Monday, July 8, 2024

ਵਿਦੇਸ਼ੀ ਨੌਜਵਾਨਾਂ ਦੇ ਬੁੱਢੇ ਮਾਪਿਆਂ ਦੀ ਦੁੱਖਭਰੀ ਗਾਥਾ ਬਿਆਨ ਕਰ ਗਿਆ ਨਾਟਕ ‘ਤਰਕਾਲਾਂ”’

PPN0307201613

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ) – ਸਥਾਨਕ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵਲੌਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ, ਸ੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਅੱਜ ਤੀਜੇ ਦਿਨ ਪੇਸ਼ ਕੀਤਾ ਨਾਟਕ ਉਤਰਕਾਲਾਂ” ਵਿਦੇਸ਼ੀਂ ਵਸਦੇ ਨੌਜਵਾਨਾਂ ਦੇ ਪਿੱਛੇ ਇਕਲਾਪਾ ਹੰਢਾ ਰਹੇ ਬਜੁੱਰਗ ਮਾਪਿਆ ਦੀ ਦੁੱਖਭਰੀ ਗਾਥਾ ਬਿਆਨ ਕਰ ਗਿਆ। ਮਰਾਠੀ ਨਾਟਕਕਾਰ ਸ੍ਰੀ ਜੈਵੰਤ ਦਲਵੀ ਦੇ ਇਸ ਨਾਟਕ ਨੂੰ ਪੰਜਾਬੀ ਰੂਪ ਤੇ ਨਿਰਦੇਸ਼ਨ ਸ੍ਰੋਮਣੀ ਨਾਟਕਾਰ ਸ੍ਰੀ ਕੇਵਲ ਧਾਲੀਵਾਲ ਵਲੋਂ ਦਿਤਾ ਗਿਆ।ਇਸ ਨਾਟਕ ਵਿੱਚ ਕਲਾਤਮਕ ਢੰਗ ਨਾਲ ਇਹ ਬਾਖੂਬੀ ਦਰਸਾਇਆ ਗਿਆ ਕਿ ਸਾਡੇ ਨੌਜਵਾਨ ਰੋਜ਼ੀ-ਰੋਟੀ ਲਈ ਵਿਦੇਸ਼ੀਂ ਉਡਾਰੀਆਂ ਮਾਰ ਰਹੇ ਹਨ ਅਤੇ ਫੇਰ ਉਥੇ ਹੀ ਸੈਟਲ ਹੋਈ ਜਾ ਰਹੇ ਹਨ।ਪਰ ਪਿਛੇ ਰਹਿੰਦੇ ਬੁੱਢੇ ਮਾਪੇ ਆਪਣੇ ਬੱਚਿਆਂ ਦੀ ਇਕ ਝਲਕ ਦੇਖਣ ਨੂੰ ਤਰਸ ਰਹੇ ਹਨ ਤੇ ਇਕਲਾਪੇ ਦਾ ਦਰਦ ਹੰਢਾ ਰਹੇ ਹਨ।ਨਾਟਕ ਜਿੰਦਗੀ ਚ’ ਬੇਵਕਤ ਆਈਆਂ ਤਰਕਾਲਾਂ ਦੀ ਗੱਲ ਕਰਦਾ ਹੈ।ਜਦੋਂ ਜਿੰਦਗੀ ਵਿੱਚ ਤੜਕਸਾਰ ਹੀ ਤਰਕਾਲਾਂ ਹੋ ਜਾਣ, ਕਿਥੇ ਤਾਂ ਜ਼ਿੰਦਗੀ ਨੇਂ ਸਮੇਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਸੀ ,ਤੇ ਕਿਥੇ ਜ਼ਿੰਦਗੀ ਅੱਜ ਇਕੱਲਤਾ ਦੇ ਸਹਾਰੇ ਰਿੜਣ ਲਈ ਮਜਬੂਰ ਹੈ।ਸ਼ਾਇਦ ਇਹਨਾਂ ਸਵਾਲਾਂ ਦੇ ਜਵਾਬ ਮਿੱਲ ਜਾਣ ਜੇ ਅਸੀਂ ਆਪਣੇ ਬੁੱਢੇ ਮਾਂ-ਬਾਪ ,ਦਾਦਾ ਦਾਦੀ ਦੇ ਭਵਿੱਖ ਬਾਰੇ ਵੀ ਸੋਚੀਏ।ਸੋਚਣ ਲਈ ਵੀ ਸਮੇਂ ਦੀ ਲੋੜ ਹੈ।ਤੇ ਸੱਭ ਤੋਂ ਵੱਡਾ ਸਵਾਲ ਇਹ ਬਣ ਜਾਂਦਾਂ ਹੈ ਕਿ ਕੀ ਸਾਡੇ ਕੋਲ ਸਮਾਂ ਹੈ ਜਾਂ ਨਹੀਂ?ਜੇ ਨਹੀਂ ਤਾਂ ਇਹਨਾਂ ਸਵਾਲਾਂ ਨੂੰ ਜ਼ਿੰਦਗੀ ਦੀਆਂ ਤਰਕਾਲਾਂ ਸਹਾਰੇ ਨਹੀਂ ਛੱਡਿਆ ਜਾ ਸਕਦਾ।ਨਾਟਕ ਵਿੱਚ ਇਕਲਾਪੇ ਦਾ ਦਰਦ ਹੰਢਾ ਰਹੇ ਬੁੱਢੇ ਮਾਂ ਪਿਉ ਦਾ ਕਿਰਦਾਰ ਸ਼੍ਰੋਮਣੀ ਅਦਾਕਾਰਾ ਜਤਿੰਦਰ ਕੌਰ ਤੇ ਸੀਨੀਅਰ ਅਦਾਕਾਰ ਜਸਵੰਤ ਸਿੰਘ ਜੱਸ ਨੇ ਇਸ ਕਦਰ ਸ਼ਿੱਦਤ ਨਾਲ ਨਿਭਾਏ ਕਿ ਦਰਸ਼ਕਾਂ ਦੀਆਂ ਅੱਖਾਂ ਕਈ ਵਾਰ ਛਲਕੀਆਂ।ਨਾਟਕ ਵਿੱਚ ,ਗੁਰਤੇਜ ਮਾਨ,ਪਾਵੇਲ ਸੰਧੂ, ਜਤਿੰਦਰ ਸੋਨੂੰ,ਰਮਨ ਨਾਗੀ ਅਤੇ ਅਮਨਪ੍ਰੀਤ ਕੌਰ ਦੀਆਂ ਭੂਮਿਕਾਵਾਂ ਵੀ ਸਰਾਹੁਣਯੋਗ ਰਹੀਆਂ।ਨਾਟਕ ਦੇ ਰੌਸ਼ਨੀ ਪ੍ਰਭਾਵ ਤੇ ਸੈਟ ਵੀ ਸੋਨੇ ਤੇ ਸੁਹਾਗਾ ਹੋ ਨਿਭੜੇ।
ਆਠਰਵੇਂ ਪੰਜਾਬੀ ਰੰਗਮੰਚ ਉਤਸਵ ਦੇ ਡਾਇਰੈਕਟਰ ਸ੍ਰੀ ਕੇਵਲ ਧਾਲੀਵਾਲ ਨੇ ਦੱਸਿਆ ਕਿ ਚਾਰ ਜੁਲਾਈ ਨੂੰ ਡਾ:ਸਵਰਾਜਬੀਰ ਦੀ ਕਲਮ ਤੋਂ ਉਇਹ ਗੱਲਾਂ ਕਦੀਂ ਫੇਰ ਕਰਾਗੇਂ”(ਪੰਜ ਸੋਲੋ ਨਾਟਕਾਂ) ਦੀ ਪੇਸ਼ਕਾਰੀ ਸ਼ਾਮ 6:30 ਵਜੇ ਵਿਰਸਾ ਵਿਹਾਰ ਵਿਖੇ ਕੇਵਲ ਧਾਲੀਵਾਲ ਦੀ ਨਿਰਦਸ਼ਕਾਂ ਹੇਠ ਹੋਵੇਗੀ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply