Tuesday, April 30, 2024

ਖੰਡ-ਮਿੱਲਾਂ ਦੀ ਬੇਰੁਖੀ ਤੋਂ ਅੱਕੇ ਕਿਸਾਨ ਸਹਾਇਕ ਧੰਦੇ ਅਪਨਾਉਣ ਲਈ ਹੋਏ ਮਜ਼ਬੂਰ

ਜਿਮੀਦਾਰਾ ਘੁਲਾੜ ਗੁੜ੍ਹ ਬਣਿਆ ਇਲਾਕੇ ਦੇ ਲੋਕਾਂ ਦੀ ਪਹਿਲੀ ਪਸੰਦ

PPN0501201820ਧੂਰੀ, 5 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਆਪਣੀਆਂ ਜਿਨਸਾਂ ਦਾ ਪੂਰਾ ਮੁੱਲ ਅਤੇ ਸਮੇਂ ਸਿਰ ਫਸਲਾਂ ਦੀ ਅਦਾਇਗੀ ਨਾ ਹੋਣ ਕਾਰਨ ਅਤੇ ਖੰਡ-ਮਿੱਲਾਂ ਦੀ ਬੇਰੁਖੀ ਤੋਂ ਅੱਕੇ ਕਈ ਕਿਸਾਨ ਜਿੱਥੇ ਗੰਨੇ ਦੀਆਂ ਬਕਾਇਆ ਅਦਾਇਗੀਆਂ ਲੈਣ ਲਈ ਖੰਡ-ਮਿੱਲਾਂ ਅੱਗੇ ਧਰਨੇ ਦੇਣ ਲਈ ਮਜਬੂਰ ਹਨ, ਉਥੇ ਹੀ ਕਈ ਅਗਾਂਹਵਧੂ ਕਿਸਾਨਾਂ ਨੇ ਖੰਡ-ਮਿੱਲਾਂ ਨੂੰ ਗੰਨਾ ਵੇਚਣ ਤੋਂ ਕਿਨਾਰਾ ਕਰਦੇ ਹੋਏ ਸਹਾਇਕ ਧੰਦੇ ਅਪਨਾ ਕੇ ਆਪਣੇ ਰੁਜ਼ਗਾਰ ਸ਼ੁਰੂ ਕਰ ਦਿੱਤੇ ਹਨ।
ਧੂਰੀ-ਮਾਲੇਰਕੋਟਲਾ ਮੁੱਖ ਮਾਰਗ `ਤੇ ਬੱਬਨਪੁਰ ਵਾਲੀ ਨਹਿਰ ਕੋਲ ਗੁੜ੍ਹ ਦੀ ਘੁਲਾੜੀ ਚਲਾ ਰਹੇ ਕਿਸਾਨ ਕਰਮਜੀਤ ਸਿੰਘ ਬੱਬਨਪੁਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲਗਭਗ 4 ਕੁ ਸਾਲ ਪਹਿਲਾਂ ਖੰਡ-ਮਿੱਲਾਂ ਵੱਲੋਂ ਸਮੇਂ ਸਿਰ ਅਦਾਇਗੀਆਂ ਨਾ ਕਰਨ ਅਤੇ ਗੰਨੇ ਦਾ ਸਹੀ ਮੁੱਲ ਨਾ ਮਿਲਣ ਕਰਕੇ ਉਸ ਨੇ ਘੁਲਾੜੀ ਚਲਾ ਕੇ ਦੇਸੀ ਗੁੜ੍ਹ ਬਨਾਉਣ ਦਾ ਸਹਾਇਕ ਧੰਦਾ ਅਪਨਾ ਲਿਆ ਸੀ ਅਤੇ ਉਸ ਤੋਂ ਬਾਅਦ ਉਸ ਦੀ ਇਮਾਨਦਾਰੀ ਅਤੇ ਲਗਨ ਦੇ ਚਲਦਿਆਂ ਉਸ ਨੇ ਅੱਜ ਆਪਣੇ ਕਾਰੋਬਾਰ ਨੂੰ ਕਈ ਗੁਣਾਂ ਪ੍ਰਫੂੱਲਿਤ ਕਰ ਲਿਆ ਹੈ।ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਸ਼ੁੱਧ ਅਤੇ ਆਰਗੇਨਿਕ ਤਰੀਕੇ ਨਾਲ ਇਹ ਗੁੜ੍ਹ ਤਿਆਰ ਕਰਦੇ ਹਨ ਜਿਸ ਕਰਕੇ ਉਹਨਾਂ ਦੇ ਜਿਮੀਦਾਰਾ ਘੁਲਾੜ ਦਾ ਗੁੜ੍ਹ ਇਲਾਕੇ ਦੇ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।ਉਸ ਨੇ ਦੱਸਿਆ ਕਿ ਹੁਣ ਉਹ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਗਏ ਮੇਲਿਆਂ ਵਿੱਚ ਜਾ ਕੇ ਜਿੱਥੇ ਵਪਾਰ ਵਧਾਉਣ ਸਬੰਧੀ ਜਾਣਕਾਰੀਆਂ ਹਾਸਲ ਕਰਦਾ ਰਹਿੰਦਾ ਹੈ, ਉੱਥੇ ਹੀ ਇਹਨਾਂ ਮੇਲਿਆਂ ਵਿੱਚ ਆਪਣੇ ਘੁਲਾੜੀ ਦਾ ਬਣਿਆ ਗੁੜ੍ਹ ਅਤੇ ਸ਼ੱਕਰ ਵੀ ਵੇਚਦਾ ਹੈ।ਉਸ ਨੇ ਆਪਣੀ ਜ਼ਮੀਨ ਵਿੱਚ ਘੁਲਾੜੀ ਲਗਾ ਕੇ ਗੁੜ੍ਹ ਤਿਆਰ ਕਰਨ ਦੇ ਧੰਦੇ ਵਿੱਚੋਂ ਵਧੀਆ ਮੁਨਾਫਾ ਕਮਾਇਆ ਹੈ ਅਤੇ ਉਸ ਦੇ ਘੁਲਾੜ `ਤੇ ਗੁੜ੍ਹ ਅਤੇ ਸ਼ੱਕਰ ਖਰੀਦਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ।
ਦੂਸਰੇ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣੇ ਨੌਜਵਾਨ ਕਿਸਾਨ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ  ਨੂੰ ਆਪਣੀਆਂ ਸਬਜ਼ੀਆਂ, ਫਲਾਂ ਆਦਿ ਦਾ ਸਹੀ ਮੁੱਲ ਪ੍ਰਾਪਤ ਕਰਨ ਲਈ ਕਿਸਾਨ ਤੋਂ ਵਪਾਰੀ ਬਨਣ ਦੀ ਲੋੜ ਹੈ।ਉਸ ਨੇ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਫਲ਼, ਸਬਜ਼ੀਆਂ ਅਤੇ ਗੰਨਾ ਬੀਜਣ ਵਾਲੇ ਕਿਸਾਨ ਆਪਣੇ ਸਮਾਨ ਦੀ ਪਹੁੰਚ ਸਿੱਧੀ ਖਪਤਕਾਰ ਤੱਕ ਬਣਾ ਲੈਣ ਤਾਂ ਉਹ ਹੋਰ ਵੱਧ ਮੁਨਾਫਾ ਕਮਾ ਕੇ ਖੁਸ਼ਹਾਲ ਜੀਵਨ ਜੀਅ ਸਕਦੇ ਹਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply