Tuesday, May 14, 2024

‘ਰਹਿਲ’ ਦੇ ਕਾਵਿ ਸੰਗ੍ਰਹਿ `ਤੇ ਗੋਸ਼ਟੀ ਅਤੇ ‘ਬਿਲਿੰਗ’ ਦਾ ਸੱਤਵਾਂ ਨਾਵਲ ਹੋਵੇਗਾ ਲੋਕ ਅਰਪਣ

PPN2208201711ਸਮਰਾਲਾ, 22 ਅਗਸਤ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਹੀਨਾਵਾਰ ਮੀਟਿੰਗ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਇੱਕ ਮਤੇ ਰਾਹੀਂ ਇਟਲੀ ਰਹਿੰਦੇ ਪੰਜਾਬੀ ਕਵੀ ਦਲਜਿੰਦਰ ਸਿੰਘ ਰਹਿਲ ਦੇ ਕਾਵਿ ਸੰਗ੍ਰਹਿ ‘ਸ਼ਬਦਾਂ ਦੀ ਢਾਲ’ ਉੱਤੇ ਅਗਲੀ ਮਾਸਿਕ ਮੀਟਿੰਗ ਵਿੱਚ ਵਿਚਾਰ ਗੋਸ਼ਟੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਤੇ ਨਾਲ ਹੀ ਨਾਵਲਕਾਰ ਅਵਤਾਰ ਸਿੰਘ ਬਿਲਿੰਗ ਦੇ ਸੱਤਵੇਂ ਨਾਵਲ ‘‘ਮੁੰਦਰੀ ਵਿਚਲਾ ਗੁਲਾਬੀ ਨਗ’’ ਲੋਕ ਅਰਪਣ ਕਰਨ ਦਾ ਫੈਸਲਾ ਲਿਆ ਗਿਆ।
ਮੀਟਿੰਗ ਦੇ ਆਰੰਭ ਵਿੱਚ ਸਭਾ ਦੇ ਸਰਗਰਮ ਮੈਂਬਰ ਐਡਵੋਕੇਟ ਗਗਨਦੀਪ ਸ਼ਰਮਾ ਦੇ ਘਰ ਪੁੱਤਰ ਸ਼ਿਵੇਨ ਹੋਣ ਦੀ ਖੁਸ਼ੀ ਵਿੱਚ ਸਭਾ ਦੇ ਪ੍ਰਧਾਨ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਇੱਕ ਸ਼ੋਕ ਮਤੇ ਰਾਹੀਂ ਪੰਜਾਬੀ ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਉਸ ਉਪਰੰਤ ਰਚਨਾਵਾਂ ਦਾ ਦੌਰ ਸਭਾ ਦੇ ਸਕੱਤਰ ਦੀਪ ਦਿਲਬਰ ਦੇ ਹਿੰਦੀ ਵਿੱਚ ਲਿਖੇ ਗੀਤ ‘ਯੇ ਉਨ ਦਿਨੋਂ ਕੀ ਬਾਤ ਹੈ ਜਬ ਬੇਫਿਕਰੀ ਮੇਂ ਜੀਆ ਕਰਤੇ ਥੇ’ ਨਾਲ ਆਰੰਭ ਹੋਇਆ।ਸ਼ਾਇਰ ਜੋਗਿੰਦਰ ਸਿੰਘ ਜੋਸ਼ ਨੇ ਉਰਦੂ ਨਜ਼ਮ ‘ਵਕਤ’ ਪੇਸ਼ ਕੀਤੀ। ਜਿਸ ਵਿੱਚ ਸਮੇਂ ਦੇ ਲਗਭਗ ਸਾਰੇ ਪੱਖਾਂ ਨੂੰ ਵਿਅਕਤ ਕੀਤਾ ਗਿਆ।ਜਸਵੀਰ ਸਮਰਾਲਾ ਦੀ ਕਵਿਤਾ ‘ਸਾਨ ਭੜਕਦੇ ਨੇ’ ਵੱਡੇ ਅਰਥਾਂ ਵਾਲੀ ਕਵਿਤਾ ਬਣਕੇ ਉੱਭਰੀ ਤੇ ਗੁਰਦੀਪ ਸਿੰਘ ਮਹੌਣ ਦੀ ਕਵਿਤਾ ‘ਜੋ ਤਿਰੰਗੇ ਝੰਡੇ ਨੂੰ ਸਮਰਪਿਤ ਸੀ ਸਾਰਿਆਂ ਵੱਲੋਂ ਸਰਹਾਈ ਗਈ।ਕਮਲਜੀਤ ਨੀਲੋਂ ਦੀ ਬਾਲ ਕਹਾਣੀ ‘ਡੈਡੀ ਉਦਾਸ ਨੇ’ ਵਿੱਚ ਰੁੱਖਾਂ  ਨਾਲ ਮਨੁੱਖਾਂ ਦੀ ਸੰਵੇਦਨਾ ਦੀ ਗੱਲ ਕੀਤੀ ਗਈ।ਸੁਖਦੇਵ ਸਿੰਘ ਕੁੱਕੂ ਘਲੋਟੀ ਨੇ ਗੀਤ, ਕੁਲਬੀਰ ਸਿੰਘ ਮੁਸ਼ਕਾਬਾਦ ਨੇ ਦੋ ਕਹਾਣੀਆਂ ਪੇਸ਼ ਕੀਤੀਆਂ। ਮਨਜੀਤ ਘਣਗਸ ਦੀਆਂ ਟੱਪੇ ਨੁੰਮਾ ਬੋਲੀਆਂ ਦੀ ਵੀ ਸਰਾਹਣਾ ਕੀਤੀ ਗਈ ਫਿਰ ਲੀਲ ਦਿਆਲਪੁਰੀ ਨੇ ਗੁਰਦੁਆਰਾ ਚਰਨ ਕੰਵਲ ਸਾਹਿਬ ਨਾਲ ਸਬੰਧਿਤ ਕਵਿਤਾ ‘ਮਾਛੀਵਾੜੇ ਦੇ ਜੰਗਲ’ ਸੁਣਾਈ।
ਸ਼੍ਰੋਮਣੀ ਕਮੇਟੀ ਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਸਿਮਰਨਜੀਤ ਸਿੰਘ ਕੰਗ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ’ਤੇ ਉਸਦੇ ਪਰਿਵਾਰ ਦੀਆਂ ਪਹਿਲੀਆਂ 9 ਪੀੜੀਆਂ ਦੀ ਖੋਜ ਕਰਦਾ ਨਿਬੰਧ ਪੜਿਆ।ਇਸ ਲੰਬੇ ਨਿਬੰਧ ਵਿੱਚ ਪਰਿਵਾਰ ਦੇ ਪਿਛੋਕੜ ਤੇ ਖਟਕੜ ਕਲਾਂ ਸਥਾਪਿਤ ਹੋਣ ਦੀ ਗਾਥਾ ਬਿਆਨ ਕੀਤੀ ਗਈ। ਇਸ ਨਿਬੰਧ ਉੱਤੇ  ਨਿੱਠ ਕੇ ਚਰਚਾ ਹੋਈ ਤੇ ਕਈ ਕੀਮਤੀ ਸੁਝਾਅ ਵੀ ਦਿੱਤੇ ਗਏ ਅਤੇ ਇਸ ਵੱਡ-ਅਕਾਰੀ ਖੋਜ ਪੱਤਰ ਨੂੰ ਪੁਸਤਕ ਰੂਪ ਦੇਣ ਲਈ ਵੀ ਕਿਹਾ ਗਿਆ।ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਸੁਖਜੀਤ, ਗੁਰਭਗਤ ਸਿੰਘ ਗਿੱਲ, ਨੇਤਰ ਸਿੰਘ ਮੁੱਤਿਓਂ, ਨਿਰਭੈ ਸਿੰਘ ਸਿੱਧੂ, ਦਰਸ਼ਨ ਸਿੰਘ ਕੰਗ, ਇੰਦਰਜੀਤ ਸਿੰਘ ਕੰਗ, ਸੰਦੀਪ ਤਿਵਾੜੀ, ਸੁਖਜੀਵਨ ਰਾਮਪੁਰੀ, ਐਡਵੋਕੇਟ ਗਗਨਦੀਪ ਸ਼ਰਮਾ ਤੇ ਹਰਵਿੰਦਰ ਸਿੰਘ ਘਣਗਸ ਵੀ ਸ਼ਾਮਲ ਹੋਏ।ਮੀਟਿੰਗ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਜਗਦੀਸ਼ ਨੀਲੋਂ ਅਤੇ  ਦੀਪ ਦਿਲਬਰ ਵੱਲੋ ਸਾਂਝੇ ਰੂਪ ਵਿੱਚ ਚਲਾਈ ਗਈ।

Check Also

ਐਮ.ਐਲ.ਜੀ ਕਾਨਵੈਂਟ ਸਕੂਲ ਦੀ 10ਵੀਂ ਕਲਾਸ `ਚੋਂ ਜੀਵਨ ਸਿੰਘ ਨੇ 91.2% ਅੰਕਾਂ ਨਾਲ ਮਾਰੀ ਬਾਜ਼ੀ

ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਦੌਰਾਨ ਇਲਾਕੇ …

Leave a Reply