Friday, July 5, 2024

ਘਰ ਉਪਰੋਂ ਲੰਘਦੀਆਂ ਹਾਈ ਵੋਲਟ ਤਾਰਾਂ ਨੇ ਲਈ ਔਰਤ ਦੀ ਜਾਨ

ਪੀੜਤ ਪਰਿਵਾਰਾਂ ਤੇ ਮਹੱਲਾ ਵਾਸੀਆਂ ਤਰਨ ਰੋਡ ‘ਤੇ ਦਿੱਤਾ ਰੋਸ ਧਰਨਾ

PPN1408201527 PPN1408201528

ਅੰਮ੍ਰਿਤਸਰ, 14 ਅਗਸਤ (ਜਸਬੀਰ ਸਿੰਘ ਸੱਗੂ)  ਸਥਾਨਕ ਭਾਈ ਮੰਝ ਰੋਡ ਸਥਿਤ ਕਲੌਨੀ ਖਾਲਸਾ ਨਗਰ ਵਿਚ ਲੋਕਾਂ ਦੇ ਘਰਾਂ ਦੇ ਉਪਰੋਂ ਦੀ ਲੰਘਦੀਆਂ 11000 ਵੋਲਟੇਜ਼ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਜਾਣ ‘ਤੇ ਲੱਗੇ ਕਰੰਟ ਨਾਲ ਇਕ ਔਰਤ ਸਵਰਨ ਕੌਰ ਦੀ ਮੌਤ ਅੱਧੀ ਦਰਜਨ ਦੇ ਕਰੀਬ ਹੋਰਨਾਂ ਦੇ ਜਖਮੀ ਹੋ ਜਾਣ ਦੀ ਖਬਰ ਹੈ, ਜਿੰਨਾਂ ਵਿਚੋਂ ਇੱਕ ਲੜਕੇ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।ਤਕਰੀਬਨ 43 ਸਾਲਾ ਮ੍ਰਿਤਕ ਔਰਤ ਸਵਰਨ ਕੌਰ ਦੇ ਪਤੀ ਸੰਤੋਖ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਦੇ ਘਰ ਉਪਰੋਂ ਦੀ 11000 ਵੋਲਟ ਦੀਆਂ ਤਾਰਾਂ ਲੰਘਦੀਆਂ ਹਨ ਅਤੇ ਅੱਜ ਉਨਾਂ ਦੇ ਗਵਾਂਢੀ ਕੁਲਵੰਤ ਸਿੰਘ ਦਾ ਪੁੱਤਰ ਗੋਲਡੀ ਜੋ ਛੱਤ ‘ਤੇ ਸੀ, ਕਰੰਟ ਪੈਣ ਕਰਕੇ ਤਾਰਾਂ ਦੀ ਲਪੇਟ ਵਿੱਚ ਆ ਗਿਆ ਤਾਂ ਉਸ ਦੀਆਂ ਚੀਕਾਂ ਸੁਣ ਕੇ ਉਸ ਦੀ ਘਰਵਾਲੀ ਸਵਰਨ ਕੌਰ ਨੇ ਇੱਕ ਸੋਟੀ ਫੜ ਕੇ ਗੋਲਡੀ ਨੂੰ ਤਾਰਾਂ ਵਿਚੋਂ ਛੁਡਾਉਣ ਦੀ ਕੋਸ਼ਿਸ਼ ਕੀਤੀ 11000 ਵੋਲਟ ਦੀਆਂ ਤਾਰਾਂ ਉਸ ਦੀ ਪਤਨੀ ਦੀ ਗਰਦਨ ਤੇ ਲੱਗਣ ਕਾਰਨ ਉਸ ਨੂੰ ਬਹੁਤ ਜਬਰਦਸਤ ਝਟਕਾ ਲੱਗਾ ਤਾਂ ਇਸ ਬਿਜਲੀ ਦੇ ਝਟਕੇ ਨਾਲ ਉਸ ਦੀ ਗਰਦਨ ਸਰੀਰ ਨਾਲੋਂ ਵੱਖ ਹੋੋ ਗਈ ਅਤੇ ਉਸ ਦਾ ਸਰੀਰ ਦੋ ਟੋਟਿਆਂ ਵਿੱਚ ਵੰਡਿਆ ਗਿਆ।ਇਸ ਘਟਨਾ ਤੋਂ ਦੁੱਖੀ ਹੋਏ ਮੁਹੱਲਾ ਵਾਸੀਆਂ ਜਗਜੀਤ ਸਿੰਘ, ਕਸ਼ਮੀਰ ਸਿੰਘ, ਦਿਲਬਾਗ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਪ੍ਰਧਾਨ ਬਗੀਚਾ ਸਿੰਘ, ਬੀਬੀ ਮਨਜੀਤ ਕੌਰ, ਕਸ਼ਮੀਰ ਕੌਰ ਅਤੇ ਹੋਰ ਨਿਵਾਸੀਆਂ ਨੇ ਦੱਸਿਆ ਕਿ ਉਹ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਇਹ ਤਾਰਾਂ ਹਟਾਉਣ ਵਾਸਤੇ ਬਿਜਲੀ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਕਈ ਵਾਰੀ ਬੇਨਤੀ ਪੱਤਰ ਦੇ ਚੁੱਕੇ ਹਨ, ਪਰ ਉਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ਅਤੇ ਉਹ ਆਪਣਾ ਜੀਵਨ ਹਰ ਵੇਲੇ ਖਤਰੇ ਵਿੱਚ ਪਾ ਕੇ ਦਿਨ ਰਾਤ ਗੁਜ਼ਾਰ ਰਹੇ ਹਨ।
ਔਰਤ ਦੀ ਦਰਦਨਾਕ ਮੌਤ ਤੋਂ ਗੁੱਸੇ ਵਿੱਚ ਆਏ ਮੁਹੱਲਾ ਵਾਸੀਆਂ ਨੇ ਲਾਸ਼ ਨੂੰ ਤਰਨ ਤਾਰਨ ਰੋਡ ‘ਤੇ ਸਥਿਤ ਫਾਟਕ ਨੇੜੇੇ ਲਾਸ਼ ਸੜਕ ‘ਤੇ ਰੱਖ ਕੇ ਆਵਾਜਾਈ ਠੱਪ ਕਰ ਦਿੱੱਤੀ ਅਤੇ ਆਵਾਜਾਈ ਰੋਕ ਕੇ ਬਿਜਲੀ ਬੋਰਡ ਦੇ ਅਧਿਕਾਰੀਆਂ ਅਤੇ ਜਿਲਾ ਪ੍ਰਸ਼ਾਸ਼ਨ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ।
ਇਸ ਮੌਕੇ ਏ.ਸੀ.ਪੀ ਜਸਵੰਤ ਕੌਰ, ਥਾਣਾ ਸੁਲਤਾਨਵਿੰਡ ਮੁਖੀ ਪ੍ਰਵੇਸ਼ ਚੌਪੜਾ, ਥਾਣਾ ਗੇਟ ਹਕੀਮਾਂ ਦੇ ਮੁਖੀ ਅਮਰੀਕ ਸਿੰਘ, ਥਾਣਾ ਡੀ ਡਵੀਜਨ ਦੇ ਇੰਚਾਰਜ ਅਸ਼ੋਕ ਕੁਮਾਰ, ਬੀ ਡਵੀਜਨ ਥਾਣਾ ਮੁਖੀ ਗੁਰਬਿੰਦਰ ਸਿੰਘ ਤੇ ਇਸਲਾਮਾਬਾਦ ਦੇ ਥਾਣਾ ਇੰਚਾਰਜ ਸੰਜੀਵ ਕੁਮਾਰ ਭਾਰੀ ਪੁਲਿਸ ਫੋਰਸ ਸਮੇਤ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ।ਜਦਕਿ ਬਿਜਲੀ ਬੋਰਡ ਦੇ ਐਸ.ਡੀ.ਓ ਹਰਭਜਨ ਸਿੰਘ ਨੇ ਕਿਹਾ ਕਿ ਉਨਾਂ ਨੂੂੰੰ ਅਜੇ ਅਹੁੱਦਾ ਸੰਭਾਲੇ ਨੂੰ ਕੁੱਝ ਚਿਰ ਹੀ ਹੋਇਆ ਹੈ ਅਤੇ ਉਹਨਾਂ ਨੇ ਇਸ ਸਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ।ਉਨਾਂ ਕਿਹਾ ਕਿ ਉਨਾਂ ਦੀ ਕੋਸ਼ਿਸ਼ ਹੋਵੇਗੀ ਕਿ ਇਸ ਗਰੀਬ ਪਰਿਵਾਰ ਨੂੰ ਮੁਆਵਜ਼ਾ ਦਿਵਾ ਕੇ ਇਨਸਾਫ ਦਿਵਾਇਆ ਜਾਵੇ।
ਹਲਕਾ ਦੱਖਣੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਵੀ ਧਰਨੇ ਵਿੱਚ ਬੈਠੇ ਪੀੜਤ ਪਰਿਵਾਰਾਂ ਨਾਲ ਨਾਲ ਦੁੱਖ ਸਾਂਝਾ ਕੀਤਾ, ਜੋ ਸਰਕਾਰੀ ਸਹਾਇਤਾ ਤੇ ਪਰਿਵਾਰ ਦੇ ਮੈਂਬਰਾਂ ਲਈ ਨੌਕਰੀ ਦੀ ਮੰਗ ਕਰ ਰਹੇ ਹਨ।ਉਨਾਂ ਭਰੋਸਾ ਦਿਤਾ ਕਿ ਉਹ ਇਸ ਗਰੀਬ ਪਰਿਵਾਰ ਦੀ ਹਰ ਪੱਖੋਂ ਮਦਦ ਕਰਨਗੇ।ਸ੍ਰ. ਬੁਲਾਰੀਆ ਨੇ ਹੋਰ ਕਿਹਾ ਕਿ ਉਹ ਸਰਕਾਰ ਨੂੰ ਵੀ ਅਪੀਲ ਕਰਨਗੇ ਕਿ ਪੂਰੇ ਪੰਜਾਬ ਵਿੱਚ ਜਿਹੜੀਆਂ ਵੀ ਕਲੌਨੀਆਂ ਦੇ ਘਰਾਂ ਵਿਚੋਂ ਅਜਿਹੀਆਂ ਹਾਈ ਵੋਲਟੇਜ਼ ਦੀਆਂ ਤਾਰਾਂ ਲੰਘਦੀਆਂ ਹਨ, ਉਹ ਸਰਕਾਰ ਜਾਂ ਬਿਜਲੀ ਵਿਭਾਗ ਆਪਣੇ ਖਰਚੇ ‘ਤੇ ਲੁਹਾ ਦੇਣ ਤਾਂ ਜੋ ਲੋਕਾਂ ਦੀਆਂ ਅਜਾਈ ਜਾਂਦੀਆਂ ਜਿੰਦਗੀਆਂ ਬਚਾਈਆਂ ਜਾ ਸਕਣ।
ਸੂਚਨਾ ਹੈ ਕਿ ਇਸ ਧਰਨੇ ਵਿੱਚ ਐਸ.ਸੀ ਐਸ.ਟੀ ਕਮਿਸ਼ਨ ਦੇ ਉਪ ਚੇਅਰਮੈਨ ਤੇ ਹਲਕਾ ਪੱਛਮੀ ਅੰਮ੍ਰਿਤਸਰ ਤੋਂ ਵਿਧਾਇਕ ਡਾ. ਰਾਜ ਕੁਮਾਰ ਵੀ ਧਰਨੇ ਵਿੱਚ ਪੁਜੇ ਹਨ ਅਤੇ ਖਬਰ ਲਿਖੇ ਜਾਣ ਤੱਕ ਧਰਨਾ ਪ੍ਰਦਰਸ਼ਨ ਜਾਰੀ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply