Friday, July 5, 2024

ਹਰਮਨਜੀਤ ਦੀ ਰਾਜੌਰੀ ਗਾਰਡਨ ਸਿੰਘ ਸਭਾ ਚੋਣਾਂ `ਚ ਜਿੱਤ ਨਾਲ ਅਕਾਲੀਆਂ ਦੀਆਂ ਉਮੀਦਾਂ ਨੂੰ ਪਿਆ ਬੂਰ

ਨਵੀਂ ਦਿੱਲੀ, 23 ਜਨਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੂੰ ਮਾਨਸਿਕ ਤੌਰ ’ਤੇ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ।

PPN2301201726

ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਹਰਮਨਜੀਤ ਸਿੰਘ ਆਪਣੇ ਸਮੂਹ ਸਾਥਿਆਂ ਦੇ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੀਆਂ ਚੋਣਾਂ ਜਿੱਤਣ ਵਿਚ ਵੱਡੇ ਅੰਤਰ ਨਾਲ ਕਾਮਯਾਬ ਹੋ ਗਏ ਹਨ। ਦਰਅਸਲ ਸਿੱਖਾਂ ਦੀ ਬਹੁਵਸੋ ਵਾਲੀ ਪੱਛਮੀ ਦਿੱਲੀ ਦੀ ਰਾਜੌਰੀ ਗਾਰਡਨ ਸਿੰਘ ਸਭਾ ਨੂੰ ਸਿੱਖ ਸਿਆਸਤ ’ਚ ਵਕਾਰੀ ਸਿਆਸੀ ਤਾਕਤ ਵੱਜੋਂ ਜਾਣਿਆ ਜਾਂਦਾ ਹੈ ਕਿਉਂਕਿ ਗੁਰਦੁਆਰੇ ਦੇ ਨਾਲ ਹੀ ਗੁਰੂ ਨਾਨਕ ਪਬਲਿਕ ਸਕੂਲ, ਸਪੈਸ਼ਲ ਬੱਚਿਆਂ ਲਈ ਸਕੂਲ ਅਤੇ ਡਿਸਪੈਂਸਰੀ ਆਦਿਕ ਵੱਡੇ ਪੱਧਰ ’ਤੇ ਉਕਤ ਸਿੰਘ ਸਭਾ ਵੱਲੋਂ ਚਲਾਏ ਜਾਂਦੇ ਹਨ।
ਹਰਮਨਜੀਤ ਸਿੰਘ ਦਾ ਮੁਕਾਬਲਾ ਦਿੱਲੀ ਕਮੇਟੀ ਦੇ ਸਰਨਾ ਧੜੇ ਤੋਂ ਮੈਂਬਰ ਹਰਪਾਲ ਸਿੰਘ ਕੋਛੜ ਦੇ ਨਾਲ ਹੋਣ ਕਰਕੇ ਅਕਾਲੀ ਦਲ ਲਈ ਇਸ ਸੀਟ ’ਤੇ ਕਰੋ ਜਾਂ ਮਰੋ ਵਾਲੇ ਹਾਲਾਤ ਸਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਦਿੱਲੀ ਕਮੇਟੀ ਚੋਣਾਂ ਤੋਂ ਪਹਿਲੇ ਹੋਣ ਜਾ ਰਹੇ ਉਕਤ ਅਹਿਮ ਮੁਕਾਬਲੇ ’ਚ ਪੂਰੀ ਵਾਹ ਲਾ ਦਿੱਤੀ ਸੀ। ਜਿਥੇ ਜੀ.ਕੇ ਨੇ ਖੁਦ 3 ਮੀਟਿੰਗਾਂ ਹਰਮਨਜੀਤ ਦੇ ਸਮਰਥਨ ’ਚ ਲਈਆਂ ਸਨ, ਉਥੇ ਨਾਲ ਹੀ ਸਾਥੀ ਕਮੇਟੀ ਮੈਂਬਰਾਂ ਨੂੰ ਪੂਰੀ ਪ੍ਰਚਾਰ ਮੁਹਿੰਮ ਨੂੰ ਪਿੱਛੇ ਤੋਂ ਸੰਭਾਲਣ ਵਾਸਤੇ ਜਿੰਮੇਵਾਰੀਆਂ ਵੀ ਦਿੱਤੀਆਂ ਸਨ ਜਿਸਦੇ ਨਤੀਜੇ ਵੱਜੋਂ ਹਰਮਨਜੀਤ 861 ਵੋਟਾਂ ਨਾਲ ਕਲ ਰਾਤ ਨੂੰ ਜੇਤੂ ਕਰਾਰ ਦਿੱਤੇ ਗਏ। ਹਰਮਨਜੀਤ ਦੇ ਨਾਲ ਹੀ ਉਨ੍ਹਾਂ ਦੀ ਪੂਰੀ ਟੀਮ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ, ਮੀਤ ਪ੍ਰਧਾਨ ਓਂਕਾਰ ਸਿੰਘ ਖੁਰਾਣਾ, ਸਕੱਤਰ ਭੂਪਿੰਦਰ ਸਿੰਘ ਬਾਵਾ, ਜੁਆਇੰਟ ਸਕੱਤਰ ਜੇ.ਐਸ. ਸੋਢੀ, ਮੀਤ ਸਕੱਤਰ ਐਚ.ਐਸ.ਭਾਟੀਆਂ, ਖਚਾਨਚੀ ਰਣਜੀਤ ਸਿੰਘ ਧਾਮ ਅਤੇ ਸਟੋਰਕੀਪਰ ਜਸਮੀਤ ਸਿੰਘ ਜੇਤੂ ਐਲਾਨੇ ਗਏ ਹਨ।
ਰਾਜੌਰੀ ਗਾਰਡਨ ਦੇ ਪਤਿਵੰਤੇ ਸੱਜਣਾ ਦੇ ਨਾਲ ਹਰਮਨਜੀਤ ਨੇ ਅੱਜ ਦਿੱਲੀ ਕਮੇਟੀ ਦਫ਼ਤਰ ਪੁੱਜ ਕੇ ਜੀ.ਕੇ. ਦਾ ਧੰਨਵਾਦ ਕੀਤਾ। ਜੀ.ਕੇ. ਨੇ ਪੂਰੀ ਜੇਤੂ ਟੀਮ ਨੂੰ ਸਿਰੋਪਾਉ ਦੇਣ ਉਪਰੰਤ ਰਾਜੌਰੀ ਗਾਰਡਨ ਦੀ ਜਿੱਤ ਨੂੰ ਦਿੱਲੀ ਕਮੇਟੀ ਦੀ ਚੋਣਾਂ ਦਾ ਮੁੱਢ ਬੰਨਣ ਵੱਜੋਂ ਪਰਿਭਾਸ਼ਿਤ ਕੀਤਾ। ਜੀ.ਕੇ. ਨੇ ਕਿਹਾ ਕਿ ਬੀਤੇ ਦਿਨੀਂ ਸੈਂਟ੍ਰਲ ਦਿੱਲੀ ਦੀ ਸਭ ਤੋਂ ਵੱਡੀ ਸਿੰਘ ਸਭਾ ਨਾਰਾਇਣਾ ਵਿਹਾਰ ਤੋਂ ਬਾਅਦ ਹੁਣ ਪੱਛਮੀ ਦਿੱਲੀ ਦੀ ਸਭ ਤੋਂ ਵੱਡੀ ਸਿੰਘ ਸਭਾ ਰਾਜੌਰੀ ਗਾਰਡਨ ਦੀ ਜਿੱਤ ਦਿੱਲੀ ਕਮੇਟੀ ਚੋਣਾਂ ਤੋਂ ਪਹਿਲੇ ਫ਼ਿਲਮ ਦੇ ਟ੍ਰੇਲਰ ਵਾਂਗ ਹੈ। ਹਰਮਨਜੀਤ ਦੇ ਚੋਣ ਨਿਸ਼ਾਨ ਬੈਟ ਦੀ ਤੁਲਨਾ ਸਚਿਨ ਤੇਂਦੁਲਕਰ ਦੇ ਬੱਲੇ ਨਾਲ ਕਰਦੇ ਹੋਏ ਜੀ.ਕੇ ਨੇ ਹਰਮਨਜੀਤ ਦੀ ਪਾਰੀ ਨੂੰ ਹਰ ਗੇਂਦ ਤੇ ਛੱਕੇ ਮਾਰਨ ਵੱਜੋਂ ਕੀਤੀ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਓਂਕਾਰ ਸਿੰਘ ਥਾਪਰ, ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਮੁਖ ਸਲਾਹਕਾਰ ਕੁਲਮੋਹਨ ਸਿੰਘ, ਕਮੇਟੀ ਮੈਂਬਰ ਗੁਰਮੀਤ ਸਿੰਘ ਮੀਤਾ, ਹਰਦੇਵ ਸਿੰਘ ਧਨੋਆ, ਚਮਨ ਸਿੰਘ ਅਤੇ ਪਰਮਜੀਤ ਸਿੰਘ ਚੰਢੋਕ ਮੌਜੂਦ ਸਨ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply