Friday, July 5, 2024

ਮਜੀਠੀਆ ਵਲੋਂ 21 ਦਸੰਬਰ ਨੂੰ ਰਾਜ ਪੱਧਰੀ ਸ਼ਹੀਦੀ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

ਮਾਨਾਂਵਾਲਾ ਵਿਖੇ ਮਨਾਏ ਜਾ ਰਹੇ ਭਾਈ ਜੀਵਨ ਸਿੰਘ ਜੀ ਦੀ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ

Bikram Singh Majithiaਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਜੀਵਨ ਸਿੰਘ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ 21 ਦਸੰਬਰ 2014 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਮਾਨਾਂਵਾਲਾ ਦੇ ਨਜ਼ਦੀਕ ਬਸ਼ੰਬਰਪੁਰਾ ਵਿਖੇ ਮਨਾਏ ਜਾ ਰਹੇ ਰਾਜ ਪੱਧਰੀ ਸ਼ਹੀਦੀ ਸਮਾਗਮ ਵਿੱਚ ਵਧ ਚੜ ਕੇ ਹਿੱਸਾ ਲੈਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ।  ਸ: ਮਜੀਠੀਆ ਨੇ ਦੱਸਿਆ ਕਿ ਵਿਸ਼ਾਲ ਪੱਧਰ ‘ਤੇ ਸ਼ਹੀਦੀ ਸਮਾਗਮ ਮੌਕੇ ਮਹਾਨ ਸ਼ਹੀਦ ਨੂੰ ਸਿਜਦਾ ਕਰਨ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਨੂੰ ਦੇਖਦਿਆਂ ੧੦੦ ਏਕੜ ਜ਼ਮੀਨ ‘ਤੇ ਪੰਡਾਲ ਲਗਾਉਣ ਤੋਂ ਇਲਾਵਾ ਹੋਰਨਾਂ ਸਬੰਧਿਤ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤਿਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਪਸ਼ੂ-ਪਾਲਕ ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਹਠ ਮਨਾਏ ਜਾ ਰਹੇ ਉਕਤ ਸ਼ਹੀਦੀ ਸਮਾਗਮ ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ , ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਸਮਾਗਮ ਵਿੱਚ ਪੁੱਜ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨਗੀਆਂ।

ਸ. ਮਜੀਠੀਆ ਨੇ ਦੱਸਿਆ ਕਿ ਰਾਜ ਪੱਧਰੀ ਸ਼ਹੀਦੀ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਨ ਸ਼ਹੀਦ ਨੂੰ ਨਤਮਸਤਕ ਹੋਣ ਲਈ ਸਮਾਗਮ ਵਿੱਚ ਸ਼ਿਰਕਤ ਕਰਨ।
ਉਹਨਾਂ ਦੱਸਿਆ ਕਿ ਸੂਬਾ ਸਰਕਾਰ ਨੇ ਜਿੱਥੇ ਰਾਜ ਦੇ ਸਰਬਪੱਖੀ ਵਿਕਾਸ ਲਈ ਦਿਨ-ਰਾਤ ਇੱਕ ਕਰਕੇ ਪੰਜਾਬ ਨੂੰ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ੁਮਾਰ ਕੀਤਾ ਹੈ ਉੱਥੇ ਆਪਣੇ ਇਤਿਹਾਸ ਤੇ ਸਭਿਆਚਾਰ ਨੂੰ ਸਾਂਭਣ ਅਤੇ ਪ੍ਰਫੁੱਲਿਤ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸ. ਪਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਸੁਯੋਗ ਅਗਵਾਈ ਹੇਠ ਨੌਜਵਾਨ ਪੀੜੀ ਨੂੰ ਆਪਣੀ ਪਰੰਪਰਾ ਅਤੇ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਯੋਧਿਆਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਿਤ ਕੀਤੀਆਂ ਤੇ ਉਹਨਾਂ ਨਾਲ ਸੰਬੰਧਿਤ ਦਿਹਾੜੇ ਵਿਸ਼ਾਲ ਪੱਧਰ ‘ਤੇ ਮਨਾਏ ਜਾ ਰਹੇ ਹਨ।
ਕੈਬਨਿਟ ਵਜ਼ੀਰ ਸ. ਮਜੀਠੀਆ ਨੇ ਦੱਸਿਆ ਕਿ ਸ਼ਹੀਦ ਭਾਈ ਜੀਵਨ ਸਿੰਘ (ਭਾਈ ਜੈਤਾ ਜੀ), ਜਿਸਨੇ ਕਿ ਹਿੰਦ ਦੀ ਚਾਦਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸੀਸ ਚਾਂਦਨੀ ਚੌਕ ਤੋਂ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਕੇ ਆਉਣ ਦੇ ਮਹਾਨ ਤੇ ਔਖੇ ਕਾਰਜ ਨੂੰ ਸੰਪੰਨ ਕੀਤਾ, ਜਿਸ ਕਾਰਨ ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੀਨੇ ਨਾਲ ਲਾਉਂਦਿਆਂ ‘ ਰੰਘਰੇਟੇ ਗੁਰੂ ਕੇ ਬੇਟੇ’ ਦਾ ਖ਼ਿਤਾਬ ਦੇ ਕੇ ਨਿਵਾਜਿਆ। ਸ਼ਹੀਦ ਭਾਈ ਜੀਵਨ ਸਿੰਘ 55 ਸਾਲ ਦੀ ਉਮਰ ਵਿੱਚ 22 ਦਸੰਬਰ 1704 ਨੂੰ ਚਮਕੌਰ ਸਾਹਿਬ ਵਿਖੇ ਦੁਸ਼ਮਣ ਸੈਨਾ ਨਾਲ ਲੜਦੇ ਹੋਏ ਸ਼ਹੀਦ ਹੋ ਗਏ। ਅਮਰ ਸ਼ਹੀਦ ਜੀਵਨ ਸਿੰਘ ਦੇ ਜੀਵਨ ‘ਤੇ ਝਾਤ ਪਾਉਂਦਿਆਂ ਸ. ਮਜੀਠੀਆ ਨੇ ਅੱਗੇ ਦੱਸਿਆ ਕਿ ਸ਼ਹੀਦ ਭਾਈ ਜੀਵਨ ਸਿੰਘ ਦਾ ਜਨਮ 13 ਦਸੰਬਰ 1649 ਨੂੰ ਪਿਤਾ ਸਦਾ ਨੰਦ ਤੇ ਮਾਤਾ ਪ੍ਰੇਮੋ ਦੇ ਘਰ ਪਟਨਾ ਸਾਹਿਬ ਵਿਖੇ ਹੋਇਆ। ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਹਥਿਆਰਾਂ ਨੂੰ ਚਲਾਉਣ ਅਤੇ ਯੁੱਧ ਨੀਤੀ ਸਬੰਧੀ ਗਿਆਨ ਹਾਸਿਲ ਕਰ ਲਿਆ। ਉਨ੍ਹਾਂ ਘੋੜ ਸਵਾਰੀ ਅਤੇ ਕੀਰਤਨ ਵਿੱਚ ਮੁਹਾਰਤ ਹਾਸਿਲ ਕੀਤੀ।
ਉਹਨਾਂ ਕਿਹਾ ਕਿ ਮਹਾਨ ਸ਼ਹੀਦੀ ਦਿਹਾੜੇ ਨੂੰ ਸ਼ਰਧਾ ਨਾਲ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਜਾਣਾ ਸਾਡੇ ਲਈ ਤਸੱਲੀ ਤੇ ਮਾਣ ਵਾਲੀ ਗਲ ਹੈ। ਕੈਬਨਿਟ ਮੰਤਰੀ ਸ੍ਰੀ ਮਜੀਠੀਆ ਨੇ ਅੱਗੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਾਡੀ ਅਗਲੀ ਪੀੜ੍ਹੀ ਤੱਕ ਯਾਦ ਰੱਖਣ ਦੇ ਮਕਸਦ ਨਾਲ ਇਹ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਸ਼ਹੀਦ ਭਾਈ ਜੀਵਨ ਸਿੰਘ ਤੋਂ ਇਲਾਵਾ ਬਾਬਾ ਮੋਤੀ ਰਾਮ ਮਹਿਰਾ, ਭਾਈ ਮਰਦਾਨਾ ਅਤੇ ਭਾਈ ਸੱਜਣ ਸਿੰਘ ਦੀਆਂ ਇਤਿਹਾਸਕ ਦਰਸ਼ਨੀ ਯਾਦਗਾਰਾਂ ਬਣ ਰਹੀਆਂ ਹਨ।
ਪੰਜਾਬ ਸਰਕਾਰ ਨੇ ਦਲਿਤ ਭਾਈਚਾਰੇ ਦੇ ਵਿਕਾਸ ਲਈ ਵੱਡੀਆਂ ਯੋਜਨਾਵਾਂ ਲਾਗੂ ਕੀਤੀਆਂ ਹਨ। ਦਲਿਤ ਸਮਾਜ ਦਾ ਜੀਵਨ ਪੱਧਰ ਉੱਚਾ ਚੁੱਕਣ, ਸਿੱਖਿਆ ਦੇ ਪ੍ਰਸਾਰ, ਸਮਾਜਿਕ ਮਾਨ ਸਨਮਾਨ ਵਿੱਚ ਵਾਧੇ ਲਈ ਇਨਕਲਾਬੀ ਸਕੀਮਾਂ ਸ਼ੁਰੂ ਕੀਤੀਆਂ ਹਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply