Monday, July 8, 2024

ਸਰਦਾਰਨੀ ਸਵਿੰਦਰ ਕੌਰ ਕਾਹਲੋਂ ਨੂੰ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਵੱਲੋਂ ਸ਼ਰਧਾਂਜਲੀ

ਸੰਗਤਾਂ ਸੂਬੇ ਦੀ ਅਮਨ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਨ

PPN1810201502

ਬਟਾਲਾ, 18 ਅਕਤੂਬਰ (ਨਰਿੰਦਰ ਸਿੰਘ ਬਰਨਾਲ)- ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਸਾਰੇ ਰਾਜਨੀਤਿਕ ਦਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਹਿੰਗੇ ਮੁੱਲ ਲਈ ਸੂਬੇ ਦੀ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਆਪਸ ਵਿੱਚ ਹੱਥ ਮਿਲਾਉਣ ਅਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਆਪਣਾ ਸਹਿਯੋਗ ਦੇਣ। ਮੁੱਖ ਮੰਤਰੀ ਸ. ਬਾਦਲ ਨੇ ਸੂਬੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿੱਚ ਅਮਨ, ਸ਼ਾਂਤੀ ਅਤੇ ਭਾਈਚਾਰਕ ਸ਼ਾਂਝ ਨੂੰ ਬਣਾਈ ਰੱਖਣ ਅਤੇ ਵਿਰੋਧੀ ਤਾਕਤਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰਨ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅੱਜ ਪਿੰਡ ਦਾਦੂਯੋਧ ਵਿਖੇ ਸਾਬਕਾ ਸਪੀਕਰ ਸ. ਨਿਰਮਲ ਸਿੰਘ ਕਾਹਲੋਂ ਦੀ ਧਰਮਪਤਨੀ ਜੋ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦੇ ਨਮਿਤ ਰੱਖੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ‘ਚ ਜੋ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਬੇਹੱਦ ਘਿਨਾਉਣੀਆਂ ਘਟਨਾਵਾਂ ਘਟੀਆਂ ਹਨ ਇਸਦਾ ਹਰ ਸਿੱਖ ਸਮੇਤ ਉਨ੍ਹਾਂ ਨੂੰ ਬੇਹੱਦ ਦੁੱਖ ਹੈ।ਉਨ੍ਹਾਂ ਕਿਹਾ ਕਿ ਵਿਰੋਧੀ ਤਾਕਤਾਂ ਪੰਜਾਬ ਦੇ ਅਮਨ ਨੂੰ ਭੰਗ ਕਰਨ ਦਾ ਯਤਨ ਕਰ ਰਹੀਆਂ ਹਨ ਜੋ ਕਿ ਕਦੀ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਘਿਨਾਉਣਾ ਕਾਰਾ ਕਰਨ ਵਾਲੀਆਂ ਤਾਕਤਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ ਅਤੇ ਦੋਸ਼ੀ ਕਿਸੇ ਵੀ ਕੀਮਤ ‘ਤੇ ਬਖਸ਼ੇ ਨਹੀਂ ਜਾਣਗੇ।
ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਔਖੀ ਘੜੀ ਵਿੱਚ ਗੁਰਬਾਣੀ ਦਾ ਜਾਪ ਕਰਨ ਅਤੇ ਵਾਹਿਗੁਰੂ ਅੱਗੇ ਪੰਜਾਬ ਦੇ ਭਲੇ ਅਤੇ ਅਮਨ ਸ਼ਾਂਤੀ ਦੀ ਅਰਦਾਸ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਵੇਲੇ ਅਮਨ ਸ਼ਾਂਤੀ ਬਣਾਈ ਰੱਖਣੀ ਹਰ ਪੰਜਾਬ ਵਾਸੀ ਦਾ ਫਰਜ ਹੈ ਅਤੇ ਸੂਬੇ ਦੇ ਲੋਕ ਵਿਰੋਧੀ ਤਾਕਤਾਂ ਦੇ ਮਨਸੂਬੇ ਕਦੀ ਵੀ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਲੋਕਾਂ ਨੂੰ ਸੁਚੇਤ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੰਗਤਾਂ ਨੂੰ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਲਈ ਖੁਦ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਸ਼ਰਾਰਤ ਕਰਕੇ ਅਮਨ ਭੰਗ ਨਾ ਕਰ ਸਕੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਰਦਾਰਨੀ ਸਵਿੰਦਰ ਕੌਰ ਕਾਹਲੋਂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬੀਬੀ ਸਵਿੰਦਰ ਕੌਰ ਕਾਹਲੋਂ ਦੇ ਚਲੇ ਜਾਣ ਨਾਲ ਕਾਹਲੋਂ ਪਰਿਵਾਰ ਸਮੇਤ ਇਲਾਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਰਿਵਾਰ ਤੇ ਵਿਅਕਤੀ ਦੀ ਸਫਲਤਾ ਪਿੱਛੇ ਔਰਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਅਤੇ ਬੀਬੀ ਕਾਹਲੋਂ ਨੇ ਆਪਣੇ ਜੀਵਨ ‘ਚ ਪਰਿਵਾਰਕ, ਸਮਾਜਿਕ ਅਤੇ ਆਪਣੇ ਪੇਸ਼ੇ ਪ੍ਰਤੀ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਬੀਬੀ ਕਾਹਲੋਂ ਦਾ ਜੀਵਨ ਪ੍ਰੇਰਨਾ ਸਰੋਤ ਹੈ ਅਤੇ ਲੋਕ ਸੇਵਾ ਪ੍ਰਤੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ। ਸ.ਬਾਦਲ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਮੁੱਚੀ ਪਾਰਟੀ ਕਾਹਲੋਂ ਪਰਿਵਾਰ ਨਾਲ ਖੜ੍ਹੀ ਹੈ ਅਤੇ ਉਹ ਵਾਹਿਗੁਰੂ ਅੱਗੇ ਵਿਛੜੀ ਰੂਹ ਦੀ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦੇ ਹਨ।
ਮੌਕੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾਂ, ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ, ਪੇਂਡੂ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸੁੱਚਾ ਸਿੰਘ ਲੰਗਾਹ ਨੇ ਵੀ ਬੀਬੀ ਸਵਿੰਦਰ ਕੌਰ ਕਾਹਲੋਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਆਈਆਂ ਸੰਗਤਾਂ ਦਾ ਉਨ੍ਹਾਂ ਦੇ ਦੁੱਖ ‘ਚ ਸ਼ਾਮਲ ਹੋਣ ‘ਤੇ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਸ. ਨਿਰਮਲ ਸਿੰਘ ਕਾਹਲੋਂ ਦੇ ਗ੍ਰਹਿ ਵਿਖੇ ਪਹੁੰਚ ਕੇ ਬੀਬੀ ਸਵਿੰਦਰ ਕੌਰ ਕਾਹਲੋਂ ਦੇ ਅਕਾਲ ਚਲਾਣੇ ‘ਤੇ ਦੁੱਖ ਸਾਂਝਾ ਕੀਤਾ।
ਇਸ ਮੌਕੇ ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ, ਡਾ.ਸ਼ਿਵਕਰਨ ਸਿੰਘ ਕਾਹਲੋਂ ਨੇ ਵੀ ਆਈਆਂ ਸੰਗਤਾਂ ਦਾ ਉਨ੍ਹਾਂ ਦੇ ਦੁੱਖ ‘ਚ ਸ਼ਰੀਕ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਗੁਰਬਚਨ ਸਿੰਘ ਬੱਬੇਹਾਲੀ ਮੁੱਖ ਸੰਸਦੀ ਸਕੱਤਰ, ਦੇਸ ਰਾਜ ਸਿੰਘ ਧੁੱਗਾ, ਚੇਅਰਮੈਨ ਸੇਵਾ ਸਿੰਘ ਸੇਖਵਾਂ, ਕੈਪਟਨ ਬਲਬੀਰ ਸਿੰਘ ਬਾਠ, ਜਗਦੀਸ਼ ਰਾਜ ਸਾਹਨੀ, ਸੰਜੀਵ ਮੱਲ੍ਹਣ, ਮਾਸਟਰ ਮੋਹਨ ਲਾਲ ਸਾਬਕਾ ਟਰਾਂਸਪੋਰਟ ਮੰਤਰੀ, ਵੀਰ ਸਿੰਘ ਲੋਪੋਕੇ, ਡੀ.ਸੀ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ, ਗੁਰਪ੍ਰੀਤ ਸਿੰਘ ਤੂਰ ਐਸ.ਐਸ.ਪੀ. ਗੁਰਦਾਸਪੁਰ, ਦਲਜਿੰਦਰ ਸਿੰਘ ਗਿੱਲ ਐਸ.ਐਸ.ਪੀ ਬਟਾਲਾ, ਡੀ.ਟੀ.ਓ. ਜਗਵਿੰਦਰਜੀਤ ਸਿੰਘ ਗਰੇਵਾਲ, ਏ.ਡੀ.ਸੀ ਰਾਕੇਸ਼ ਕੁਮਾਰ, ਐੱਸ.ਡੀ.ਐੱਮ. ਸਕੱਤਰ ਸਿੰਘ ਬੱਲ, ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਡੀ.ਐਸ.ਪੀ ਕ੍ਰਿਪਾਲ ਸਿੰਘ ਚਾਹਲ, ਜਗਰੂਪ ਸਿੰਘ ਸੇਖਵਾਂ, ਸੋਨੂੰ ਲੰਗਾਹ, ਸੁਰਿੰਦਰ ਕੁਮਾਰ ਸ਼ਿੰਦੀ, ਬਲਜੀਤ ਸਿੰਘ ਚੌਹਾਨ ਪ੍ਰਧਾਨ ਨਗਰ ਕੌਂਸਲ, ਪਰਮੀਤ ਸਿੰਘ ਬੇਦੀ ਪ੍ਰਧਾਨ ਨਗਰ ਕੌਂਸਲ ਡੇਰਾ ਬਾਬਾ ਨਾਨਕ, ਗੁਰਨਾਮ ਸਿੰਘ ਜੱਸੜ, ਗੁਰਿੰਦਰਪਾਲ ਸਿੰਘ ਗੋਰਾ, ਸੱਜਣ ਸਿੰਘ ਬੱਜੂਮਾਨ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕੇ ਦੀ ਸੰਗਤ ਨੇ ਅੰੰਤਿਮ ਅਰਦਾਸ ਵਿੱਚ ਹਾਜ਼ਰੀ ਭਰੀ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply