Friday, July 5, 2024

ਤਿੰਨ ਦਿਨਾ ‘ਬਾਲ ਫ਼ਿਲਮ ਮਿਲਣੀ’ ਦਾ ਸਫ਼ਲ ਆਯੋਜਨ

PPN2806201601ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ‘ਗਿਆਨ ਪ੍ਰਸਾਰ ਸਮਾਜ’ (ਇਕਾਈ – ਬਠਿੰਡਾ) ਵੱਲੋਂ ‘ਤਿੰਨ ਰੋਜ਼ਾ ਬਾਲ ਫ਼ਿਲਮ ਮਿਲਣੀ’ ਦਾ ਆਯੋਜਿਨ ਕੀਤਾ ਗਿਆ।ਇਸ ਫ਼ਿਲਮ ਮਿਲਣੀ ਵਿੱਚ ਬਠਿੰਡਾ ਇਲਾਕੇ ਦੇ 50 ਦੇ ਕਰੀਬ ਵਿਦਿਆਰਥੀਆਂ/ਬੱਚਿਆਂ ਨੇ ਭਾਗ ਲਿਆ। ਪਹਿਲੇ ਦਿਨ ਫ਼ਿਲਮ ਮਿਲਣੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪ੍ਰੋ. ਕੁਲਦੀਪ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ‘ਗਿਆਨ ਪ੍ਰਸਾਰ ਸਮਾਜ’ ਦੀ ਸਥਾਪਤੀ ਤੇ ਇਸਦੇ ਉਦੇਸ਼ਾਂ ਬਾਰੇ ਦੱਸਿਆ। ਪ੍ਰੋ. ਕੁਲਦੀਪ ਨੇ ਦੱਸਿਆ ਕਿ ਭਾਰਤੀ ਸਮਾਜ ਵਿੱਚ ਪਾਈਆਂ ਜਾਂਦੀਆਂ ਸੱਭਿਆਚਾਰਕ ਪੱਧਰ ਦੀਆਂ ਅਲਾਮਤਾਂ ਜਿਵੇਂ ਅਗਿਆਨਤਾ, ਅਣਪੜ੍ਹਤਾ, ਕੁਤਰਕਤਾ, ਔਰਤ ਵਿਰੋਧੀ ਮਾਨਸਿਕਤਾ, ਜਾਤੀ-ਪਾਤੀ ਮਾਨਸਿਕਤਾ, ਧਾਰਮਿਕ ਕੱਟੜਤਾ ਅਤੇ ਮੱਧਯੁਗੀ ਗ਼ੈਰ-ਜਮਹੂਰੀ ਪ੍ਰਵ੍ਰਿਤੀਆਂ ਦੇ ਵਿਰੁੱਧ ਇੱਕਜੁੱਟ ਹੋ ਕੇ ਸ਼ੰਘਰਸ਼ ਕਰਨ ਅਤੇ ਇਹਨਾਂ ਅਲਾਮਤਾਂ ਖ਼ਿਲਾਫ਼ ਵਿਗਿਆਨਕ ਸੋਚ ਤੇ ਵਿਗਿਆਨਕ ਜੀਵਨ ਜਾਂਚ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਉਦੇਸ਼ ਨਾਲ਼ ‘ਗਿਆਨ ਪ੍ਰਸਾਰ ਸਮਾਜ’ ਦੀ ਸਥਾਪਨਾ ਕੀਤੀ ਗਈ ਸੀ। ਜਿਸਦੇ ਤਹਿਤ ‘ਗਿਆਨ ਪ੍ਰਸਾਰ ਸਮਾਜ’ ਸਮਾਜ ਦੇ ਸੰਵੇਦਨਸ਼ੀਲ ਲੋਕਾਂ ਦੇ ਸਹਿਯੋਗ ਨਾਲ਼ ਆਪਣੀ ਸਥਾਪਨਾ (ਲਗਪਗ ਢਾਈ ਸਾਲ ਪਹਿਲਾਂ) ਸਮੇਂ ਤੋਂ ਹੀ ਉਪਰੋਕਤ ਅਲਾਮਤਾਂ ਦੇ ਖ਼ਿਲਾਫ਼ ਲਗਾਤਾਰ ਪ੍ਰਚਾਰ ਤੇ ਪ੍ਰਸਾਰ ਦਾ ਕੰਮ ਕਰ ਰਿਹਾ ਹੈ। ਇਸਦੇ ਲਈ ਉਹ ਧਾਰਮਿਕ ਕੱਟੜਤਾ ਖ਼ਿਲਾਫ਼, ਔਰਤ ਵਿਰੋਧੀ ਤੇ ਜਾਤੀ-ਪਾਤੀ ਮਾਨਸਿਕਤਾ ਖ਼ਿਲਾਫ਼, ਗ਼ੈਰ-ਜਮਹੂਰੀ ਕਦਰਾਂ-ਕੀਮਤਾਂ ਵਿਰੁੱਧ ਲਗਾਤਾਰ ਫ਼ਿਲਮਾਂ ਸ਼ੋਆਂ, ਗੋਸ਼ਟੀਆਂ, ਸੈਮੀਨਾਰਾਂ, ਪੁਸਤਕ ਪ੍ਰਦਰਸ਼ਨੀਆਂ ਆਦਿ ਰਾਹੀਂ ਸੰਘਰਸ਼ ਕਰ ਰਿਹਾ ਹੈ। ਤਾਂ ਜੋ ਸੱਭਿਆਚਾਰਕ ਗੰਧਲੇਪਣ ਦੇ ਇਸ ਮਾਹੌਲ ਵਿੱਚ ਨੌਜਵਾਨ ਪੀੜ੍ਹੀ ਨੂੰ ਉਸਾਰੂ ਤੇ ਸਿਹਤਮੰਦ ਕਦਰਾਂ ਕੀਮਤਾਂ ਦਿੱਤੀਆਂ ਜਾ ਸਕਣ।     ਇਸ ‘ਤਿੰਨ ਰੋਜ਼ਾ ਬਾਲ ਫ਼ਿਲਮ ਮਿਲਣੀ’ ਬਾਰੇ ਬੋਲਦਿਆਂ ਉਹਨਾਂ ਦੱਸਿਆ ਕਿ ਇਸਦਾ ਉਦੇਸ਼ ਫ਼ਿਲਮਾਂ, ਟੀ.ਵੀ. ਸੀਰੀਅਲਾਂ ਤੇ ਕਾਰਟੂਨਾਂ ਰਾਹੀਂ ਨੌਜਵਾਨਾਂ ਤੇ ਬੱਚਿਆਂ ਨੂੰ ਪਰੋਸੇ ਜਾ ਰਹੇ ਘਟਿਆ, ਨੰਗੇਜ਼ਵਾਦੀ, ਲੱਚਰ, ਅਸ਼ਲੀਲ, ਅਸੰਵੇਦਨਸ਼ੀਲ, ਔਰਤ-ਵਿਰੋਧੀ, ਹਿੰਸਕ ਤੇ ਕਾਮੁਕ ਸੱਭਿਆਚਾਰ ਰਾਹੀਂ ਨੌਜਵਾਨਾਂ ਤੇ ਬੱਚਿਆਂ ਦੀ ਸੋਚ ਨੂੰ ਲਗਾਤਾਰ ਗੰਧਲਾ ਤੇ ਖੁੰਢਾ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਖੁਦਗ਼ਰਜ਼, ਸੰਵੇਦਨਾ-ਵਿਹੂਣੇ ਅਤੇ ਅਣਮਨੁੱਖੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਜਿਸਦੇ ਤਹਿਤ ਉਹਨਾਂ ਵਿੱਚੋਂ ਬਾਕੀ ਬਚਿਆ ਹਰ ਇਨਸਾਨੀ ਜ਼ਜ਼ਬਾ ਤੇ ਭਾਵਨਾ ਨੂੰ ਉਹਨਾਂ ਤੋਂ ਖੋਹਿਆ ਜਾ ਰਿਹਾ ਹੈ। ਫ਼ਿਲਮਾਂ, ਟੀ.ਵੀ. ਸੀਰੀਅਲ ਤੇ ਕਾਰਟੂਨ ਚੈਨਲ ਆਦਿ ਬਹੁਤ ਬਰੀਕੀ ਨਾਲ਼ ਆਪਣਾ ਕੰਮ ਕਰ ਰਹੇ ਹਨ ਅਤੇ ਇਹਨਾਂ ਦਾ ਅਸਰ ਵੀ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਨੌਜਵਾਨ ਗੈਂਗਵਾਰਾਂ ਵਿੱਚ ਸ਼ਾਮਲ ਹੋ ਰਹੇ ਹਨ, ਨਸ਼ਿਆਂ ਵਿੱਚ ਫਸ ਰਹੇ ਹਨ ਅਤੇ ਔਰਤਾਂ ਹੀ ਨਹੀਂ ਛੋਟੀਆਂ-ਛੋਟੀਆਂ ਬੱਚੀਆਂ ਨਾਲ਼ ਛੇੜ-ਛਾੜ ਤੇ ਬਲਾਤਕਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸਦੇ ਬਦਲ ਵਿੱਚ ਜੇਕਰ ਅਸੀਂ ਅਜੋਕੀ ਪੀੜ੍ਹੀ ਨੂੰ ਸਿਹਤਮੰਦ ਤੇ ਊਸਾਰੂ ਕਦਰਾਂ-ਕੀਮਤਾਂ ਨਹੀਂ ਦੇਵਾਂਗੇ ਤਾਂ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ। ਇਸ ਕਰਕੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੇ ‘ਗਿਆਨ ਪ੍ਰਸਾਰ ਸਮਾਜ’ ਦੇ ਯਤਨਾਂ ਵਿੱਚੋਂ ਇਹ ਇੱਕ ਨਿੱਕਾ ਜਿਹਾ ਉਪਰਾਲਾ ਸੀ ਜਿਸ ਵਿੱਚ ਅਖੌਤੀ ਫ਼ਿਲਮਾਂ ਤੋਂ ਹਟ ਕੇ ਬੱਚਿਆਂ ਤੇ ਨੌਜਵਾਨਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਸਬੰਧਿਤ ਤੇ ਗਿਆਨਵਰਧਕ ਫ਼ਿਲਮਾਂ ਦਿਖਾਈਆਂ ਗਈਆਂ ਜੋ ਉਹਨਾਂ ਨੂੰ ਸੋਚਣ-ਵਿਚਾਰਣ ਲਾਉਂਦੀਆਂ ਤੇ ਸੰਵੇਦਨਸ਼ੀਲ ਬਣਾਉਣਦੀਆਂ ਹਨ। ਇਸ ਫ਼ਿਲਮ ਮਿਲਣੀ ਵਿੱਚ ‘ਮੌਡਰਨ ਟਾਇਮਜ਼’, ‘ਹਾਥੀ ਕਾ ਅੰਡਾ’, ਸੱਤਿਆਜੀਤ ਰੇਅ ਦੀ ਫ਼ਿਲਮ ‘ਟੂ’, ‘ਲਿਲਕੀ’, ‘ਰੈੱਡ ਬੈਲੂਨ’, ‘ਬਟਰਫਲਾਈ’ ਆਦਿ ਸਮੇਤ 10 ਫ਼ਿਲਮਾਂ ਦਿਖਾਈਆਂ ਗਈਆਂ। ਸਾਰੀਆਂ ਹੀ ਫ਼ਿਲਮਾਂ ਬੱਚਿਆਂ ਨੂੰ ਪ੍ਰੇਰਿਤ ਕਰਨ ਤੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਨ ਵਾਲ਼ੀਆਂ ਸਨ। ਕਿਉਂਕਿ ਕਲਾ ਦੇ ਕੁੱਲ ਉਦੇਸ਼ਾਂ ਵਿੱਚੋਂ ਇੱਕ ਉਦੇਸ਼ ਸਿੱਖਿਆਤ ਕਰਨਾ ਤੇ ਗਿਆਨ ਦੇਣਾ ਵੀ ਹੁੰਦਾ ਹੈ।
ਵਿਦਿਆਰਥੀਆਂ/ਬੱਚਿਆਂ ਨੇ ਇਹਨਾਂ ਫ਼ਿਲਮਾਂ ਵਿੱਚ ਭਰਪੂਰ ਤੇ ਡੂੰਘੀ ਦਿਲਚਸਪੀ ਦਿਖਾਈ। ਹਰ ਫ਼ਿਲਮ ਤੋਂ ਬਾਅਦ ਵਿਦਿਆਰਥੀਆਂ/ਬੱਚਿਆਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਬੱਚਿਆਂ ਦੇ ਵਿਚਾਰ ਹੈਰਾਨੀਜਨਕ ਸਨ। ਉਹਨਾਂ ਨੇ ਫ਼ਿਲਮਾਂ ਦਾ ਠੀਕ-ਠੀਕ ਵਿਸ਼ਲੇਸ਼ਣ ਵੀ ਕੀਤਾ। ਬੱਚਿਆਂ ਦੀ ਇਸ ਯੋਗਤਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜੇਕਰ ਇਹਨਾਂ ਬੱਚਿਆਂ ਨੂੰ ਅਜਿਹੀਆਂ ਸਿਹਤਮੰਦ ਕਦਰਾਂ-ਕੀਮਤਾਂ ਦਿੱਤੀਆਂ ਜਾਣ ਤਾਂ ਸਾਡਾ ਭਵਿੱਖ ਬਹੁਤ ਸਾਜ਼ਗਾਰ ਹੋ ਸਕਦਾ ਹੈ।’ਜਨ-ਚੇਤਨਾ’ ਵੱਲੋਂ ਪੁਸਤਕ-ਪ੍ਰਦਰਸ਼ਨੀ ਵੀ ਲਾਈ ਗਈ ਤਾਂ ਜੋ ਬੱਚਿਆਂ ਨੂੰ ਚੰਗੀਆਂ ਫ਼ਿਲਮਾਂ ਦੇ ਨਾਲ਼-ਨਾਲ਼ ਉਸਾਰੂ ਸਾਹਿਤ ਨਾਲ਼ ਵੀ ਜੋੜਿਆ ਜਾਵੇ। ਬੱਚਿਆਂ ਨੇ ਪੁਸਤਕਾਂ ਖਰੀਦਣ ਵਿੱਚ ਪੂਰੀ ਰੁਚੀ ਦਿਖਾਈ। ਸਟੇਕ ਸੈਕਟਰੀ ਦੀ ਜਿੰਮੇਵਾਰੀ ਮੈਡਮ ਦਿਲਜੀਤ ਨੇ ਨਿਭਾਈ। ਉਸ ਤੋਂ ਬਿਨਾਂ ਪ੍ਰੋ. ਕੁਲਦੀਪ, ਡਾ. ਅਵਤਾਰ, ਡਾ. ਜਸ਼ਨ, ਡਾ. ਸੁਮੀਰ, ਹਰਜਿੰਦਰ, ਅਵਤਾਰ ਅਰਸ਼, ਮਾਸਟਰ ਜਸਵੀਰ ਭਾਗੀ ਵਾਂਦਰ, ਆਰਟਿਸਟ ਹਰਮਨ (ਆਰਟ ਸਕੂਲ ਦਿੱਲੀ), ਸੁਖਵਿੰਦਰ ਆਦਿ ‘ਗਿਆਨ ਪ੍ਰਸਾਰ ਸਮਾਜ’ (ਇਕਾਈ ਬਠਿੰਡਾ) ਦੇ ਸਾਰੇ ਵਲੰਟੀਅਰ ਸ਼ਾਮਲ ਸਨ। ਅਖੀਰਲੇ ਦਿਨ ਡਾ. ਅਵਤਾਰ ਨੇ ਆਏ ਹੋਏ ਸਾਰੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ।ਭਵਿੱਖ ਵਿੱਚ ਅਜਿਹੇ ਉਸਾਰੂ ਤੇ ਬੱਚਿਆਂ ਲਈ ਸਿਹਤਮੰਦ ਪ੍ਰੋਗਰਾਮ ਕਰਦੇ ਰਹਿਣ ਦੇ ਅਹਿਦ ਨਾਲ਼ ਇਹ ਫ਼ਿਲਮ ਮਿਲਣੀ ਸਮਾਪਤ ਹੋਈ। ਬੱਚਿਆਂ ਨੂੰ ਇਹ ਉਪਰਾਲਾ ਬਹੁਤ ਪਸੰਦ ਆਇਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply