ ਹੋਈਆਂ ਹਨ ਪਰੰਤੂ ਸੱਚਾਈ ਇਹ ਹੈ ਕਿ ਪੰਜਾਬ ਵਿਚ ਕੇਵਲ 1 ਫੀਸਦੀ ਲੋਕ ਹੀ ਨਸ਼ੇ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੰਜਾਬ ਸਰਕਾਰ ਨੇ ਤਹੱਈਆ ਕੀਤਾ ਹੋਇਆ ਹੈ ਪਰੰਤੂ ਇਸ ਲਈ ਸਭਨਾਂ ਦੇ ਸਹਿਯੋਗ ਦੀ ਲੋੜ ਹੈ। ਸ੍ਰੀ ਜਿਆਣੀ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਨਸ਼ਿਆਂ ਅਤੇ ਇਨ੍ਹਾਂ ਦੀ ਤਸਕਰੀ ਖਿਲਾਫ਼ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਅੱਜ ਸਥਾਨਕ ਸਰਕਾਰੀ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ, ਸਰਕੂਲਰ ਰੋਡ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।
ਸ੍ਰੀ ਜਿਆਣੀ ਨੇ ਕਿਹਾ ਕਿ ਇਹ ਸਭ ਨੂੰ ਪਤਾ ਹੈ ਕਿ ਪੰਜਾਬ ਨਸ਼ਿਆਂ ਖਿਲਾਫ਼ ਦੇਸ਼ ਦੀ ਜੰਗ ਲੜ ਰਿਹਾ ਹੈ ਅਤੇ ਇਹ ਵੀ ਸਪੱਸ਼ਟ ਹੈ ਕਿ ਨਸ਼ਾ ਸਰਹੱਦ ਪਾਰੋਂ ਸਪਲਾਈ ਹੋ ਕੇ ਹੋਰਨਾਂ ਰਾਜਾਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਅਤੇ ਇਸ ਦੇ ਸੌਦਾਗਰਾਂ ਨੂੰ ਫੜ੍ਹਨ ਲਈ ਸ਼ਲਾਘਾਯੋਗ ਕੰਮ ਰਹੀ ਹੈ ਪਰੰਤੂ ਫਿਰ ਵੀ ਸਾਜਿਸ਼ ਤਹਿਤ ਇਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੰਮ ਕੀਤਾ ਹੈ, ਇਸ ਲਈ ਬਦਨਾਮੀ ਝੱਲ ਕੇ ਵੀ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਸ੍ਰੀ ਜਿਆਣੀ ਨੇ ਕਿਹਾ ਕਿ ਪੰਜਾਬ ਦੇ 10 ਜ਼ਿਲ੍ਹਿਆਂ ਦੇ ਸਰਵੇਖਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਸੂਬੇ ਵਿਚ ਸਿਰਫ 1.8 ਫੀਸਦੀ ਲੋਕ ਹੀ ਨਸ਼ੇ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਸਰਵੇਖਣ ਸਾਰੇ 22 ਜ਼ਿਲ੍ਹਿਆਂ ਵਿਚ ਕੀਤਾ ਜਾਵੇ ਤਾਂ ਇਹ ਅੰਕੜਾ ਕੇਵਲ ਇਕ ਫੀਸਦੀ ਹੀ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਰੇ 22 ਜ਼ਿਲ੍ਹਿਆਂ ਵਿਚ ਖੋਲ੍ਹੇ ਗਏ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰਾਂ ਦੇ 2200 ਬਿਸਤਰਿਆਂ ਵਿਚੋਂ 1900 ਤੋਂ ਵੱਧ ਖਾਲੀ ਪਏ ਹਨ ਅਤੇ ਉਥੇ ਕੇਵਲ 250 ਦੇ ਕਰੀਬ ਮਰੀਜ਼ ਹੀ ਦਾਖ਼ਲ ਹਨ। ਸ੍ਰੀ ਜਿਆਣੀ ਨੇ ਕਿਹਾ ਕਿ ਨਸ਼ਿਆਂ ‘ਤੇ ਕਾਬੂ ਪਾਉਣ ਲਈ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਅਤੇ ਜੇਕਰ ਸੋਚ ਬਦਲ ਗਈ ਤਾਂ ਇਹ ਸਮੱਸਿਆ ਆਪਣੇ ਆਪ ਹੀ ਖ਼ਤਮ ਹੋ ਜਾਵੇਗੀ।
ਸਿਹਤ ਸੇਵਾਵਾਂ ਸਬੰਧੀ ਗੱਲ ਕਰਦਿਆਂ ਸ੍ਰੀ ਜਿਆਣੀ ਨੇ ਕਿਹਾ ਕਿ ਪੰਜਾਬ ਅੰਦਰ ਸਰਕਾਰੀ ਸਿਹਤ ਸੁਵਿਧਾਵਾਂ ਵਿਚ ਬਹੁਤ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਹੈਪੇਟਾਈਟਸ ਬੀ ਅਤੇ ਸੀ ਦਾ ਇਲਾਜ ਮੁਫ਼ਤ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸ ਨਾਲ ਇਸ ਰੋਗ ਤੋਂ ਪ੍ਰਭਾਵਿਤ ਲੋਕਾਂ ਖਾਸ ਕਰ ਗਰੀਬ ਵਰਗ ਨਾਲ ਸਬੰਧਤ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਲਈ ਸੂਬਾ ਸਰਕਾਰ ਵੱਲੋਂ 20 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 51 ਫੀਸਦੀ ਡਲਿਵਰੀਆਂ ਸਰਕਾਰੀ ਸੰਸਥਾਵਾਂ ਵਿੱਚ ਹੋ ਰਹੀਆਂ ਹਨ ਜਿਸ ਤੋਂ ਇਹ ਸਬੂਤ ਮਿਲਦਾ ਹੈ ਕਿ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਿਹਤ ਸੰਸਥਾਵਾਂ ਪ੍ਰਤੀ ਵੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਜਨਮ ਸਮੇਂ ਮੌਤ ਦਰ ਪੰਜਾਬ ਵਿੱਚ 1000 ਪਿੱਛੇ ਕੇਵਲ 24 ਹੈ ਜੋ ਕਿ ਭਾਰਤ ਦੇ ਬਾਕੀ ਸੂਬਿਆਂ ਨਾਲੋਂ ਘੱਟ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਪੰਜਾਬ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ 1.80 ਕਰੋੜ ਲੋਕਾਂ ਨੇ ਇਲਾਜ ਕਰਵਾਇਆ ਹੈ ਜੋ ਕਿ ਸਰਕਾਰੀ ਸਿਹਤ ਸੇਵਾਵਾਂ ਪ੍ਰਤੀ ਵਧੇ ਭਰੋਸੇ ਦਾ ਸੰਕੇਤ ਹੈ।
ਸਮਾਗਮ ਨੂੰ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਵਿਕਾਸ ਗਰਗ ਅਤੇ ਡਾਇਰੈਕਟਰ ਡਾ. ਐਚ. ਐਸ ਬਾਲੀ, ਸਮਾਜਿਕ ਸੁਰੱਖਿਆ ਵਿਭਾਗ ਦੇ ਡਾਇਰੈਕਟਰ ਸ. ਗੁਰਲਵਲੀਨ ਸਿੰਘ ਸੰਧੂ, ਸੀ. ਜੇ. ਐਮ ਮੈਡਮ ਗਿਰੀਸ਼ ਬਾਂਸਲ ਅਤੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਸ਼ਿਆਂ ਖਿਲਾਫ਼ ਜਾਗਰੂਕ ਕਰਦੇ ਨਾਟਕ ‘ਸਿਖਰ ਦੁਪਹਿਰੇ ਰਾਤ’ ਦਾ ਬਾਖੂਬੀ ਮੰਚਨ ਕੀਤਾ ਗਿਆ। ਇਸ ਤੋਂ ਇਲਾਵਾ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਰਾਹੀਂ ਨਸ਼ਿਆਂ ਦਾ ਤਿਆਗ ਕਰ ਚੁੱਕੇ ਨੌਜਵਾਨਾਂ ਵੱਲੋਂ ਆਪਣੀ ਹੱਡਬੀਤੀ ਵੀ ਸੁਣਾਈ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰ ਪਾਲ ਸਿੰਘ ਸੰਧੂ, ਐਸ. ਡੀ. ਐਮ ਸ੍ਰੀ ਰਾਜੇਸ਼ ਸ਼ਰਮਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਟਿੱਕਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਜੇਸ਼ ਹਨੀ, ਚੇਅਰਮੈਨ ਪੰਜਾਬ ਰਾਜ ਪ੍ਰਵਾਸੀ ਭਲਾਈ ਬੋਰਡ ਸ੍ਰੀ ਆਰ. ਸੀ ਯਾਦਵ ਅਤੇ ਮੈਂਬਰ ਸ੍ਰੀ ਮਹੇਸ਼ ਵਰਮਾ, ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ. ਐਨ. ਐਸ ਪੰਨੂੰ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਬੀ. ਐਸ ਬੱਲ, ਸੀ. ਐਮ. ਸੀ ਡਾ. ਪ੍ਰਭਜੋਤ ਕੌਰ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply