Monday, July 8, 2024

ਕੇਜਰੀਵਾਲ ਮੁਆਫੀ ਦੇ ਨਾਂਅ ‘ਤੇ ਕੇਵਲ ਡਰਾਮਾ ਕਰ ਕੇ ਗਿਆ- ਮਜੀਠੀਆ

 

ਮਹਿਤਾ, 18 ਜੁਲਾਈ (ਜੋਗਿੰਦਰ ਸਿੰਘ ਮਾਣਾ)- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਹਾਲPPN1807201610ਹੀ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਮੁਆਫੀ ਦੇ ਨਾਂਅ ‘ਤੇ ਕੀਤੀ ਸੇਵਾ ਬਾਰੇ ਟਿੱਪਣੀ ਕਰਦੇ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਮੁਆਫੀ ਦੇ ਨਾਂਅ ‘ਤੇ ਕੇਵਲ ਡਰਾਮਾ ਕਰਕੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।ਅੱਜ ਮਹਿਤਾ ਚੌਕ ਵਿਖੇ ਸ੍ਰੋਮਣੀ ਅਕਾਲੀ ਦਲ ਦੀ ਕਾਰਜਕਾਰਨੀ ਦੇ ਮੈਂਬਰ ਸ. ਰਾਜਬੀਰ ਸਿੰਘ ਦੇ ਪਿਤਾ ਅਤੇ ਟਕਸਾਲੀ ਅਕਾਲੀ ਆਗੂ ਸ. ਕਪੂਰ ਸਿੰਘ ਉਦੋਨੰਗਲ ਦੇ ਭੋਗ ਵਿਚ ਸ਼ਾਮਿਲ ਹੋਣ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦੇ ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੇ ਜਿਸ ਤਰਾਂ ਆਪਣੇ ਹਮਾਇਤੀਆਂ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ ਹੈ, ਉਸ ਵਿਚ ਨਿਮਰਤਾ ਅਤੇ ਸੇਵਾ ਤਾਂ ਕਿਧਰੇ ਵਿਖਾਈ ਨਹੀਂ ਦਿੱਤੀ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਗਏ ਯੂਥ ਮੈਨੀਫੈਸਟੋ ਦੇ ਕਵਰ ਪੇਜ਼ ‘ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਨਾਲ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਲਗਾ ਦਿੱਤਾ ਸੀ, ਜਿਸ ਦਾ ਸਿੱਖ ਭਾਈਚਾਰੇ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਸੀ। ਇਸ ਦੇ ਚੱਲਦੇ ਕੇਜਰੀਵਾਲ ਨੇ ਮੁਆਫੀ ਮੰਗਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ।
ਸ. ਮਜੀਠੀਆ ਨੇ ਕਿਹਾ ਕਿ ਪਹਿਲਾਂ ਤਾਂ ਇੰਨੇ ਪਵਿਤਰ ਸਥਾਨ ਦੀ ਤਸਵੀਰ ਦੇ ਨਾਲ ਝਾੜੂ ਛਪਵਾ ਕੇ ਵੱਡੀ ਗਲਤੀ ਕੀਤੀ, ਫਿਰ ਕੇਜਰੀਵਾਲ ਨੇ ਇਸ ਦੀ ਮੁਆਫੀ ਲਈ ਆਉਣ ਦਾ ਪ੍ਰੋਗਰਾਮ ਉਲੀਕਿਆ ਅਤੇ ਫਿਰ ਆਪ ਹੀ ਉਸ ਨੂੰ ਰੱਦ ਕਰਕੇ ਨਵੀਂ ਤਾਰੀਕ ਦਿੱਤੀ। ਅੱਜ ਜਦ ਉਸ ਤਾਰੀਕ ਨੂੰ ਆਇਆ ਵੀ ਤਾਂ ਹਮਾਇਤੀਆਂ ਦੀ ਵੱਡੀ ਫੌਜ ਲੈ ਕੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ।ਉਨਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਵਿਚ ਸੇਵਾ ਭਾਵਨਾ, ਪਛਚਾਤਾਪ, ਨਿਮਰਤਾ ਤਾਂ ਕਿਧਰੇ ਨਜ਼ਰ ਤੱਕ ਨਹੀਂ ਆਈ, ਉਲਟਾ ਉਸ ਦਾ ਹੰਕਾਰ ਝਲਕਿਆ ਹੈ। ਉਨਾਂ ਕਿਹਾ ਕਿ ਅਜਿਹੇ ਹੰਕਾਰੀਆਂ ਨਾਲ ਨਿਜੱਠਣਾ ਪੰਜਾਬੀਆਂ ਨੂੰ ਬਾਖੂਬੀ ਆਉਂਦਾ ਹੈ ਅਤੇ ਸਮਾਂ ਆਉਣ ‘ਤੇ ਕੇਜਰੀਵਾਲ ਨੂੰ ਵੀ ਉਸ ਦੀ ਔਕਾਤ ਵਿਖਾ ਦੇਣਗੇ।
ਸ. ਮਜੀਠੀਆ ਨੇ ਬਾਪੂ ਕਪੂਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਕਿਹਾ ਕਿ ਪਾਰਟੀ ਉਨਾਂ ਦੀ ਦੇਣ ਕਦੇ ਭੁਲਾ ਨਹੀਂ ਸਕਦੀ, ਕਿਉਂਕਿ ਜਿੰਨਾ ਦਿਨਾਂ ਵਿਚ ਉਨਾਂ ਨੇ ਸੰਕਟ ਦੇ ਦਿਨਾਂ ਵਿਚ ਵੀ ਸ੍ਰੋਮਣੀ ਅਕਾਲੀ ਦਲ ਦਾ ਝੰਡਾ ਬਿਨਾਂ ਕਿਸੇ ਅਹੁਦੇ ਦੇ ਲਾਲਚ ਦੇ ਇਲਾਕੇ ਵਿਚ ਬੁਲੰਦ ਕਰਕੇ ਰੱਖਿਆ।ਉਨਾਂ ਕਿਹਾ ਕਿ ਰਾਜਬੀਰ ਸਿੰਘ ਵੀ ਨੇ ਉਨਾਂ ਦੇ ਪਦ ਚਿੰਨਾਂ ‘ਤੇ ਚੱਲਦੇ ਹੋਏ ਸਦਾ ਸ਼੍ਰੋਮਣੀ ਅਕਾਲੀ ਦਲ ਦਾ ਡਟਵਾਂ ਸਾਥ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਹਰਨਾਮ ਸਿੰਘ ਧੁੰਮਾ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਜ਼ਿਲ੍ਹਾ ਪ੍ਰਧਾਨ ਸ. ਵੀਰ ਸਿੰਘ ਲੋਪੋਕੇ, ਡਾ. ਦਲਬੀਰ ਸਿੰਘ ਵੇਰਕਾ, ਸਾਬਕਾ ਵਿਧਾਇਕ ਮਲਕੀਤ ਸਿੰਘ ਏ. ਆਰ, ਸਾਬਕਾ ਵਿਧਾਇਕ ਬਲਬੀਰ ਸਿੰਘ ਬਾਠ, ਚੇਅਰਮੈਨ ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਗੋਲਡੀ, ਜਥੇਦਾਰ ਜਤਿੰਦਰ ਸਿੰਘ, ਤਲਬੀਰ ਸਿੰਘ ਗਿੱਲ, ਸੁਰਜੀਤ ਸਿੰਘ ਭਿੱਟੇਵੱਢ, ਮਨਜੀਤ ਸਿੰਘ ਮੀਆਂਵਿੰਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਗਗਨਦੀਪ ਸਿੰਘ ਜੱਜ ਅਤੇ ਇਲਾਕੇ ਦੇ ਹੋਰ ਮੋਹਤਬਰ, ਪੰਚ ਸਰਪੰਚ ਆਦਿ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply