Monday, July 8, 2024

ਪੰਜਾਬ ਵਿੱਚ ਸੱਤਾ ਦੇ ਸੁਪਨੇ ਛੱਡ ਦੇਵੇ ਕੇਜਰੀਵਾਲ- ਬਿਕਰਮ ਮਜੀਠੀਆ

ਕਿਹਾ ‘ਆਪ’ ਆਗੂ ਅਪਰਾਧਿਕ ਮਾਣਹਾਨੀ ਦੇ ਮਾਮਲੇ ਵਿੱਚ ਤਿੰਨ ਮਹੀਨਿਆਂ ‘ਚ ਹੋਵੇਗਾ ਸਲਾਖਾਂ ਪਿੱਛੇ

Bikram Singh Majithia

ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਹੈ ਕਿ ਉਹ ਇਹ ਹਵਾਈ ਮਹਿਲ ਬਣਾਉਣਾ ਛੱਡ ਦੇਵੇ ਕਿ ਜੇਕਰ ਉਸ ਨੂੰ ਪੰਜਾਬ ਵਿਚ ਸੱਤਾ ਹਾਸਲ ਹੋ ਗਈ ਤਾਂ ਉਹ ਦੂਜਿਆਂ ਖਿਲਾਫ ਕੀ-ਕੀ ਕਾਰਵਾਈਆਂ ਕਰੇਗਾ ਬਲਕਿ ਅਜਿਹੇ ਸੁਪਨੇ ਲੈਣ ਦੀ ਥਾਂ ਕੇਜਰੀਵਾਲ ਖੁਦ ਦੀ ਚਿੰਤਾ ਕਰੇ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿਚ ਝੂਠ ਅਤੇ ਧੋਖੇ ਦੇ ਸਿਰ ‘ਤੇ ਰਾਜ ਕਰਨ ਵਾਲੇ ਕੇਜਰੀਵਾਲ ਦੇ ਦਿੱਲੀ ਵਿਚ ਵੀ ਗਿਣਤੀ ਦੇ ਹੀ ਦਿਨ ਰਹਿ ਗਏ ਹਨ ਕਿਉਂ ਕਿ ਉਸ ਦੀ ਸਰਕਾਰ ਵਿਚੋਂ ਰੋਜ਼ਾਨਾ ਕੋਈ ਨਾ ਕੋਈ ਵਿਧਾਇਕ ਬਾਹਰ ਜਾ ਰਿਹਾ ਹੈ। ਸ. ਮਜੀਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਵਿਧਾਇਕ ਬਾਹਰ ਹੁੰਦੇ ਜਾ ਰਹੇ ਹਨ ਉਸ ਹਿਸਾਬ ਨਾਲ ਤਾਂ ਕੇਜਰੀਵਾਲ ਨੇ ਤਿੰਨ ਮਹੀਨੇ ਬਾਅਦ ਦਿੱਲੀ ਦਾ ਮੁੱਖ ਮੰਤਰੀ ਵੀ ਨਹੀਂ ਰਹਿਣਾ ਅਤੇ ਉਂਝ ਵੀ ਦਿੱਲੀ ਦੇ ਲੋਕ ਕੇਜਰੀਵਾਲ ਤੋਂ ਅੱਕੇ ਤੇ ਦੁਖੀ ਹੋਏ ਪਏ ਹਨ।
ਇੱਥੋਂ ਜਾਰੀ ਇਕ ਬਿਆਨ ਵਿਚ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਧਮਕੀ ਭਰੀ ਭਾਸ਼ਾ ਵਰਤਣ ਅਤੇ ਚੁਣੌਤੀਆਂ ਦੇਣ ਦੀ ਆਦਤ ਹੈ ਅਤੇ ਉਹ ਹੁਣ ਕੇਜਰੀਵਾਲ ਨੂੰ ਚੁਣੌਤੀ ਦਿੰਦੇ ਹਨ ਕਿ ਕੇਜਰੀਵਾਲ ਤਿੰਨ ਮਹੀਨਿਆਂ ਬਾਅਦ ਸਲਾਖਾਂ ਪਿੱਛੇ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਨੂੰ ਅਪਰਾਧਿਕ ਮਾਣਹਾਨੀ ਦੇ ਮਾਮਲੇ ਵਿਚ ਰੋਜ਼ਾਨਾ ਸੁਣਵਾਈ ਦੀ ਚੁਣੌਤੀ ਦਿੰਦਾ ਹਾਂ ਅਤੇ ਉਹ ਤਿੰਨ ਮਹੀਨੇ ਵਿਚ ਜੇਲ੍ਹ ਵਿੱਚ ਹੋਵੇਗਾ। ਮਜੀਠੀਆ ਨੇ ਕਿਹਾ ਕਿ ਜੇ ਕੇਜਰੀਵਾਲ ਵਿਚ ਹਿੰਮਤ ਹੈ ਤਾਂ ਉਹ ਚੁਣੌਤੀ ਸਵੀਕਾਰ ਕਰੇ ਅਤੇ ਇਸ ਮਾਮਲੇ ਨੂੰ 2017 ਦੀਆਂ ਚੋਣਾਂ ਤੋਂ ਪਹਿਲਾਂ ਨਿਬੇੜ ਲਵੇ ਕਿਉਂ ਕਿ ਕੇਜਰੀਵਾਲ ਕਾਲਪਨਿਕ ਦੁਨੀਆਂ ਵਿਚ ਰਹਿ ਰਿਹਾ ਹੈ ਅਤੇ ਸੋਚ ਰਿਹਾ ਹੈ ਕਿ ਸ਼ਾਇਦ ਉਹ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਇਹ ਨਹੀਂ ਚਾਹੁੰਣਗੇ ਕਿ ਕੇਜਰੀਵਾਲ ਵਰਗਾ ਬੰਦਾ ਉਨ੍ਹਾਂ ‘ਤੇ ਰਾਜ ਕਰੇ।
ਸ. ਮਜੀਠੀਆ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕੇਜਰੀਵਾਲ ਕਦੇ ਵੀ ਉਨ੍ਹਾਂ ਦੀ ਸਲਾਹ ਨਹੀਂ ਮੰਨੇਗਾ ਕਿਉਂ ਕਿ ਉਸ ਵਿਚ ਸੱਚਾਈ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ ਅਤੇ ਉਹ ਹਮੇਸ਼ਾ ਸੱਚ ਤੋਂ ਦੂਰ ਭੱਜਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਭਾਵੇਂ ਕੋਈ ਹੱਥਕੰਢੇ ਅਪਣਾ ਲਵੇ ਪਰ ਜਦੋਂ ਤੱਕ ਗਿਰਗਿਟ ਵਾਂਗ ਰੰਗ ਬਦਲਣ ਵਰਗੇ ਉਸ ਬੰਦੇ ਨੂੰ ਸਲਾਖਾਂ ਪਿੱਛੇ ਨਹੀਂ ਪਹੁੰਚਾ ਦਿੱਤਾ ਜਾਂਦਾ ਉਹ (ਮਜੀਠੀਆ) ਆਰਾਮ ਨਾਲ ਨਹੀਂ ਬੈਠਣਗੇ। ਅਕਾਲੀ ਆਗੂ ਨੇ ਕਿਹਾ ਕਿ ਹਰਿਆਣਵੀ ਕੇਜਰੀਵਾਲ ਅਤੇ ਬਾਹਰਲੇ ਸੂਬਿਆਂ ਬਿਹਾਰ ਤੇ ਯੂ.ਪੀ. ਦੇ ਉਸਦੇ ਜੋਟੀਦਾਰਾਂ ਨੂੰ ਉਹ ਪਹਿਲਾਂ ਹੀ ਭਜਾ ਚੁੱਕੇ ਹਨ ਪਰ ਇਹ ਭਗੌੜੇ ਕਾਨੂੰਨ ਦੇ ਹੱਥੋਂ ਨਹੀਂ ਬਚ ਸਕਣਗੇ ਅਤੇ ਇਨ੍ਹਾਂ ਸਾਰਿਆਂ ਦੀ ਅੰਤਿਮ ਮੰਜ਼ਿਲ ਮਾਣਹਾਨੀ ਦੇ ਮਾਮਲੇ ਤਹਿਤ ਜੇਲ੍ਹ ਹੀ ਹੋਵੇਗੀ।
ਸ. ਮਜੀਠੀਆ ਨੇ ਆਪ ਆਗੂ ਨੂੰ ਕਿਹਾ ਕਿ ਉਹ ਆਪਣੇ ਹੰਕਾਰੀ ਬਿਆਨਾਂ ਰਾਹੀਂ ਪੰਜਾਬ ਦੇ ਸਮਝਦਾਰ ਤੇ ਮਾਣਮੱਤੇ ਪੰਜਾਬੀਆਂ ਦੀ ਬੇਇੱਜ਼ਤੀ ਨਾ ਕਰੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਸੱਤਾ ਹਾਸਲ ਕਰਨ ਦੇ ਸੁਪਨੇ ਤਾਂ ਵੇਖ ਰਿਹਾ ਹੈ ਪਰ ਪੰਜਾਬ ਦੇ ਕਿਸਾਨਾਂ ਨਾਲ ਐਸਵਾਈਐਲ ਮਾਮਲੇ ‘ਤੇ ਧੋਖਾ ਕਰਨ ਅਤੇ ਪਿੱਠ ਵਿਚ ਛੁਰਾ ਮਾਰਨ ਦੇ ਮਾਮਲੇ ‘ਤੇ ਉਸ ਨੇ ਹਾਲੇ ਤੱਕ ਮੁਆਫੀ ਨਹੀਂ ਮੰਗੀ। ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਦੇ ਇਕ ਵਿਧਾਇਕ ਨੇ ਪਿਛਲੇ ਦਿਨਾਂ ਵਿਚ ਮਾਲੇਰਕੋਟਲਾ ਵਿੱਚ ਫਿਰਕੂ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਜ ਵੀ ਜਦੋਂ ਕੇਜਰੀਵਾਲ ਪੰਜਾਬ ਦੇ ਨੌਜਵਾਨਾਂ ਨੂੰ ਮਿਲਣ ਆਇਆ ਤਾਂ ਉਸ ਨੇ ਬਾਹਰਲੇ ਲੋਕਾਂ ਦੀ ਮਦਦ ਨਾਲ ਭੀੜ ਜੁਟਾਉਣ ਦੀ ਕੋਸ਼ਿਸ਼ ਕੀਤੀ ਕਿਉਂ ਕਿ ਉਸ ਨੂੰ ਪਤਾ ਸੀ ਕਿ ਮਾਝੇ ਦੇ ਨੌਜਵਾਨਾਂ ਵੱਲੋਂ ਉਸ ਨੂੰ ਕਿਸੇ ਪ੍ਰਕਾਰ ਦਾ ਸਮੱਰਥਨ ਨਹੀਂ ਮਿਲਣਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply