Tuesday, April 30, 2024

ਸਤੰਬਰ 2014 ਤੱਕ 41767 ਲਾਭਪਾਤਰੀਆਂ ਨੂੰ 9 ਕਰੋੜ 49 ਲੱਖ 23 ਹਜ਼ਾਰ 750 ਰੁਪਏ ਪੈਨਸ਼ਨ ਵੰਡੀ – ਡੀ.ਸੀ

PPN2603201527ਪਠਾਨਕੋਟ, 26 ਮਾਰਚ (ਪੱਤਰ ਪ੍ਰੇਰਕ) – ਜ਼ਿਲ੍ਹਾ ਪਠਾਨਕੋਟ ਅੰਦਰ ਵੱਖ ਵੱਖ ਪੈਨਸ਼ਨ ਅਧੀਨ 41767 ਲਾਭਪਾਤਰੀਆਂ ਨੂੰ ਸਤੰਬਰ, 2014 ਤੱਕ 9 ਕਰੋੜ 49 ਲੱਖ 23 ਹਜ਼ਾਰ 750 ਰੁਪਏ ਦੀ ਰਾਸ਼ੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਪੰਜਾਬ, ਪਠਾਨਕੋਟ ਵੱਲੋਂ ਵੰਡੀ ਜਾ ਚੁੱਕੀ ਹੈ।ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਸਥਾਨਿਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਜ਼ਿਲ੍ਹਾ ਪਬਲਿਕ ਵਰਕਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਅਮਿਤ ਮਹਾਜਨ ਐਸ.ਡੀ.ਐਮ, ਰਾਕੇਸ਼ ਕੁਮਾਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਮਨਮੋਹਨ ਐਕਸੀਅਨ ਲੋਕ ਨਿਰਮਾਣ ਵਿਭਾਗ, ਸੁਖਦੇਵ ਰਾਜ ਬੀ.ਡੀ.ਪੀ.ਓ., ਵਿਸ਼ੇਸ਼ ਕੁਮਾਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ, ਗੁਰਿੰਦਰ ਸਿੰਘ ਰੰਧਾਵਾ ਸੀਨੀਅਰ ਮੱਛੀ ਪਾਲਣ ਅਫ਼ਸਰ, ਮਨਜੀਤ ਸਿੰਘ ਜ਼ਿਲ੍ਹਾ ਭਲਾਈ ਅਫ਼ਸਰ, ਰਜਿੰਦਰ ਸਿੰਘ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਦੀਦਾਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐ), ਰਾਜੇਸ਼ ਗੁਪਤਾ ਚੀਫ ਲੀਡ ਜ਼ਿਲ੍ਹਾ ਮੈਨੇਜਰ, ਗੁਰਸ਼ਰਨ ਸਿੰਘ ਵਣ ਮੰਡਲ ਅਫ਼ਸਰ ਅਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਗਨ ਸਕੀਮ ਤਹਿਤ ਫਰਵਰੀ, 2015 ਮਹੀਨੇ ਤੱਕ 1257 ਲਾਭਪਾਤਰੀਆਂ ਦੀਆਂ ਅਰਜੀਆਂ ਪ੍ਰਾਪਤ ਹੋਈਆਂ ਸਨ ਜਿੰਨ੍ਹਾਂ ਵਿਚੋਂ 764 ਲਾਭਪਾਤਰੀਆਂ ਨੂੰ ਆਨਲਾਈਨ ਅਦਾਇਗੀ ਕਰ ਦਿੱਤੀ ਹੈ ਅਤੇ ਬਾਕੀ ਰਹਿੰਦੇ ਲਾਭਪਾਤਰੀਆਂ ਨੂੰ ਵੀ ਜਲਦੀ ਅਦਾਇਗੀ ਕਰ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਅਤੇ ਪੰਜਾਬ ਮੰਡੀ ਬੋਰਡ ਨੂੰ ਹਦਾਇਤ ਕੀਤੀ ਕਿ ਉਹ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਅਤੇ ਪ੍ਰੀਮਿਕਸ ਪਾਉਣ ਦੇ ਕੰਮ ਨੂੰ 15 ਦਿਨ ਦੇ ਅੰਦਰ ਅੰਦਰ ਮੁਕੰਮਲ ਕਰਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਕਾਸ ਕੰਮਾਂ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਅਤੇ ਫੰਡਾਂ ਦੇ ਵਰਤੋਂ ਸਰਟੀਫਿਕੇਟ ਜਲਦੀ ਤੋਂ ਜਲਦੀ ਦੇਣ। ਮੀਟਿੰਗ ਵਿੱਚ ਨਗਰ ਸੁਧਾਰ ਟਰੱਸਟ ਦੇ ਐਕਸੀਅਨ ਸਤਪਾਲ ਨੇ ਵਿਸ਼ਵਾਸ ਦਿਵਾਇਆ ਕਿ ਪਠਾਨਕੋਟ ਵਿਖੇ ਬਣ ਰਹੇ ਆਡੀਟੋਰੀਅਮ ਦੀ ਉਸਾਰੀ ਦਾ ਕੰਮ ਦੋ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।ਨਗਰ ਨਿਗਮ ਦੇ ਅਧਿਕਾਰੀ ਨੇ ਮੀਟਿੰਗ ਵਿੱਚ ਦੱਸਿਆ ਕਿ ਸ਼ਹਿਰ ਅੰਦਰ 4 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਦੇ 47 ਕੰਮ ਕੀਤੇ ਜਾ ਰਹੇ ਹਨ। ਜਿੰਨ੍ਹਾਂ ਵਿਚੋਂ 33 ਕੰਮ ਮੁਕੰਮਲ ਹੋ ਗਏ ਹਨ ਅਤੇ ਬਾਕੀ ਕੰਮ ਪ੍ਰਗਤੀ ਅਧੀਨ ਹਨ।ਪੰਚਾਇਤੀ ਰਾਜ ਦੇ ਅਧਿਕਾਰੀ ਨੇ ਦੱਸਿਆ ਕਿ ਪਿੰਡ ਕੁਠੇਰ ਵਿਖੇ 20 ਲੱਖ ਰੁਪਏ ਲਾਗਤ ਨਾਲ ਸਪੋਰਟਸ ਸਟੇਡੀਅਮ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ, ਜੋ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਵੱਖ ਵੱਖ ਸਕੂਲਾਂ ਵਿੱਚ 26 ਕਮਰਿਆਂ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।
ਇਸ ਉਪਰੰਤ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਮਾਲ ਅਧਿਕਾਰੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਰਜਿਆਂ ਦੀ ਵਸੂਲੀ ਦੇ ਮਿਥੇ ਟੀਚਿਆਂ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਅਤੇ ਤਕਸੀਮ ਦੇ ਕੇਸਾਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਕਰਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸਰਕਾਰੀ ਜਮੀਨਾਂ ‘ਤੇ ਨਜਾਇਜ ਕਬਜਿਆਂ ਨੂੰ ਹਟਾਉਣ ਲਈ ਯੋਗ ਕਾਰਵਾਈ ਕਰਨ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਅਮਿਤ ਮਹਾਜਨ ਐਸ.ਡੀ.ਐਮ., ਗੁਰਨਾਮ ਸਿੰਘ ਰਾਏਪੁਰੀ ਜ਼ਿਲ੍ਹਾ ਮਾਲ ਅਫ਼ਸਰ, ਯਸ਼ਪਾਲ ਸ਼ਰਮਾ ਤਹਿਸੀਲਦਾਰ ਪਠਾਨਕੋਟ ਤੇ ਜ਼ਿਲ੍ਹੇ ਦੇ ਸਮੂਹ ਮਾਲ ਅਫ਼ਸਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵੀ ਹਾਜ਼ਰ ਸਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply