Monday, July 8, 2024

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਥਾਂ-ਥਾਂ ‘ਤੇ ਸ਼ਰਧਾ ਨਾਲ ਮਨਾਇਆ ਗਿਆ

PPN0806201602

ਬਠਿੰਡਾ, 8 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹੀਦਾਂ ਦੇ ਸਿਰਤਾਜ,ਬਾਣੀ ਦੇ ਸਿਰਜਣਹਾਰ, ਅਹਿੰਸਾ ਦੇ ਪੁਜਾਰੀ, ਸ਼ਾਤੀ ਦੇ ਪੁੰਜ, ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਮੰਨਣ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ 410ਵੇਂ ਸ਼ਹੀਦੀ ਦਿਵਸ ਮੌਕੇ ਬਠਿੰਡਾ ਜਿਲ੍ਹੇ ਦੀਆਂ ਸੰਗਤਾਂ ਵੱਲੋਂ ਪੂਰਨ ਸ਼ਰਧਾ ਨਾਲ ਮਨਾਇਆ ਗਿਆ।ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਨੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ। ਸ਼ਹਿਰ ਦੇ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ, ਗੁ: ਹਾਜੀ ਰਤਨ, ਗੁ: ਸੰਗਤ ਸਿਵਲ ਸਟੇਸ਼ਨ, ਗੁ: ਜੀਵਨ ਪ੍ਰਕਾਸ਼ ਮਾਡਲ ਟਾਊਆਦਿ ਵਿੱਚ ਅੱਜ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਰਸੋਂ ਤੋਂ ਪ੍ਰਕਾਸ਼ ਕੀਤੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਹਜ਼ੂਰੀ ਰਾਗੀ ਜੱਥਿਆਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਿਤ ਬਾਣੀਆਂ ਦੇ ਸ਼ਬਦ ਕੀਰਤਨ ਕੀਤੇ ਗਏ।
ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਵਲੋਂ ਜਿਵੇਂ ਕਿ ਬੀਬੀਆਂ ਦੀ ਇਸਤਰੀ ਸਤਿਸੰਗ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ਹੀਦ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਕਈ ਦਿਨਾ ਤੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਜੋ ਸੰਗਤੀ ਰੂਪ ਵਿਚ ਕੀਤੇ ਗਏ ਸਨ ਉਨ੍ਹਾਂ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਪ੍ਰਬੰਧਕੀ ਕਮੇਟੀ ਮੈਂਬਰਾਂ ਵਲੋਂ ਬਾਹਰੋਂ ਬਲਾਏ ਧਰਮ ਪ੍ਰਚਾਰਕਾਂ ਵਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨੀ ਸਬੰਧੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਉਣ ਉਪਰੰਤ ਮੈਨ ਰੋਡ ‘ਤੇ ਸਮੂਹ ਇਲਾਕਾ ਨਿਵਾਸੀਆਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਾ ਕੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਈ।ਇਸ ਮੌਕੇ ਭਾਈ ਬਿਕਰਮ ਸਿੰਘ ਧਿੰਗੜ, ਗੁਰਅਵਤਾਰ ਸਿੰਘ ਗੋਗੀ,ਨਾਇਬ ਸਿੰਘ,ਜਗਤਾਰ ਸਿੰਘ, ਕਰਨੈਲ ਸਿੰਘ,ਸੁਖਦੇਵ ਸਿੰਘ ਗਿੱਲ, ਫਤਿਹ ਸਿੰਘ,ਬਲਰਾਜ ਸਿੰਘ,ਸੁਰਜੀਤ ਸਿੰਘ ਬਰਨਾਲਾ, ਲਖਵੀਰ ਸਿੰਘ ਲੱਖਾ ਆਦਿ ਨੇ ਲੰਗਰ ਅਤੇ ਛਬੀਲ ਵਿਚ ਹੱਥੀਂ ਸੇਵਾ ਕੀਤੀ। ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਪਾਉਣ ਉਪਰੰਤ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ ਹਰਰਾਏਪੁਰ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਕਥਾ ਵਾਚਕ ਭਾਈ ਗੁਰਇੰਦਰਪਾਲ ਸਿੰਘ ਪਾਤੜਾਂ ਵਾਲਿਆਂ ਵੱਲੋਂ ਸੰਗਤਾਂ ਨੂੰ ਮੁੱਖ ਵਾਕ ਦੀ ਵਿਆਖਿਆ ਸਰਵਣ ਕਰਵਾਈ ਗਈ।
ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰਮਤਿ ਮਿਸ਼ਨਰੀ ਸਰਕਲ, ਭਾਈ ਘਨ੍ਹੱਈਆਂ ਜੀ ਸੇਵਕ ਦਲ ਦੇ ਮੈਂਬਰਾਂ ਨੇ ਸੰਗਤਾਂ ਨਾਲ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਸ਼ਬਦ ਕੀਰਤਨ ਕੀਤਾ ਗਿਆ। ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲ ਲਾ ਕੇ ਸੰਗਤਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਈ। ਸਥਾਨਕ ਇਨ੍ਹਾਂ ਗੁਰੂ ਘਰਾਂ ਤੋਂ ਇਲਾਵਾ ਸ਼ਹਿਰ ਦੇ ਗੁਰੂ ਘਰ ਵਿਚ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਬੀਬੀਆਂ ਦੀ ਧਾਰਮਿਕ ਸੁਸਾਇਟੀ ਵਲੋਂ ਲਗਾਤਾਰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਸ਼ੁਕਰਾਣਾ ਅਰਦਾਸ ਕਰਦਿਆਂ ਬੀਬੀਆਂ ਦਾ ਸਨਮਾਨ ਅਤੇ ਕੀਰਤਨ ਕਰਨ ਉਪਰੰਤ ਠੰਡੇ ਮਿੱਠੇ ਪਾਣੀ ਦੀ ਛਬੀਲ ਖਾਲਸਾ ਦੀਵਾਨ ਸੇਵਕ ਦਲ ਦੇ ਜੱਥੇ ਵਲੋਂ ਲਗਾਈ ਗਈ। ਸ਼ਹਿਰ ਵਿਚ ਹੋਰ ਗੁਰੂ ਘਰਾਂ ਅਤੇ ਬਾਜ਼ਾਰਾਂ ਵਿੱਚ ਸਭਾ ਸੁਸਾਇਟੀਆਂ ਅਤੇ ਸ਼ਰਧਾਲੂਆਂ ਵੱਲੋ ਛਬੀਲਾਂ ਲਗਾਈਆਂ ਗਈਆਂ ਤੇ ਛੋਟੇ ਛੋਟੇ ਬੱਚਿਆਂ ਨੇ ਸੇਵਾ ਕਰਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਥਾਂ-ਥਾਂ ‘ਤੇ ਸੰਗਤਾਂ ਨੇ ਠੰਡੇ ਪਾਣੀ ਦੀਆਂ ਛਬੀਲਾਂ ਵਿਚ ਪਾਊਚ ਟਾਇਪ ਪਾਣੀ ਵੰਡਿਆ ਗਿਆ। ਐਨ.ਐਫ.ਐਲ. ਕਲੋਨੀ ਦੇ ਮੁਖ ਗੇਟ ‘ਤੇ ਗੁਰਦੁਆਰਾ ਸਿੰਘ ਸਭਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵੀ ਛਬੀਲ ਲਗਾਈ ਗਈ। ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਬੀਬੀਆਂ ਵਲੋਂ 40 ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੀਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭੋਗ ਪਾ ਕੇ ਸ਼ਹੀਦੀ ਦਿਹਾੜਾ ਮਨਾਇਆ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply