Monday, July 8, 2024

’ਆਪਣਾ ਟੈਕਸ’ ਸਕੀਮ ਨਾਲ ਖੱਪਤਕਾਰ ਬਣਨਗੇ ਪੰਜਾਬ ਦੀ ਉੱਨਤੀ ‘ਚ ਭਾਈਵਾਲ- ਅਮਨਦੀਪ ਕੌਰ

PPN1807201611

ਅੰਮ੍ਰਿਤਸਰ, 18 ਜੁਲਾਈ (ਜਗਦੀਪ ਸਿੰਘ ਸੱਗੂ)- ਸਰਕਾਰ ਵੱਲੋਂ ਨਵੀਂ ਸ਼ੁਰੂ ਕੀਤੀ ਗਈ ‘ਆਪਣਾ ਟੈਕਸ’ ਸਕੀਮ ਨਾਲ ਹੁਣ ਰਿਟੇਲ ਖ਼ਪਤਕਾਰ ਪੰਜਾਬ ਦੀ ਉੱਨਤੀ ਵਿਚ ਭਾਗੀਦਾਰ ਬਣ ਸਕਦੇ ਹਨ। ਇਹ ਪ੍ਰਗਟਾਵਾ ਸਹਾਇਕ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ ਨੇ ਅੱਜ ਜ਼ਿਲ੍ਹਾ ਆਬਕਾਰੀ ਤੇ ਕਰ ਸਲਾਹਕਾਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਖਪਤਕਾਰ ਆਪਣੇ ਬਿੱਲ ਦੀ ਵੈਲਿਊ ਤੋਂ ਪੰਜ ਗੁਣਾ ਪਰੰਤੂ ਵੱਧ ਤੋਂ ਵੱਧ 50 ਹਜ਼ਾਰ ਰੁਪਏ ਤੱਕ ਦੇ ਇਨਾਮ ਜਿੱਤ ਸਕਣਗੇ ਅਤੇ ਹਰੇਕ ਮਹੀਨੇ ਦੀ 15 ਤਰੀਕ ਨੂੰ ਡਰਾਅ ਕੱਢਿਆ ਜਾਵੇਗਾ ਅਤੇ ਮਹੀਨੇ ਦੀ ਪਹਿਲੀ ਤਰੀਕ ਤੋਂ ਲੈ ਕੇ ਆਖ਼ਰੀ ਤਰੀਕ ਤੱਕ ਦੀਆਂ ਐਂਟਰੀਆਂ ਨੂੰ ਡਰਾਅ ਵਿਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪਹਿਲਾ ਡਰਾਅ 15 ਅਗਸਤ ਨੂੰ ਕੱਢਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਬਿੱਲ ਦੀ ਵਜ੍ਹਾ ਨਾਲ ਟੈਕਸ ਦੀ ਚੋਰੀ ਫੜੀ ਜਾਂਦੀ ਹੈ ਤਾਂ ਖਪਤਕਾਰ ਆਪਣੇ ਬਿੱਲ ਦੀ ਵੈਲਿਊ ਤੋਂ ਪੰਜ ਗੁਣਾ ਪਰੰਤੂ ਵੱਧ ਤੋਂ ਵੱਧ ਇਕ ਲੱਖ ਰੁਪਏ ਤੱਕ ਦਾ ਇਨਾਮ ਜਿੱਤ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬਿੱਲ ਲੈਣਾ ਹਰੇਕ ਖਪਤਕਾਰ ਦਾ ਅਧਿਕਾਰ ਹੈ ਅਤੇ ਜੇਕਰ ਹਰੇਕ ਖਪਤਕਾਰ ਬਿੱਲ ਲੈਣ ਲੱਗ ਜਾਵੇ ਤਾਂ ਸਰਕਾਰੀ ਮਾਲੀਆ ਸਰਕਾਰੀ ਖਜ਼ਾਨੇ ਵਿਚ ਸਹੀ ਢੰਗ ਨਾਲ ਜਮ੍ਹਾਂ ਹੋਣ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਜਿਥੇ ਖਪਤਕਾਰ ਖ਼ਰੀਦਦਾਰੀ ਸਮੇਂ ਬਿੱਲ ਲੈਣ ਲਈ ਉਤਸ਼ਾਹਿਤ ਹੋਣਗੇ ਉਥੇ ਡੀਲਰ ਵੀ ਲੋਕਾਂ ਦੁਆਰਾ ਇਕੱਤਰ ਕੀਤੇ ਗਏ ਟੈਕਸ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣਗੇ ਤਾਂ ਜੋ ਇਸ ਨੂੰ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਵਰਤਿਆ ਜਾ ਸਕੇ।
ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਆਰ. ਕੇ ਪੋਪਲੀ ਨੇ ਇਸ ਮੌਕੇ ਦੱਸਿਆ ਕਿ ‘ਆਪਣਾ ਟੈਕਸ’ ਮੋਬਾਈਲ ਐਪਲੀਕੇਸ਼ਨ ਗੂਗਲ ਅਤੇ ਐਪਲ ਪਲੇਅ ਸਟੋਰ ਤੋਂ ਮੁਫ਼ਤ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਐਪਲੀਕੇਸ਼ਨ ਵਿਭਾਗ ਦੀ ਵੈੱਬਸਾਈਟ ਾਾਾ.ਪੲਣਟੳਣ.ਚੋਮ ‘ਤੇ ਵੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਇਸ ਐਪ ‘ਤੇ ਬਿੱਲ ਨੰਬਰ, ਰਾਸ਼ੀ ਅਤੇ ਦੁਕਾਨ ਦਾ ਨਾਂਅ ਅਪਲੋਡ ਕਰਕੇ ਇਸ ਸਕੀਮ ਦਾ ਲਾਭ ਲਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਰਾਬ ਦੇ ਠੇਕਿਆਂ ‘ਤੇ ਰੇਟ ਲਿਸਟ ਲਗਾਈ ਜਾਵੇਗੀ ਤਾਂ ਜੋ ਠੇਕੇ ਵਾਲੇ ਗਾਹਕਾਂ ਤੋਂ ਵੱਧ ਕੀਮਤ ਨਾ ਵਸੂਲ ਸਕਣ। ਇਸ ਮੌਕੇ ਮੈਂਬਰਾਂ ਨੇ ਟੈਕਸਾਂ ਸਬੰਧੀ ਆਪਣੀਆਂ ਸ਼ਿਕਾਇਤਾਂ ਅਤੇ ਸੁਝਾਅ ਪੇਸ਼ ਕੀਤੇ ਜਿਨ੍ਹਾਂ ‘ਤੇ ਗੌਰ ਕਰਨ ਦਾ ਭਰੋਸਾ ਦਿਵਾਇਆ ਗਿਆ। ਉਨ੍ਹਾਂ ਕਿਹਾ ਕਿ ਇਕ ਲੱਖ ਤੱਕ ਦੇ ਬਿੱਲਾਂ ਲਈ ਕਿਤਾਬਾਂ ਨਾ ਮੰਗਵਾਈਆਂ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਨਾਕਿਆਂ ਦੀ ਗਿਣਤੀ ਘਟਾਈ ਜਾਵੇ। ਇਸ ਮੌਕੇ ਈ. ਟੀ. ਓ ਨਵਜੋਤ ਸ਼ਰਮਾ ਤੇ ਐਨ. ਐਸ ਕੋਹਲੀ, ਸੁਪਰਡੈਂਟ ਐਕਸਾਈਜ਼ ਨਵੀਨ ਸਲਹੋਤਰਾ, ਹਰਪਾਲ ਸਿੰਘ ਵਾਲੀਆ, ਗਿੰਨੀ ਭਾਟੀਆ, ਵਿਕਰਮਜੀਤ ਸਿੰਘ ਬੱਗਾ, ਕੁਲਵਿੰਦਰ ਸਿੰਘ ਨਾਗੀ, ਕਿਸ਼ਨ ਕਾਂਸਰਾ, ਰਵੀਕਾਂਤ ਅਤੇ ਹੋਰ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply