Monday, July 8, 2024

ਸਾਹਿਤਕ ਰਸਾਲੇ ‘ਹੁਣ’ ਦਾ 36ਵਾਂ ਅੰਕ ਲੋਕ ਅਰਪਿਤ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵਲੋਂ ਏਕਮ ਸਾਹਿਤਕ ਮੰਚ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਪੰਜਾਬੀ ਦੇ ਬਹੁ-ਚਰਚਿਤ ਸਾਹਿਤਕ ਰਸਾਲੇ ‘ਹੁਣ’ ਦਾ 36ਵਾਂ ਅੰਕ ਲੋਕ ਅਰਪਿਤ ਕੀਤਾ ਗਿਆ। PPN1203201723ਸਥਾਨਕ ਵਿਰਸਾ ਵਿਹਾਰ ’ਚ ਹੋਏ ਇਸ ਸਾਹਿਤਕ ਸਮਾਗਮ ਨੂੰ ਲੜੀਬਧ ਕਰਦਿਆਂ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਮੈਗਜ਼ੀਨ ਦੇ ਹੁਣ ਤੱਕ ਦੇ ਸਫਰ ਦੀ ਜਾਣਕਾਰੀ ਸਾਂਝੀ ਕੀਤੀ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਵਿਚਾਰ ਚਰਚਾ ਦਾ ਮੁਢ ਬੰਨਦਿਆਂ ਦੱਸਿਆ ਕਿ ‘ਹੁਣ’ ਵਰਗੇ ਬਹੁ-ਮਿਆਰੀ ਰਸਾਲੇ ਪੰਜਾਬੀ ਦੀ ਸਾਹਿਤਕ ਪੱਤਰਕਾਰੀ ’ਚ ਵਿਸ਼ੇਸ਼ ਸਥਾਨ ਰੱਖਦੇ ਹਨ ਅਤੇ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਮੁੱਖ ਹਿੱਸਾ ਬਣਦੇ ਹਨ।ਸੰਪਾਦਕ ਸ਼ੁਸ਼ੀਲ ਦੁਸਾਂਝ ਨੇ ਦੱਸਿਆ ਕਿ ਪਿਛਲੇ 12 ਵਰ੍ਹਿਆਂ ਤੋਂ ਨਿਰੰਤਰ ਚਲ ਰਹੇ ’ਹੁਣ’ ਨੇ ਪੰਜਾਬੀ ਪਾਠਕਾਂ ਦੇ ਵਿਸ਼ਾਲ ਘੇਰੇ ’ਚ ਆਪਣਾ ਗੌਲਣ ਯੋਗ ਸਥਾਨ ਹਾਸਲ ਕਰ ਲਿਆ ਹੈ।ਉਹਨਾਂ ਇਹ ਵੀ ਦੱਸਿਆ ਕਿ ਪ੍ਰਮੁੱਖ ਸਾਹਿਤਕਾਰ ਸ੍ਰ. ਗੁਰਦਿਆਲ ਸਿੰਘ, ਸੁਰਜੀਤ ਪਾਤਰ, ਜਸਬੀਰ ਭੁੱਲਰ, ਗੁਲਜਾਰ ਸੰਧੂ ਅਤੇ ਬਲਦੇਵ ਸਿੰਘ ਸੜ੍ਹਕਨਾਮਾ ਆਦਿ ਲੇਖਕਾਂ ਦੇ ਜੀਵਨ-ਜਾਂਚ ਨਾਲ ਜੂੜੀਆਂ ਅਦਬੀ ਮੁਲਾਕਾਤਾਂ ਦਾ ਸਿਲਸਲਾ ‘ਹੁਣ’ ਦੀ ਵੱਡੀ ਪ੍ਰਾਪਤੀ ਹੈ। ਕੇਵਲ ਧਾਲੀਵਾਲ ਅਤੇ ਨਿਰਮਲ ਅਰਪਨ ਨੇ ਕਿਹਾ ਕਿ ਅਜਿਹੇ ਰਸਾਲੇ ਦੁਨੀਆ ਭਰ ’ਚ ਰਚੇ ਜਾ ਰਹੇ ਸਾਹਿਤ ਨੂੰ ਘੋਖਣ, ਪੜ੍ਹਤਾਲਣ ਅਤੇ ਹੰਗਾਲਣ ਦਾ ਕੰਮ ਕਰਕੇ ਨਿਰੋਆ ਸਾਹਿਤ ਪਾਠਕਾਂ ਤੀਕ ਪਹੁੰਚਾਉਂਦੇ ਹਨ। ਡਾ. ਇਕਬਾਲ ਕੌਰ ਸੌਂਧ ਅਤੇ ਅਰਤਿੰਦਰ ਸੰਧੂ ਨੇ ਦੱਸਿਆ ਕਿ ਅਜਿਹੇ ਸਾਹਿਤਕ ਰਸਾਲੇ ਜਿਥੇ ਲੇਖਕ ਅਤੇ ਪਾਠਕ ਨੂੰ ਸਾਂਝੀ ਤੰਦ ਵਿੱਚ ਪਰੋਣ ਦਾ ਕੰਮ ਕਰਦੇ ਹਨ, ਉਥੇ ਲੇਖਕਾਂ ਦੀ ਸਥਾਪਤੀ ਦਾ ਰਸਤਾ ਵੀ ਨਿਰਧਾਰਤ ਕਰਦੇ ਹਨ। ਡਾ. ਜਗਦੀਸ਼ ਸਚਦੇਵ ਅਤੇ ਡਾ. ਹਜ਼ਾਰਾ ਸਿੰਘ ਚੀਮਾ ਨੇ ਆਏ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਨੂੰ ਨਿਰੰਤਰ ਜਾਰੀ ਰੱਖਣ ਦੇ ਅਹਿਦ ਨੂੰ ਦੁਹਰਾਇਆ।ਹੋਰਨਾਂ ਤੋਂ ਇਲਾਵਾ ਇਸ ਸਮੇਂ ਪ੍ਰਵਾਸੀ ਸਾਹਿਤਕਾਰ ਡਾ. ਕਰਨੈਲ, ਤਰਲੋਚਨ ਸਿੰਘ ਤਰਨ ਤਾਰਨ, ਮਨਮੋਹਨ ਸਿੰਘ ਢਿਲੋਂ, ਸੁਮੀਤ ਸਿੰਘ, ਇੰਦਰੇਸ਼ਮੀਤ, ਜਸਬੀਰ ਸਿੰਘ ਸੱਗੂ, ਹਰਮੀਤ ਆਰਟਿਟਸ, ਭੁਪਿੰਦਰ ਸੰਧੂ ਆਦਿ ਤੋਂ ਇਲਾਵਾ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply